nabaz-e-punjab.com

ਟਰੈਵਲ ਏਜੰਟਸ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸਮੱਸਿਆਵਾਂ ’ਤੇ ਚਰਚਾ

ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਟਰੈਵਲ ਏਜੰਟਾਂ ਦੀਆਂ ਸਮੱਸਿਆਵਾਂ ਹੱਲ ਕਰਵਾਈਆਂ ਜਾਣਗੀਆਂ: ਕੇ.ਐਸ. ਸੰਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਟਰੈਵਲ ਏਜੰਟ ਵੈਲਫੇਅਰ ਐਸੋਸੀਏਸ਼ਨ ਭਾਰਤ ਦੀ ਮੀਟਿੰਗ ਵਿੱਚ ਟਰੈਵਲ ਏਜੰਟਾਂ ਅਤੇ ਇਮੀਗਰੇਸ਼ਨ ਕੰਸਲਟੈਂਸੀ ਦਾ ਕੰਮ ਕਰਦੇ ਕਾਰੋਬਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ ਅਤੇ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਨਨਿਕ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਨਵੇਂ ਬਣੇ ਮੈਂਬਰਾਂ ਨੂੰ ਮੈਂਬਰਸ਼ਿਪ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਮੀਟਿੰਗ ਵਿੱਚ ਵੱਖ ਵੱਖ ਸੂਬਿਆਂ ਤੋਂ ਆਏ ਡੈਲੀਗੇਟਾਂ ਨੇ ਹਿੱਸਾ ਲਿਆ।
ਸੰਸਥਾ ਦੇ ਪ੍ਰਧਾਨ ਕੇ.ਐਸ. ਸੰਧੂ ਨੇ ਮੀਟਿੰਗ ਵਿੱਚ ਪੰਜਾਬ ਵਿੱਚ ਇਮੀਗਰੇਸ਼ਨ ਅਤੇ ਟਰੈਵਲ ਏਜੰਟਾਂ ਲਈ ਲਾਗੂ ਕੀਤੀ ਲਾਇਸੈਂਸ ਪ੍ਰਣਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਕਾਲੀਆਂ ਭੇਡਾਂ ਨੂੰ ਨੱਥ ਪਈ ਹੈ ਜੋ ਕਿ ਕੰਸਲਟੈਂਸੀ ਦੀ ਆੜ ਵਿੱਚ ਲੋਕਾਂ ਨਾਲ ਠੱਗੀਆਂ ਮਾਰਦੇ ਹਨ ਅਤੇ ਠੱਗੀਆਂ ਮਾਰਨ ਤੋਂ ਬਾਅਦ ਆਪਣੇ ਦਫ਼ਤਰਾਂ ਨੂੰ ਤਾਲੇ ਮਾਰ ਕੇ ਭੱਜ ਜਾਂਦੇ ਹਨ। ਇਸ ਨਾਲ ਇਮੀਗਰੇਸ਼ਨ ਦਾ ਸਹੀ ਤਰੀਕੇ ਨਾਲ ਕੰਮ ਕਰਨ ਵਾਲੇ ਕਾਰੋਬਾਰੀਆਂ ਨੂੰ ਕਾਫੀ ਵਿੱਤੀ ਨੁਕਸਾਨ ਹੋ ਰਿਹਾ ਹੈ। ਮੀਟਿੰਗ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਲਾਇਸੈਂਸ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਤੇਜ਼ ਕਰਨ ਲਈ ਆਨਲਾਈਨ ਕੀਤਾ ਜਾਵੇ ਤਾਂ ਜੋ ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਲਾਇਸੈਂਸ ਲੈਣ ਵਿੱਚ ਕੋਈ ਮੁਸ਼ਕਲ ਨਾ ਆਵੇ।
ਸ੍ਰੀ ਸੰਧੂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸੰਸਥਾ ਇਮੀਗਰੇਸ਼ਨ ਦਾ ਗਲਤ ਢੰਗ ਨਾਲ ਕੰਮ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਪ੍ਰਸ਼ਾਸਨ ਨੂੰ ਹਰ ਪੱਖੋਂ ਸਹਿਯੋਗ ਦੇਵੇਗੀ। ਮੀਟਿੰਗ ਦੌਰਾਨ ਸਮੂਹ ਕੰਸਲਟੈਂਟਸ ਅਤੇ ਟਰੈਵਲ ਏਜੰਟਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣਾ ਕੰਮ ਸਹੀ ਢੰਗ ਨਾਲ ਕਰਨ ਅਤੇ ਐਸੋਸੀਏਸ਼ਨ ਨਾਲ ਜੁੜ ਕੇ ਆਪਣੇ ਹਿੱਤਾਂ ਦੀ ਰਾਖੀ ਲਈ ਇੱਕ ਪਲੇਟਫਾਰਮ ’ਤੇ ਇਕੱਠੇ ਹੋਣ। ਮੀਟਿੰਗ ਵਿੱਚ ਮੀਤ ਪ੍ਰਧਾਨ ਪਵਿੱਤਰ ਸੰਧੂ, ਜਨਰਲ ਸਕੱਤਰ ਡਾ. ਰਵੀ ਰਾਜ, ਸਕੱਤਰ ਕੁਲਵਿੰਦਰ ਢਿੱਲੋਂ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।
(ਬਾਕਸ ਆਈਟਮ)
ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਲਿਖਤੀ ਰੂਪ ਵਿੱਚ ਆਪਣੀ ਟਿੱਪਣੀ ਵਿੱਚ ਉਕਤ ਸੰਸਥਾ ਦੇ ਪ੍ਰਧਾਨ ਨੂੰ ਆਖਿਆ ਕਿ ਸਾਰੇ ਲਾਇਸੈਂਸ ਸ਼ੁਦਾ ਟਰੈਵਲ ਏਜੰਟਾ ’ਚੋਂ 5 ਫੀਸਦੀ ਏਜੰਟ ਵੀ ਹੱਥ ਖੜ੍ਹੇ ਕਰਕੇ ਕਹਿ ਦੇਣ ਕੇ ਉਹ ਕੋਈ ਗਲਤ ਕੰਮ ਨਹੀਂ ਕਰਦੇ ਹਨ ਅਤੇ ਸਿਰਫ਼ ਇਮੀਗਰੇਸ਼ਨ ਨਿਯਮਾਂ ਅਤੇ ਲਾਇਸੈਂਸ ਦੀਆਂ ਸ਼ਰਤਾਂ ਮੁਤਾਬਕ ਹੀ ਕੰਮ ਕਰਦੇ ਹਨ ਤਾਂ ਜੋ ਉਨ੍ਹਾਂ ਦੀ ਸੰਸਥਾ ਆਮ ਲੋਕਾਂ ਨੂੰ ਸਬੰਧਤ ਯੋਗ ਏਜੰਟਾਂ ਬਾਰੇ ਜਾਗਰੂਕ ਕਰ ਸਕੇ। ਸ੍ਰੀ ਦਾਊਂ ਕਿਹਾ ਕਿ ਸਿਰਫ਼ ਸਲਾਹ ਦੇਣ ਦੀ ਫੀਸ 20 ਤੋਂ 30 ਹਜ਼ਾਰ ਰੁਪਏ ਲੈ ਕੇ ਇੱਕ ਵੀ ਏਜੰਟ ਕੰਮ ਨਹੀਂ ਕਰਦਾ ਸਗੋਂ ਉਲਟਾ ਲੋਕਾਂ ਨੂੰ ਵਿਦੇਸ਼ ਭੇਜਣ ਦੇ ਸਬਜ਼ਬਾਗ ਦਿਖਾ ਕੇ ਲੱਖਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ। ਜੇਕਰ ਟਰੈਵਲ ਏਜੰਟਾਂ ਦੀ ਇਹ ਸੰਸਥਾ ਪੂਰੀ ਇਮਾਨਦਾਰ ਹੈ ਤਾਂ ਪਹਿਲ ਦੇ ਅਧਾਰ ’ਤੇ ਜੋ ਸੁਝਾਅ ਉਹ ਉਨ੍ਹਾਂ ਵੱਲੋਂ ਸਰਕਾਰ ਨੂੰ ਭੇਜੇ ਗਏ ਹਨ। ਉਨ੍ਹਾਂ ’ਤੇ ਅਮਲ ਕਰਨਾ ਯਕੀਨੀ ਬਣਾਉਣ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…