
ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਭੁਪਿੰਦਰ ਭਾਗੋਮਾਜਰਾ ਦੀ ਕਿਤਾਬ ’ਤੇ ਚਰਚਾ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਨਵੰਬਰ:
ਪੰਜਾਬੀ ਲਿਖਾਰੀ ਸਭਾ ਕੁਰਾਲੀ (ਰਜਿ.) ਵੱਲੋਂ ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਲੇਖਣੀ ਤੇ ਇਕ ਵਿਸ਼ੇਸ਼ ਸਮਾਗਮ ਦਲੇਰ ਸਿੰਘ ਪੀਵਾ,ਬਲਦੇਵ ਸਿੰਘ ਕੋਰੇ, ਕਰਮ ਸਿੰਘ ਵਕੀਲ ਦੀ ਪ੍ਰਧਾਨਗੀ ਵਿੱਚ ਕਰਵਾਇਆ ਗਿਆ । ਇਸ ਸਮਾਗਮ ਦੀ ਸ਼ੁਰੂਆਤ ਲਿਖਾਰੀ ਸਭਾ ਦੇ ਪ੍ਰਧਾਨ ਕੁਲਵੰਤ ਮਾਵੀ ਨੇ ਸਭਾ ਵਿੱਚ ਆਏ ਸਾਰੇ ਕਵੀਆਂ ਨੂੰ ਜੀ ਆਇਆਂ ਨੂੰ ਕਹਿ ਕੇ ਕੀਤੀ ਉਸ ਤੋਂ ਬਾਅਦ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਭਾਗੋਮਾਜਰਾ ਵੱਲੋਂ ਲਿਖੀ ਕਿਤਾਬ “ਗੀਤਾਂ ਦੀ ਖੁਸ਼ਬੋ” ’ਤੇ ਵਿਸ਼ੇਸ਼ ਚਰਚਾ ਸ਼ੁਰੂ ਹੋਈ। ਚਰਚਾ ਵਿੱਚ ਭਾਗ ਲੈ ਰਹੇ ਡਾ. ਬਲਜੀਤ ਸਿੰਘ ਨੇ ਕਿਤਾਬ ਵਿੱਚ ਲਿਖੀਆਂ ਵੱਖ ਵੱਖ ਵੰਨਗੀਆਂ ਨੂੰ ਛੂਹਿਆ ਤੇ ਇਸੇ ਤਰਾਂ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਆਪਣੇ ਵਿਚਾਰਾਂ ਵਿੱਚ ਪੁਸਤਕ ਵਿੱਚ ਲਿਖੀਆਂ ਕਈ ਵੰਨਗੀਆਂ ਪੇਸ਼ ਕੀਤੀਆਂ।
ਕਿਤਾਬ ਦੀ ਚਰਚਾ ਦੇ ਆਖਿਰ ਵਿੱਚ ਪ੍ਰਿੰਸੀਪਲ ਦਲੇਰ ਸਿੰਘ ਪੀਵਾ ਨੇ ਪੁਸਤਕ ਵਿਚਲੇ ਵਿਆਕਰਣ ਬਾਰੇ ਟਿੱਕਾ ਟਿੱਪਣੀ ਕੀਤੀ। ਕਿਤਾਬ ਦੀ ਚਰਚਾ ਤੋਂ ਬਾਅਦ ਕਵੀ ਦਰਬਾਰ ਦੀ ਸੁਰੂਆਤ ਸੁਰਿੰਦਰ ਸ਼ੌਂਕੀ ਸਹੇੜੀ ਨੇ ਸ਼ਹੀਦ ਭਗਤ ਸਿੰਘ ਜੀ ਤੇ ਇਕ ਗੀਤ ਗਾਕੇ ਕੀਤੀ । ਉਸ ਤੋਂ ਬਾਅਦ ਮੋਹਨ ਸਿੰਘ ਪਪਰਾਲਾ ਨੇ ਲੋਕ ਤਥ, ਗੁਰਨਾਮ ਸਿੰਘ ਨੇ ਫਿਲਮ ਪਦਮਾਵਤੀ ਬਾਰੇ, ਬਲਦੇਵ ਸਿੰਘ ਕੋਰੇ ਨੇ ਹਿਮਤ ਨਾ ਹਾਰੀ, ਕਰਮ ਸਿੰਘ ਵਕੀਲ ਨੇ ਗਜ਼ਲ ਬਾਰੇ, ਕੁਲਵਿੰਦਰ ਖੈਰਾਬਾਦ ਨੇ ਧੀ ਤੂੰ ਏ ਪੰਜਾਬੀ, ਸੰਜੀਵ ਕੁਰਾਲੀ ਨੇ ਤੱਤੀ ਤਵੀ ਤੇ ਬੈਠ ਕੇ, ਸੁਰਜੀਤ ਨੇ ਗਜ਼ਲ, ਹਰਜੀਤ ਕੁਰਾਲੀ ਨੇ ਗੀਤ, ਚੰਚਲ ਸਿੰਘ ਤਰੰਗ ਨੇ ਗੀਤ, ਕੁਲਵੰਤ ਕੌਰ ਨੇ ਬੇਟੀ ਤਾਂਈ ਪੜਨ ਸਕੂਲੇ ਪਾਈ, ਕ੍ਰਿਸ਼ਨ ਰਾਹੀਂ ਨੇ ਵਿਗਿਆਨਿਕ ਸੋਚ ਤੋਂ ਇਲਾਵਾ ਹੋਰ ਕਈ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਇਸ ਸਮੇਲਨ ਵਿੱਚ ਸਟੇਜ ਸੰਚਾਲਕ ਦੀ ਭੂਮਿਕਾ ਹਰਦੀਪ ਗਿੱਲ ਵੱਲੋਂ ਬਖੂਬੀ ਨਿਵਾਈ ਗਈ । ਆਖਿਰ ਵਿੱਚ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਭਾਗੋਮਾਜਰਾ ਨੇ ਸਭਾ ਵਿੱਚ ਆਏ ਕਵੀਆਂ ਦਾ ਧੰਨਵਾਦ ਕੀਤਾ।