
ਪੰਜਾਬ ਕੈਬਨਿਟ ਵਿੱਚ ਫੇਰਬਦਲ ਦੇ ਚਰਚੇ, ਦੇਖੋ ਮੁੱਖ ਮੰਤਰੀ ਕਿੱਥੇ ਬੈਠ ਕੇ ਕਰ ਰਹੇ ਨੇ ਵਿਧਾਇਕਾਂ ਨਾਲ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ:
ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਜਿੱਥੇ ਕਾਂਗਰਸੀ ਵਰਕਰਾਂ ਵਿੱਚ ਬੇਹੱਦ ਖੁਸ਼ੀ ਦਾ ਮਾਹੌਲ ਹੈ, ਉੱਥੇ ਦੂਜੇ ਪਾਸੇ ਪੰਜਾਬ ਕੈਬਨਿਟ ਵਿੱਚ ਜਲਦੀ ਫੇਰਬਦਲ ਹੋਣ ਦੀ ਚਰਚਾ ਛਿੜ ਗਈ ਹੈ। ਅੱਜ ਮੁਹਾਲੀ ਨੇੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ’ਤੇ ਕਈ ਵਿਧਾਇਕ ਪਹੁੰਚੇ ਹੋਏ ਹਨ। ਪਹਿਲਾਂ ਸਵੇਰੇ ਕਰੀਬ ਸਾਢੇ 11 ਵਜੇ ਮੀਟਿੰਗ ਹੋਈ ਅਤੇ ਹੁਣ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੁਬਾਰਾ ਮੀਟਿੰਗ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਪੰਜਾਬ ਕੈਬਨਿਟ ਵਿੱਚ ਜਲਦੀ ਫੇਰਬਦਲ ਕਰਨਾ ਚਾਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਮੌਜੂਦਾ ਕੈਬਨਿਟ ਮੰਤਰੀਆਂ ਦੀਆਂ ਛੁੱਟੀ ਹੋ ਸਕਦੀ ਹੈ ਅਤੇ ਕਈ ਵਿਧਾਇਕਾਂ ਨੂੰ ਝੰਡੀ ਵਾਲੀ ਕਾਰ ਮਿਲ ਸਕਦੀ ਹੈ। ਜਿਨ੍ਹਾਂ ਮੰਤਰੀਆਂ ਦੀ ਛੁੱਟੀ ਹੋਣ ਦੇ ਚਰਚੇ ਹਨ। ਉਨ੍ਹਾਂ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਦੇ ਨਾਂ ਪ੍ਰਮੁੱਖ ਤੌਰ ’ਤੇ ਲਏ ਜਾ ਰਹੇ ਹਨ ਕਿਉਂਕਿ ਦੋਵੇਂ ਮੰਤਰੀ ਕਾਫ਼ੀ ਦਿਨਾਂ ਤੋਂ ਮੁੱਖ ਮੰਤਰੀ ਨਾਲ ਸਖ਼ਤ ਨਾਰਾਜ਼ ਚੱਲ ਰਹੇ ਹਨ ਅਤੇ ਬੜੀ ਬੇਬਾਕੀ ਨਾਲ ਆਪਣੀ ਗੱਲ ਪਾਰਟੀ ਪਲੇਟ ਫਾਰਮ ਅਤੇ ਮੀਡੀਆ ਵਿੱਚ ਰੱਖਦੇ ਆ ਰਹੇ ਹਨ ਅਤੇ ਅੱਜ ਵੀ ਇਨ੍ਹਾਂ ਦੋਵੇਂ ਮੰਤਰੀਆਂ ਨੇ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ’ਤੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਾਈ ਕਮਾਂਡ ਕਿਸੇ ਦੇ ਕਹਿਣ ’ਤੇ ਕੋਈ ਕੰਮ ਨਹੀਂ ਕਰਦੀ ਹੈ ਬਲਕਿ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਫੈਸਲਾ ਲੈਂਦੀ ਹੈ। ਸਿੱਧੂ ਨੂੰ ਪ੍ਰਧਾਨ ਬਣਾ ਕੇ ਪਾਰਟੀ ਨੇ ਬਹੁਤ ਵਧੀਆ ਫੈਸਲਾ ਲਿਆ ਅਤੇ ਮੁੱਖ ਵਿਰੋਧੀ ਪਾਰਟੀਆਂ ਅਕਾਲੀ ਦਲ ਅਤੇ ਆਪ ਵਾਲਿਆਂ ਨੂੰ ਕੰਬਣੀ ਛਿੜ ਗਈ ਹੈ।
ਉਧਰ, ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਈ ਕਮਾਂਡ ਦੇ ਇਸ ਫੈਸਲੇ ਤੋਂ ਸਖ਼ਤ ਨਾਰਾਜ਼ ਦਿਖਾਈ ਦੇ ਰਹੇ ਹਨ, ਜਦੋਂਕਿ ਮੁੱਖ ਮੰਤਰੀ ਤੋਂ ਨਾਰਾਜ਼ ਵਿਧਾਇਕ ਅਤੇ ਪਿਛਲੇ ਸਮੇਂ ਦੌਰਾਨ ਅਣਦੇਖੀ ਦਾ ਸ਼ਿਕਾਰ ਹੋਏ ਕਾਂਗਰਸੀ ਵਿਧਾਇਕ ਅਤੇ ਪਾਰਟੀ ਵਰਕਰ ਬਾਗੋਬਾਗ ਨਜ਼ਰ ਆ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਹਾਈ ਕਮਾਂਡ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਕਾਰ ਪੈਦਾ ਹੋਈ ਨਫ਼ਰਤ ਦੀ ਕੰਧ ਨੂੰ ਤੋੜ ਕੇ ਸੁਲ੍ਹਾ ਕਰਵਾਉਂਦੀ ਹੈ ਜਾਂ ਆਉਣ ਵਾਲੇ ਦਿਨਾਂ ਵਿੱਚ ਕੁੱਝ ਹੋਰ ਨਵਾਂ ਦੇਖਣ ਨੂੰ ਮਿਲੇਗਾ। ਇਸ ਸਬੰਧੀ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ।