nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਵਿੱਚ ਉਚੇਰੀ ਸਿੱਖਿਆ ਦੀਆਂ ਸੰਭਾਵਨਾਵਾਂ ਵਿਸ਼ੇ ’ਤੇ ਵਿਚਾਰ ਗੋਸ਼ਟੀ

ਬ੍ਰਟਿਸ਼ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਆਇਰੇ ਨੇ ਕੀਤੀ ਸ਼ਿਰਕਤ,

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਗਸਤ:
ਕੌਮਾਂਤਰੀ ਪੱਧਰ ਦੀ ਮਿਆਰੀ ਉਚੇਰੀ ਸਿੱਖਿਆ ਲਈ ਸਟੱਡੀ ਵੀਜ਼ੇ ’ਤੇ ਯੂ.ਕੇ. ਜਾਣ ਵਾਲੇ ਭਾਰਤੀ ਵਿਦਿਆਰਥੀਆਂ ਵਿੱਚ ਪਿਛਲੇ ਵਰ੍ਹਿਆਂ ਦੇ ਮੁਕਾਬਲੇ ਮਾਰਚ 2017 ਤੱਕ 6 ਫੀਸਦੀ ਦਾ ਭਾਰੀ ਇਜ਼ਾਫ਼ਾ ਦਰਜ ਕੀਤਾ ਗਿਆ ਹੈ। ਯੂ.ਕੇ. ਸਰਕਾਰ ਵੱਲੋਂ ਵੀ ਭਾਰਤੀ ਵਿਦਿਆਰਥੀਆਂ ਦੀ ਕਾਬਲੀਅਤ ਅਤੇ ਹੁਨਰ ਨੂੰ ਵਿਸ਼ੇਸ਼ ਅਹਿਮੀਅਤ ਦਿੰਦੇ ਹੋਏ ਇੰਟਰਨੈਸ਼ਨਲ ਐਵਾਰਡ ਸਕੀਮ ਤਹਿਤ ਆਕਰਸ਼ਕ ਵਜ਼ੀਫ਼ਾ ਯੋਜਨਾਵਾਂ ਪੇਸ਼ ਕੀਤੀਆਂ ਗਈਆਂ ਹਨ। ਬ੍ਰਿਟਿਸ਼ ਸਰਕਾਰ ਦੁਆਰਾ ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ ਵਿੱਚ ਪੜ੍ਹਨ ਦੇ ਅਵਸਰ ਮੁਹੱਈਆ ਕਰਵਾਉਣ ਲਈ 2.6 ਮਿਲੀਅਨ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਤਹਿਤ ਲਗਭਗ 120 ਭਾਰਤੀ ਵਿਦਿਆਰਥੀ ਇਸ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਇਹ ਵਿਚਾਰ ਚੰਡੀਗੜ੍ਹ ਦੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਸ੍ਰੀ ਐਂਡਰਿਊ ਆਇਰੇ ਨੇ ਯੂ.ਕੇ. ਵਿੱਚ ਉਚੇਰੀ ਸਿੱਖਿਆ ਦੀਆਂ ਸੰਭਾਵਨਾਵਾਂ ਵਿਸ਼ੇ ਉੱਤੇ ਆਯੋਜਿਤ ਕੀਤੀ ਗਈ ਵਿਸ਼ੇਸ਼ ਵਿਚਾਰ ਗੋਸ਼ਟੀ ਦੌਰਾਨ ਸੀ.ਜੀ.ਸੀ ਲਾਂਡਰਾਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਵੱਲੋਂ ਯੂ.ਕੇ. ਦੇ ਵੱਕਾਰੀ ਵਿੱਦਿਅਕ ਅਦਾਰਿਆਂ ਨਾਲ ਵਿਦਿਆਰਥੀਆਂ ਦੇ ਆਪਸੀ ਆਦਾਨ-ਪ੍ਰਦਾਨ ਨੂੰ ਹੋਰ ਵਧੇਰੇ ਪ੍ਰੋਤਸਾਹਿਤ ਕਰਨ ਲਈ ਕਰਵਾਈ ਗਈ ਇਸ ਵਿਚਾਰ ਗੋਸ਼ਟੀ ’ਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਸ੍ਰੀ ਐਂਡਰਿਊ ਆਇਰੇ ਨੇ ਦੱਸਿਆ ਕਿ ਯੂ.ਕੇ. ਸਰਕਾਰ ਵੱਲੋਂ ਭਾਰਤ ਸਮੇਤ ਦੁਨੀਆਂ ਭਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਅਤੇ ਕਿਫ਼ਾਇਤੀ ਉੱਚ ਸਿੱਖਿਆ ਦੇ ਸੁਨਹਿਰੀ ਅਵਸਰ ਪ੍ਰਦਾਨ ਕਰਨ ਲਈ ਇੰਟਰਨੈਸ਼ਨਲ ਐਵਾਰਡ ਸਕੀਮ ਤਹਿਤ ਬਿਹਤਰੀਨ ਸਿੱਖਿਆ ਸਹੂਲਤਾਂ ਮੁਹੱਹੀਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਪੱਧਰ ’ਤੇ ਸਿੱਖਿਆ ਅਤੇ ਰੁਜ਼ਗਾਰ ਦੇ ਵਿਲੱਖਣ ਅਵਸਰਾਂ ਲਈ ਕਿਸਮਤ ਅਜ਼ਮਾਉਣ ਵਾਲੇ ਚਾਹਵਾਨ ਵਿਦਿਆਰਥੀ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ’ਚ ਸਥਿਤ ਬ੍ਰਿਟਿਸ਼ ਅੰਬੈਸੀਜ਼ ਅਤੇ ਹਾਈ ਕਮਿਸ਼ਨਾਂ ਰਾਹੀਂ ਇਸ ਸਕਾਲਰਸ਼ਿਪ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
ਸੀਜੀਸੀ ਲਾਂਡਰਾਂ ਦੇ ਸੱਦੇ ਉੱਤੇ ਉਚੇਚੇ ਤੌਰ ’ਤੇ ਕਾਲਜ ਕੈਂਪਸ ਪੁੱਜੇ ਸ਼੍ਰੀ ਐਂਡਰਿਊ ਆਇਰੇ ਨੇ ਆਖਿਆ ਕਿ ਬ੍ਰਿਟੇਨ ਸਿੱਖਿਆ, ਖੋਜ ਅਤੇ ਨਿਵੇਸ਼ ਆਦਿ ਖੇਤਰਾਂ ’ਚ ਭਾਰਤ ਨਾਲ ਮਿਲਕੇ ਕੰਮ ਕਰਨ ਦਾ ਇਛੁੱਕ ਹੈ। ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਯੂ.ਕੇ. ’ਚ ਪੜ੍ਹਨ ਦਾ ਸੱਦਾ ਦਿੰਦੇ ਹੋਏ ਆਖਿਆ ਕਿ ਵਿਦੇਸ਼ ਜਾ ਕੇ ਪੜ੍ਹਨ ਸਮੇਂ ਵਿਦਿਆਰਥੀਆਂ ਨੂੰ ਕੌਮਾਂਤਰੀ ਸੱਭਿਆਚਾਰ ਅਤੇ ਸਿੱਖਿਆ ਦੇ ਵਿਭਿੰਨ ਪਹਿਲੂਆਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਯੂ. ਕੇ. ਸਰਕਾਰ ਦੇ ਸਖ਼ਤ ਇਮੀਗ੍ਰੇਸ਼ਨ ਕਾਨੂੰਨਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਸਾਡਾ ਮੁੱਖ ਮੰਤਵ ਯੂ. ਕੇ. ਵਿਚ ਉਚੇਰੀ ਸਿੱਖਿਆ ਲਈ ਆਉਣ ਵਾਲੇ ਸੰਜੀਦਾ ਵਿਦਿਆਰਥੀਆਂ ਦੇ ਹਿੱਤਾਂ ਨੂੰ ਮਹਿਫੂਜ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਖੋਜ ਅਤੇ ਉਚੇਰੀ ਸਿੱਖਿਆ ਦੇ ਖੇਤਰ ’ਚ ਭਾਰਤ ਦੀਆਂ ਆਈਟੀ ਕੰਪਨੀਆਂ ਦਾ ਦੁਨੀਆਂ ’ਚ ਵੱਡਾ ਨਾਂ ਹੈ।
ਇਸ ਮੌਕੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਦੱਸਿਆ ਕਿ ਖੋਜ, ਉਚੇਰੀ ਸਿੱਖਿਆ, ਅੰਤਰਰਾਸ਼ਟਰੀ ਰੁਜ਼ਗਾਰ ਅਤੇ ਇੰਟਰਨਸ਼ਿਪ ਪ੍ਰੋਗਰਾਮ ਆਦਿ ਖੇਤਰਾਂ ਵਿੱਚ ਵਿਦਿਆਰਥੀਆਂ ਨੂੰ ਢੁੱਕਵੀਂ ਅਗਵਾਈ ਪ੍ਰਦਾਨ ਕਰਨ ਲਈ ਕਾਲਜ ਵੱਲੋਂ ਅੰਤਰਰਾਸ਼ਟਰੀ ਮਾਮਲਿਆਂ ਦਾ ਵੱਖਰਾ ਵਿਭਾਗ ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਬ੍ਰਿਟਿਸ਼ ਕੌਂਸਲ ਚੰਡੀਗੜ੍ਹ ਦੇ ਮੁਖੀ ਅਨੁਪਮਾ ਘਈ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਸੀਜੀਸੀ ਦੇ ਵਿਦਿਆਰਥੀਆਂ ਨੂੰ ਯੂ.ਕੇ. ਦੀ ਸਿੱਖਿਆ ਪ੍ਰਣਾਲੀ ਅਤੇ ਵਜ਼ੀਫ਼ਾ ਪ੍ਰਣਾਲੀਆਂ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…