ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਮੁਹਾਲੀ ਦੀ ਮੀਟਿੰਗ ਵਿੱਚ ਲੋਕ ਮਸਲਿਆਂ ’ਤੇ ਚਰਚਾ

ਮੁਹਾਲੀ ਵਿੱਚ ਸਿਟੀ ਬੱਸ ਸਰਵਿਸ ਸ਼ੁਰੂ ਕਰਨ ਤੇ ਫੜੀ ਵਾਲਿਆਂ ਨੂੰ ਥਾਂ ਅਲਾਟ ਕਰਨ ਦੀ ਮੰਗ ਉੱਠੀ

ਨਬਜ਼-ਏ-ਪੰਜਾਬ, ਮੁਹਾਲੀ, 15 ਸਤੰਬਰ:
ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਐਸਏਐਸ ਨਗਰ (ਮੁਹਾਲੀ) ਦੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਇੰਜੀਨੀਅਰ ਪੀਐੱਸ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਫੈਡਰੇਸ਼ਨ ਦੇ ਜਨਰਲ ਸਕੱਤਰ ਅਸ਼ੋਕ ਪਵਾਰ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੀ ਸਖ਼ਤ ਨਿਖੇਧੀ ਕਰਦਿਆਂ ਇਹ ਲੋਕਮਾਰੂ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਸ਼ਹਿਰ ਵਿੱਚ ਸਿਟੀ ਬੱਸ ਸਰਵਿਸ ਸ਼ੁਰੂ ਕਰਨ, ਫੜੀ ਵਾਲਿਆਂ ਲਈ ਗਮਾਡਾ ਵੱਲੋਂ ਵੱਖ-ਵੱਖ ਫੇਜ਼ਾਂ/ਸੈਕਟਰਾਂ ਵਿੱਚ ਨਗਰ ਨਿਗਮ ਨੂੰ ਦਿੱਤੀਆਂ ਗਈਆਂ ਥਾਵਾਂ ਫੜੀ ਵਾਲਿਆਂ ਨੂੰ ਅਲਾਟ ਕਰਨ ਅਤੇ ਮਾਰਕੀਟਾਂ ਵਿੱਚ ਫੁੱਟਪਾਥਾਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ, ਟਰੈਫ਼ਿਕ ਸਮੱਸਿਆ ਦਾ ਹੱਲ, ਤੇਜ਼ ਰਫ਼ਤਾਰ ਨਾਲ ਗੱਡੀਆਂ ਚਲਾਉਣ ਵਾਲੇ ਚਾਲਕਾਂ ਅਤੇ ਮੋਟਰ ਸਾਈਕਲਾਂ ਦੇ ਸਾਇਲੈਂਸਰ ਨਾਲ ਪਟਾਕੇ ਮਾਰਨ ਵਾਲੇ ਨੌਜਵਾਨਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।
ਮੀਟਿੰਗ ਵਿੱਚ ਜੈ ਸਿੰਘ ਸੈਂਹਬੀ, ਐਮਐਲ ਪੱਗਹੋਤਰਾ, ਜਗਤਾਰ ਸਿੰਘ ਬਬਰਾ, ਪ੍ਰਵੀਨ ਕਪੂਰ, ਐੱਸਐੱਸ ਗਰੇਵਾਲ, ਰਾਜ ਮੱਲ, ਲਛਮਣ ਸਿੰਘ, ਐਨਐਸ ਛਾਬੜਾ ਅਤੇ ਸੁਰਜੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਬਾਬਾ ਬੰਦਾ ਸਿੰਘ ਬਹਾਦਰ ਏਸੀ ਬੱਸ ਅੱਡਾ ਸ਼ੁਰੂ ਕਰਨ ਅਤੇ ਫੂਡ ਸੇਫਟੀ ਕਮੇਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਤੁਰੰਤ ਕਰਵਾਉਣ ਦੀ ਮੰਗ ਕੀਤੀ। ਮੈਂਬਰਾਂ ਨੇ ਕਿਹਾ ਕਿ ਗੈਸ ਏਜੰਸੀਆਂ ਦੇ ਕਰਿੰਦੇ ਸਿਲੰਡਰਾਂ ’ਚੋਂ ਗੈਸ ਕੱਢ ਕੇ ਘੱਟ ਵਜ਼ਨ ਦੇ ਸਿਲੰਡਰ ਸਪਲਾਈ ਕਰ ਰਹੇ ਹਨ, ਇਸ ਸਬੰਧੀ ਏਜੰਸੀ ਮਾਲਕਾਂ ਅਤੇ ਅਧਿਕਾਰੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ। ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦੀ ਵਿਗੜਦੀ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਸ਼ਹਿਰ ਵਿੱਚ ਵੱਧ ਰਹੀਆਂ ਲੁੱਟ-ਖਸੁੱਟ, ਚੈਨ ਸਨੈਚਿੰਗ ਅਤੇ ਲੜਾਈ-ਝਗੜੇ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਉਚਿੱਤ ਕਾਰਵਾਈ ਕੀਤੀ ਜਾਵੇ। ਮੈਂਬਰਾਂ ਨੇ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਵੀ ਮਾੜੀ ਹਾਲਤ ਵਿੱਚ ਹੈ। ਵੱਖ-ਵੱਖ ਖੇਤਰਾਂ ਵਿੱਚ ਕੂੜਾ ਸੁੱਟਣ ਲਈ ਬਣਾਏ ਗਏ ਡਿਸਪੋਜ਼ਲ ਵਾਲੀ ਥਾਵਾਂ ਤੋਂ ਸਮੇਂ ਸਿਰ ਕੂੜਾ ਨਾ ਚੁੱਕੇ ਜਾਣ ਕਾਰਨ ਕੂੜੇਦਾਨਾਂ ਦੇ ਬਾਹਰ ਦੂਰ ਤੱਕ ਗੰਦਗੀ ਫੈਲ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਸਾਉਣੀ ਸੀਜ਼ਨ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਅਗੇਤੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸਾਉਣੀ ਸੀਜ਼ਨ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਅਗੇਤੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਪੰਜਾਬ ਦੀਆਂ…