ਗੈਰ ਸੰਚਾਰਿਤ ਬਿਮਾਰੀਆਂ ਸਬੰਧੀ ਜਾਗਰੂਕਤਾ ਮੁਹਿੰਮ ਦੀ ਸੋਹਾਣਾ ਸਰਕਾਰੀ ਡਿਸਪੈਂਸਰੀ ਤੋਂ ਸ਼ੁਰੂਆਤ

ਸਿਹਤ ਮੰਤਰੀ ਬਲਬੀਰ ਸਿੱਧੂ ਨੇ 2 ਵਿਸ਼ੇਸ਼ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ:
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਗੈਰ ਸੰਚਾਰਿਤ ਬਿਮਾਰੀਆਂ ਸੰਬੰਧੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਸੋਹਾਨਾ ਵਿੱਚ ਸਰਕਾਰੀ ਡਿਸਪੈਂਸਰੀ ਤੋਂ ਕੀਤੀ। ਇਸ ਦੌਰਾਨ 2 ਵਿਸ਼ੇਸ਼ ਜਾਗਰੂਕਤਾ ਵੈਨਾਂ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤੰਦਰੁਸਤ ਪੰਜਾਬ ਤੇ ਕੋਰੋਨਾ ਤੇ ਜਿੱਤ ਪ੍ਰਾਪਤ ਕਰਨ ਲਈ ਮਿਸ਼ਨ ਫਤਿਹ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਉਦੇਸ਼ ਨਾਲ ਸਿਹਤ ਖੇਤਰ ਵਿੱਚ ਸੁਧਾਰ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ। ਇਸੇ ਲੜੀ ਦੇ ਤਹਿਤ ਗੈਰ ਸੰਚਾਰਿਤ ਬਿਮਾਰੀਆਂ ਸੰਬੰਧੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਅਧੀਨ 2 ਵਿਸ਼ੇਸ਼ ਜਾਗਰੂਕਤਾ ਵੈਨਾਂ ਤਿਆਰ ਕੀਤੀਆਂ ਗਈਆਂ ਹਨ, ਜਿਸ ਵਿੱਚ ਆਡਿਓ-ਵਿਡੀਓ ਸਿਸਟਮ ਤੇ ਜਾਗਰੂਕਤਾ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਵੈਨਾਂ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਨੂੰ ਗੈਰ ਸੰਚਾਰਿਤ ਬਿਮਾਰੀਆਂ ਜਿਵੇਂ ਕਿ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਅਧਰੰਗ, ਕੈਂਸਰ ਆਦਿ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਦਾ ਟੈਸਟ ਮੁਫ਼ਤ ਕੀਤਾ ਜਾਵੇਗਾ। ਇਸ ਕੋਰੋਨਾ ਮਹਾਂਮਾਰੀ ਦੇ ਸਮੇਂ ਵਿੱਚ ਬਜੁਰਗਾਂ ਤੇ ਗੈਰ ਸੰਚਾਰਿਤ ਬਿਮਾਰੀਆਂ ਵਾਲੇ ਮਰੀਜਾਂ ਨੂੰ ਜਿਆਦਾ ਖਤਰਾ ਰਹਿੰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਾਸੀ ਵੱਧ ਤੋਂ ਵੱਧ ਇਸ ਮੁਹਿੰਮ ਦਾ ਲਾਭ ਉਠਾਉਣ ਤੇ ਗੈਰ ਸੰਚਾਰਿਤ ਬਿਮਾਰੀਆਂ ਬਾਰੇ ਜਾਗਰੂਕ ਰਹਿਣ ਤਾਂ ਜੋ ਇਨ੍ਹਾਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ।
ਸ੍ਰੀ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਮਰੀਜਾਂ ਦੇ ਨਾਮ ਤੇ ਵਿਸ਼ੇਸ਼ ਚਿੱਠੀਆਂ ਭੇਜੀਆ ਹਨ, ਜਿਸ ਵਿੱਚ ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਆਪਣੀ ਬਚਾਅ ਕਰਨ ਤੇ ਸਮੇਂ ਸਿਰ ਇਲਾਜ ਕਰਵਾਉਣ ਸੰਬੰਧੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੈਰ ਸੰਚਾਰਿਤ ਬਿਮਾਰੀਆਂ ਤੋਂ ਬਚਣ ਲਈ ਫਾਸਟ ਫੂਡ, ਬਜਾਰੀ ਖਾਣੇ, ਸ਼ਰਾਬ, ਤੰਬਾਕੂ ਤੇ ਹੋਰ ਨਸ਼ੇ ਦੇ ਪਦਾਰਥਾਂ ਤੋਂ ਪਰਹੇਜ਼ ਕੀਤਾ ਜਾਵੇ ਅਤੇ ਆਪਣੇ ਭਾਰ ਨੂੰ ਕਾਬੂ ਵਿੱਚ ਰੱਖਿਆ ਜਾਵੇ ਅਤੇ ਰੋਜਾਨਾ ਸ਼ਰੀਰਕ ਕਸਰਤ ਕੀਤੀ ਜਾਵੇ। ਇਸ ਦੇ ਨਾਲ-ਨਾਲ ਸਮੇਂ ਸਮੇਂ ਤੇ ਡਾਕਟਰੀ ਜਾਂਚ ਕਰਵਾ ਕੇ ਆਪਣਾ ਇਲਾਜ ਕਰਵਾਇਆ ਜਾਵੇ। ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸ਼ੂਗਰ ਤੇ ਬਲੱਡ ਪ੍ਰੈਸ਼ਰ ਟੈਸਟ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਅਤੇ ਕੈਂਸਰ ਦਾ ਇਲਾਜ ਕਰਨ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਫੰਡ ਅਧੀਨ 1.50 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕਰਵਾਇਆ ਜਾਂਦਾ ਹੈ।
ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਮਨਜੀਤ ਸਿੰਘ, ਸਿਵਲ ਸਰਜਨ ਡਾ. ਜੀਬੀ ਸਿੰਘ, ਸਟੇਟ ਪ੍ਰੋਗਰਾਮ ਅਫ਼ਸਰ-ਐਨ.ਪੀ.ਸੀ.ਡੀ.ਸੀ.ਐਸ. ਡਾ. ਸੰਦੀਪ ਸਿੰਘ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਸ਼ਰਮਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਉਨ੍ਹਾਂ ਦੇ ਨਾਲ ਸਟੇਟ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੌਰ, ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨਾ ਜਰੇਵਾਲ, ਸਟੇਟ ਪ੍ਰੋਗਰਾਮ ਅਫ਼ਸਰ ਸ਼੍ਰੀ ਸ਼ਿਵਿੰਦਰ ਸਹਿਦੇਵ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਹਰਚਰਨ ਸਿੰਘ ਬਰਾੜ ਤੇ ਹੋਰ ਸ਼ਖਸ਼ੀਅਤਾਂ ਮੌਜੂਦ ਸਨ।

Load More Related Articles

Check Also

Punjab seeks legal action against BBMB Chairman for misleading hon’ble High Court

Punjab seeks legal action against BBMB Chairman for misleading hon’ble High Court Ch…