Nabaz-e-punjab.com

ਐਸਐਸਪੀ ਭੁੱਲਰ ਵੱਲੋਂ ਸੜਕ ਹਾਦਸਿਆਂ ਵਿੱਚ ਮੌਤਾਂ ਤੇ ਆਵਾਜਾਈ ਸਮੱਸਿਆ ਬਾਰੇ ਡੂੰਘੀ ਵਿਚਾਰ ਚਰਚਾ

ਜ਼ਿਲ੍ਹਾ ਮੁਹਾਲੀ ਵਿੱਚ 32 ਐਕਸੀਡੈਂਟਲ ਸੰਭਾਵਿਤ ਥਾਵਾਂ ਦੀ ਕੀਤੀ ਸ਼ਨਾਖ਼ਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸੜਕ ਹਾਦਸਿਆਂ ਕਾਰਨ ਹੋ ਰਹੀਆਂ ਮੌਤਾਂ ਅਤੇ ਆਵਾਜਾਈ ਦੀ ਸਮੱਸਿਆ ਨਾਲ ਨਜਿੱਠਣ ਲਈ ਅੱਜ ਮੁਹਾਲੀ ਵਿੱਚ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਵੱਖ ਵੱਖ ਪੁਲੀਸ ਅਧਿਕਾਰੀਆਂ ਅਤੇ ਟਰੈਫ਼ਿਕ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਅਤੇ ਡੂੰਘਾਈ ਨਾਲ ਵਿਚਾਰ ਚਰਚਾ ਕਰਦਿਆਂ ਪਿਛਲੇ ਤਿੰਨ ਸਾਲਾਂ ਵਿੱਚ ਵਾਪਰੇ ਹਾਦਸਿਆਂ ਦੇ ਅੰਕੜਿਆ ਦਾ ਵਿਸ਼ਲੇਸ਼ਣ ਕਰਨ ਸਮੇਤ ਜ਼ਿਲ੍ਹਾ ਮੁਹਾਲੀ 32 ਐਕਸੀਡੈਂਟਲ ਸੰਭਾਵਿਤ ਥਾਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਏਡੀਜੀਪੀ (ਟਰੈਫ਼ਿਕ) ਡਾ. ਐਸਐਸ ਚੌਹਾਨ ਨੇ ਮੁਹਾਲੀ ਵਿੱਚ ਇਕ ਸਮਾਰੋਹ ਦੌਰਾਨ ਪੁਲੀਸ ਬੀਟ ਪੈਟਰੋਲਿੰਗ ਲਈ 100 ਨਵੇਂ ਮੋਟਰ ਸਾਈਕਲਾਂ ਨੂੰ ਹਰੀ ਝੰਡੀ ਦਿਖਾ ਕੇ ਵੱਖ ਵੱਖ ਸ਼ਹਿਰਾਂ ਲਈ ਰਵਾਨਾ ਕਰਨ ਮੌਕੇ 6 ਫੀਸਦੀ ਸੜਕ ਹਾਦਸੇ ਵਧਣ ਦੀ ਗੱਲ ਆਖੀ ਸੀ ਅਤੇ ਇਸ ਸਬੰਧੀ ‘ਪੰਜਾਬੀ ਟ੍ਰਿਬਿਊਨ’ ਅਤੇ ਆਨ ਲਾਈਨ ਪੋਰਟਲ ਨਬਜ਼-ਏ-ਪੰਜਾਬ.ਕਾਮ ਵੱਲੋਂ ਪਿਛਲੇ ਅੱਠ ਸਾਲਾਂ ਵਿੱਚ ਵਾਪਰੇ 51,846 ਸੜਕ ਹਾਦਸਿਆਂ ਵਿੱਚ ਮਰੇ 38,054 ਲੋਕਾਂ ਅਤੇ 32,991 ਜ਼ਖ਼ਮੀਆਂ ਦੀ ਗਿਣਤੀ ਦਾ ਖੁਲਾਸਾ ਕੀਤਾ ਗਿਆ ਸੀ।
ਮੀਟਿੰਗ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜ਼ੀਰਕਪੁਰ ਅਤੇ ਲਾਲੜੂ ਹਾਈਵੇਅ ’ਤੇ ਸੜਕਾਂ ਦੀ ਬਣਤਰ (ਮਾੜੀ ਇੰਜੀਨੀਅਰਿੰਗ) ਅਤੇ ਨੈਸ਼ਨਲ ਹਾਈਵੇਅ ਵੱਲੋਂ ਕਈ ਥਾਵਾਂ ’ਤੇ ਅਣ-ਅਧਿਕਾਰਿਤ ਕੱਟ ਬੰਦ ਨਾ ਕਰਨਾ ਅਤੇ ਕਈ ਥਾਵਾਂ ’ਤੇ ਸਰਵਿਸ ਲੇਨ ਨਾ ਹੋਣ ਕਾਰਨ ਹਰੇਕ ਸਾਲ ਪ੍ਰਤੀ ਕਿੱਲੋਮੀਟਰ 5 ਮੌਤਾਂ ਹੋ ਰਹੀਆ ਹਨ। ਜਦੋਂਕਿ ਸਮੁੱਚੇ ਦੇਸ਼ ਵਿੱਚ ਹਾਈਵੇਅ ’ਤੇ ਐਕਸੀਡੈਂਟ ਨਾਲ ਹੋਣ ਵਾਲੀਆ ਮੌਤਾਂ ਦੀ ਦਰ ਪ੍ਰਤੀ ਸਾਲ, ਪ੍ਰਤੀ ਕਿੱਲੋਮੀਟਰ ਇੱਕ ਮੌਤ ਹੈ। ਜਿਸ ਸਬੰਧੀ ਨੈਸ਼ਨਲ ਹਾਈਵੇਅ ਅਥਾਰਟੀ ਅਤੇ ਨਗਰ ਨਿਗਮ ਨੂੰ ਵਿਸ਼ੇਸ਼ ਤੌਰ ’ਤੇ ਪੱਤਰ ਵਿਹਾਰ ਰਾਹੀਂ ਸੜਕ ਨਿਰਮਾਣ ਦੌਰਾਨ ਰਹਿ ਗਈਆਂ ਖ਼ਾਮੀਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਮੀਟਿੰਗ ਵਿੱਚ ਇਹ ਵੀ ਧਿਆਨ ਵਿੱਚ ਆਇਆ ਕਿ ਜ਼ਿਲ੍ਹਾ ਮੁਹਾਲੀ ਵਿੱਚ ਜ਼ਿਆਦਾਤਰ ਐਕਸੀਡੈਂਟ ਸ਼ਾਮ ਵੇਲੇ ਕਰੀਬ 6 ਵਜੇ ਤੋਂ ਰਾਤ 12 ਵਜੇ ਤੱਕ ਹੁੰਦੇ ਹਨ। ਇਨ੍ਹਾਂ ਹਾਦਸਿਆਂ ਵਿੱਚ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਗਿਣਤੀ ਪੈਦਲ ਰਾਹਗੀਰ ਅਤੇ ਦੋ ਪਹੀਆ ਵਾਹਨ ਚਾਲਕਾਂ ਦੀ ਹੁੰਦੀ ਹੈ। ਪੁਲੀਸ ਦੀ ਜਾਣਕਾਰੀ ਅਨੁਸਾਰ ਹਫ਼ਤੇ ਦੇ ਬਾਕੀ ਦਿਨਾਂ ਤੋਂ ਇਲਾਵਾ ਮੰਗਲਵਾਰ ਨੂੰ ਜ਼ਿਆਦਾ ਐਕਸੀਡੈਂਟ ਹੁੰਦੇ ਹਨ। ਉਂਜ ਪੁਲੀਸ ਦਾ ਇਹ ਵੀ ਮੰਨਣਾ ਹੈ ਕਿ ਡਰੰਕ ਅਤੇ ਡਰਾਈਵ ਕਾਰਨ ਐਕਸੀਡੈਂਟ ਵਿੱਚ ਮਰਨ ਵਾਲਿਆ ਦੀ ਗਿਣਤੀ ਵਿੱਚ ਕਮੀ ਆਈ ਹੈ। ਜ਼ਿਲ੍ਹੇ ਵਿੱਚ ਕਈ ਸੜਕਾਂ ’ਤੇ ਟਰੈਫ਼ਿਕ ਲਾਈਟਾਂ ਦੀ ਰੋਸ਼ਨੀ ਮੱਧਮ ਹੈ, ਜੋ ਰਾਤ ਸਮੇਂ ਲਾਈਟਾਂ ਦੀ ਤੇਜ ਰੋਸ਼ਨੀ ਲਈ ਵੱਡੇ ਬੱਲਬ/ਲਾਈਟਾਂ ਲਗਾਉਣ ਬਾਰੇ ਸਬੰਧਤ ਵਿਭਾਗਾਂ ਨੂੰ ਪੱਤਰ ਲਿਖਿਆ ਜਾਵੇਗਾ।
(ਬਾਕਸ ਆਈਟਮ)
ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਰਾਧਾ ਸੁਆਮੀ ਚੌਂਕ, ਏਅਰਪੋਰਟ ਰੋਡ ’ਤੇ ਆਇਸ਼ਰ ਚੌਂਕ, ਅੰਦਰਲੀ ਸੜਕ ਸਪਾਈਸ ਚੌਂਕ ਅਤੇ ਪੀਸੀਐਲ ਚੌਂਕ ਆਦਿ ਏਰੀਆ ਜ਼ਿਆਦਾ ਐਕਸੀਡੈਂਟ ਪਰੋਨ ਸ਼ਨਾਖ਼ਤ ਕੀਤੇ ਗਏ ਹਨ। ਇਨ੍ਹਾਂ ਚੌਕਾਂ ਨੂੰ ਕਰਾਸ ਕਰਨ ਸਮੇਂ ਪੈਦਲ ਚੱਲਣ ਵਾਲੇ ਰਾਹਗੀਰ ਟਰੈਫ਼ਿਕ ਲਾਈਟਾਂ ਅਤੇ ਜੈਬਰਾ ਕਰਾਸਿੰਗ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਜਦੋਂਕਿ ਦੋ ਪਹੀਆ ਵਾਹਨ ਚਾਲਕ ਹਮੇਸ਼ਾ ਹੈਲਮਟ ਪਾਉਣ ਅਤੇ ਕਾਰ ਚਾਲਕ ਹਮੇਸ਼ਾ ਸੀਟ ਬੈਲਟ ਦੀ ਵਰਤੋਂ ਕਰਨ ਅਤੇ ਤੇਜ਼ ਰਫ਼ਤਾਰੀ ਅਤੇ ਓਵਰ ਸਪੀਡ ਅਤੇ ਸ਼ਰਾਬ ਪੀ ਕੇ ਵਾਹਨ ਨਾ ਚਲਾਉਣ ਅਤੇ ਮੋਬਾਈਲ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਘੱਟ ਉਮਰ ਦੇ ਬੱਚਿਆਂ ਨੂੰ ਡਰਾਈਵਿੰਗ ਨਾ ਕਰਨ ਦੇਣ। ਮੀਟਿੰਗ ਵਿੱਚ ਡੀਐਸਪੀ (ਟਰੈਫ਼ਿਕ) ਨਵਰੀਤ ਸਿੰਘ ਵਿਰਕ ਅਤੇ ਰੋਡ ਸੇਫ਼ਟੀ ਇੰਜੀਨੀਅਰ ਚਰਨਜੀਤ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…