ਸ਼ੇਰਗਿੱਲ ਨੂੰ ਮਜੀਠਾ ਭੇਜਣ ਲਈ 14 ਦਸੰਬਰ ਨੂੰ ਹੋਵੇਗਾ ਅੰਤਿਮ ਫੈਸਲਾ, ਮੁਹਾਲੀ ਵਿੱਚ ਨਵੇਂ ਸਿਆਸੀ ਸਮੀਕਰਨ ਬਦਲੇ

ਮੁਹਾਲੀ ਵਿੱਚ ਭਾਈ ਹਰਦੀਪ ਸਿੰਘ, ਜ਼ੋਨਲ ਇੰਚਾਰਜ ਦਰਸ਼ਨ ਸਿੰਘ ਧਾਲੀਵਾਲ ਤੇ ਜਰਨੈਲ ਸਿੰਘ ਨੂੰ ਚੋਣ ਲੜਾਉਣ ਦੀ ਚਰਚਾ

ਅਮਨਦੀਪ ਸਿੰਘ ਸੋਢੀ
ਮੁਹਾਲੀ, 13 ਦਸੰਬਰ
ਆਮ ਆਦਮੀ ਪਾਰਟੀ (ਆਪ) ਵੱਲੋਂ ਮੁਹਾਲੀ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮੁਕਾਬਲੇ ਮਜੀਠਾ ਤੋਂ ਚੋਣ ਲੜਾਉਣ ਦੀ ਚਰਚਾ ਛਿੜਨ ਕਾਰਨ ਮੁਹਾਲੀ ਵਿੱਚ ਨਵੇਂ ਸਿਆਸੀ ਸਮੀਕਰਨ ਪੈਦਾ ਹੋ ਗਏ ਹਨ। ਉਂਜ ਵੀ ਹਾਈ ਕਮਾਂਡ ਦੇ ਇਸ ਫੈਸਲੇ ਤੋਂ ਜ਼ਿਆਦਾਤਰ ਪੁਰਾਣੇ ਵਾਲੰਟੀਅਰ ਨਾਖੁਸ਼ ਸਨ ਅਤੇ ਕਈ ਸਰਗਰਮ ਵਾਲੰਟੀਅਰ ਆਪ ਨੂੰ ਅਲਵਿਦਾ ਆਖ ਚੁੱਕੇ ਹਨ। ਹਾਲਾਂਕਿ ਸ੍ਰੀ ਸ਼ੇਰਗਿੱਲ ਨੇ ਟਿਕਟ ਮਿਲਣ ਤੋਂ ਬਾਅਦ ਸ਼ੁਰੂਆਤੀ ਦਿਨਾਂ ਕਾਫੀ ਭੱਜ ਨੱਠ ਕੀਤੀ ਹੈ ਪ੍ਰੰਤੂ ਗੱਲ ਬਣਦੀ ਨਾ ਦਿਖਣ ਕਾਰਨ ਪਾਰਟੀ ਨੂੰ ਉਨ੍ਹਾਂ ਦਾ ਹਲਕਾ ਬਦਲਣ ਲਈ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਹਾਲਾਂਕਿ ਇਸ ਸਬੰਧੀ ਪਾਰਟੀ ਨੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ ਪ੍ਰੰਤੂ ਆਪ ਦੇ ਵਾਲੰਟੀਅਰਾਂ ਨੇ ਟਿਕਟ ਹਾਸਲ ਕਰਨ ਲਈ ਅੰਦਰਖਾਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਬੀਤੇ ਦਿਨੀਂ ਮੀਡੀਆ ਵਿੱਚ ਸ਼ੇਰਗਿੱਲ ਨੂੰ ਮਜੀਠਾ ਭੇਜਣ ਬਾਰੇ ਅਖ਼ਬਾਰ ਪ੍ਰਕਾਸ਼ਿਤ ਤੋਂ ਬਾਅਦ ਆਪਣੇ ਘਰਾਂ ਵਿੱਚ ਚੁੱਪ ਧਾਰ ਕੇ ਬੈਠੇ ਆਪ ਵਾਲੰਟੀਅਰਾਂ ਨੇ ਸੀਨੀਅਰ ਆਗੂਆਂ ਅਤੇ ਆਪਸ ਵਿੱਚ ਇੱਕ ਦੂਜੇ ਨਾਲ ਤਾਲਮੇਲ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਉਧਰ, ਆਪ ਦੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਕਨਵੀਨਰ ਤੇ ਸੀਨੀਅਰ ਵਕੀਲ ਦਰਸ਼ਨ ਸਿੰਘ ਧਾਲੀਵਾਲ ਅਤੇ ਦਿੱਲੀ ਤੋਂ ਆਪ ਦੇ ਵਿਧਾਇਕ ਜਰਨੈਲ ਸਿੰਘ ਨੂੰ ਮੁਹਾਲੀ ਤੋਂ ਚੋਣ ਲੜਾਉਣ ਲਈ ਗੱਲ ਕੀਤੀ ਜਾ ਰਹੀ ਹੈ।
ਆਪ ਦੇ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਮੁਹਾਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ ਨੂੰ ਵੀ ਚੋਣ ਲੜਾਈ ਜਾ ਸਕਦੀ ਹੈ। ਹਰਦੀਪ ਸਿੰਘ ਨੇ ਪੰਥਕ ਮੁੱਦਿਆਂ ’ਤੇ ਸ਼ੁਰੂ ਤੋਂ ਅਕਾਲੀ ਦਲ ਅਤੇ ਐਸਜੀਪੀਸੀ ਦੇ ਖ਼ਿਲਾਫ਼ ਝੰਡਾ ਚੁੱਕਿਆਂ ਜਾਂਦਾ ਰਿਹਾ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਉਹ ਆਪ ਸੁਪਰੀਮੋ ਅਰਵਿੰਦਰ ਕੇਜਰੀਵਾਲ ਤੇ ਹੋਰ ਸੀਨੀਅਰ ਲੀਡਰਸ਼ਿਪ ਦੇ ਸੰਪਰਕ ਵਿੱਚ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਦਾ ਸਾਲਾ ਅਤੇ ਹੋਰ ਕਈ ਕੌਮੀ ਆਗੂ ਕਈ ਦਫਾ ਹਰਦੀਪ ਸਿੰਘ ਦੇ ਘਰ ਆ ਕੇ ਮੀਟਿੰਗਾਂ ਕਰ ਚੁੱਕੇ ਹਨ ਲੇਕਿਨ ਹੁਣ ਪਿਛੇ ਜਿਹੇ ਭਾਈ ਹਰਦੀਪ ਸਿੰਘ ਨੇ ਪੰਥਕ ਹਿੱਤਾਂ ਦਾ ਹੋਕਾ ਦਿੰਦਿਆਂ ਸਿੰਘ ਸਭਾ ਪੰਜਾਬ ਦਾ ਗਠਨ ਕਰਕੇ ਧਾਰਮਿਕ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਹਾਲ ਹੀ ਵਿੱਚ ਆਪ ਦੀ ਕੌਮੀ ਲੀਡਰਸ਼ਿਪ ਨੇ ਭਾਈ ਹਰਦੀਪ ਸਿੰਘ ਨੂੰ ਕੋਈ ਵੀ ਸਖ਼ਤ ਫੈਸਲਾ ਲੈਣ ਤੋਂ ਪਹਿਲਾਂ ਵਿਚਾਰ ਕਰਨ ਲਈ ਆਖਿਆ ਹੈ। ਇਸ ਤੋਂ ਇਹ ਜਾਪਦਾ ਹੈ ਕਿ ਆਪ ਹਰਦੀਪ ਸਿੰਘ ਨੂੰ ਚੋਣ ਲੜਾਉਣ ਦੇ ਮੂੜ ਵਿੱਚ ਹੈ। ਇਸ ਤੋਂ ਪਹਿਲਾਂ ਵੀ ਹਰਦੀਪ ਸਿੰਘ ਦੇ ਆਪ ਦੀ ਟਿਕਟ ’ਤੇ ਮੁਹਾਲੀ ਤੋਂ ਚੋਣ ਲੜਨ ਦੀਆਂ ਕਿਆਸ ਅਰਾਈਆਂ ਚਰਚਾਂ ਵਿੱਚ ਰਹੀਆਂ ਹਨ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਹਿੰਮਤ ਸਿੰਘ ਸ਼ੇਰਗਿੱਲ ਦਾ ਕਹਿਣਾ ਹੈ ਕਿ ਫਿਲਹਾਲ ਹਲਕਾ ਬਦਲਣ ਵਰਗੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦੀਆਂ ਮਜੀਠਾ ਵਿੱਚ ਸਰਗਰਮੀਆਂ ਬਾਰੇ ਉਨ੍ਹਾਂ ਨੇ ਕਿਹਾ ਕਿ ਆਪ ਵੱਲੋਂ ਮਜੀਠਾ ਵਿੱਚ ਸਿਆਸੀ ਰੈਲੀ ਕੀਤੀ ਜਾ ਰਹੀ ਹੈ। ਪਾਰਟੀ ਨੇ ਰੈਲੀ ਦੀਆਂ ਤਿਆਰੀਆਂ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਨ ਲਈ ਉਨ੍ਹਾਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਹਲਕੇ ਦੀ ਅਦਲਾ ਬਦਲੀ ਬਾਰੇ ਕੋਈ ਵੀ ਫੈਸਲਾ 14 ਦਸੰਬਰ ਨੂੰ ਰੈਲੀ ਤੋਂ ਬਾਅਦ ਲਿਆ ਜਾਵੇਗਾ। ਉਂਜ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪਾਰਟੀ ਚਾਹੇਗੀ ਕਿ ਉਹ (ਸ਼ੇਰਗਿੱਲ) ਮਜੀਠਾ ਤੋਂ ਚੋਣ ਲੜਨ ਤਾਂ ਉਹ ਹਾਈ ਕਮਾਂਡ ਦਾ ਫੈਸਲਾ ਮੰਨਣ ਦੇ ਪਾਬੰਦ ਹੋਣਗੇ। ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਪਾਰਟੀ ਮਜੀਠਾ ਵਿੱਚ ਕਿਸੇ ਸੀਨੀਅਰ ਆਗੂ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹੈ। ਮਜੀਠੀਆ ਨੂੰ ਟੱਕਰ ਦੇਣ ਲਈ ਉਨ੍ਹਾਂ ਨੂੰ ਵੀ ਉਮੀਦਵਾਰ ਬਣਾਇਆ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…