Nabaz-e-punjab.com

ਬੇਅਦਬੀ ਮਾਮਲਾ: ਚੋਣਾਂ ਵਿੱਚ ਕੈਪਟਨ ਸਰਕਾਰ ਤੇ ਬਾਦਲਾਂ ਤੋਂ ਹਿਸਾਬ ਲੈਣਗੇ ਪੰਜਾਬ ਦੇ ਲੋਕ: ਬੀਰਦਵਿੰਦਰ ਸਿੰਘ

ਬੀਰਦਵਿੰਦਰ ਸਿੰਘ ਨੇ ਪਿੰਡ ਪ੍ਰੇਮਗੜ੍ਹ ਵਿੱਚ ਚੋਣ ਜਲਸੇ ਦੌਰਾਨ ਲੋਕਾਂ ਨਾਲ ਕੀਤੀਆਂ ਵਿਚਾਰਾਂ ਸਾਂਝੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ (ਬਾਦਲ) ਅਤੇ ਪੂਰੇ ਬਾਦਲ ਪਰਿਵਾਰ ਸਮੇਤ ਮੋਤੀਆ ਵਾਲੀ ਸਰਕਾਰ ਤੋਂ ਪਿੱਛੇ ਜਿਹੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਗਿਣ ਗਿਣ ਕੇ ਹਿਸਾਬ ਲੈਣਗੇ।
ਸ੍ਰੀ ਬੀਰਦਵਿੰਦਰ ਸਿੰਘ ਅੱਜ ਸ਼ਾਮੀ ਇੱਥੋਂ ਦੇ ਨੇੜਲੇ ਪਿੰਡ ਪ੍ਰੇਮਗੜ੍ਹ ਵਿੱਚ ਸਾਬਕਾ ਸਰਪੰਚ ਗੁਰਚਰਨ ਸਿੰਘ ਵੱਲੋਂ ਆਯੋਜਿਤ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਰਾਜ ਦੇ ਲੋਕਾਂ ਵਿੱਚ ਉਕਤ ਦੋਵੇਂ ਪਾਰਟੀਆਂ ਪ੍ਰਤੀ ਭਾਰੀ ਰੋਸ ਅਤੇ ਗੁੱਸਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਜਾਂਚ ਕਮਿਸ਼ਨ ਭਾਵੇਂ ਬਾਦਲ ਪਰਿਵਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾ ਚੁੱਕਾ ਹੈ ਪ੍ਰੰਤੂ ਕੈਪਟਨ ਸਰਕਾਰ ਨੇ ਦੋ ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਕਸੂਰਵਾਰ ਲੋਕਾਂ ਨੂੰ ਹਵਾਲਾਤ ਵਿੱਚ ਨਹੀਂ ਡੱਕਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਤੇ ਬਾਦਲ ਦੋਸਤਾਨਾ ਮੈਚ ਖੇਡ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੁਰੂ ਨੂੰ ਪਿੱਠ ਦਿਖਾਉਣ ਵਾਲੇ ਰਾਜਸੀ ਆਗੂਆਂ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਹੁਣ ਸਹੀ ਵੇਲਾ ਆ ਗਿਆ ਹੈ।
ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਅਕਾਲੀ ਅਤੇ ਹੁਣ ਕਾਂਗਰਸੀ ਕੋਈ ਵੀ ਪੰਥ ਅਤੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਹੈ। ਸਗੋਂ ਇਨ੍ਹਾਂ ਨੂੰ ਆਪਣੇ ਪਰਿਵਾਰਾਂ ਦੇ ਵਿਕਾਸ ਦੀ ਪਈ ਹੋਈ ਹੈ। ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਨਸ਼ਿਆਂ ਦਾ ਬੋਲਬਾਲਾ ਹੈ। ਜਿਸ ਕਾਰਨ ਦੇਸ਼ ਦੇ ਅਨਾਜ ਭੰਡਾਰ ਦੀ 70 ਤੋਂ 80 ਫੀਸਦੀ ਮੰਗ ਪੂਰੀ ਕਰਨ ਵਾਲਾ ਪੰਜਾਬ ਦਾ ਅੰਨਦਾਤਾ ਖ਼ੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ ਅਤੇ ਬੇਰੁਜ਼ਗਾਰ ਨੌਜਵਾਨ ਵਿਦੇਸ਼ਾਂ ਵਿੱਚ ਆਪਣਾ ਭਵਿੱਖ ਤਲਾਸ਼ ਰਹੇ ਹਨ।
ਇਸ ਮੌਕੇ ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ, ਗੁਰਬਚਨ ਸਿੰਘ ਸਾਬਕਾ ਸਰਪੰਚ ਪ੍ਰੇਮਗੜ੍ਹ, ਡਾ. ਜਸਮੇਰ ਸਿੰਘ, ਜਸਬੀਰ ਸਿੰਘ ਬਾਜਵਾ, ਮਲਵਿੰਦਰ ਸਿੰਘ ਗੀਗੇਮਾਜਰਾ, ਪਵਿੱਤਰ ਸਿੰਘ, ਨੰਬਰਦਾਰ ਸੁੱਚਾ ਸਿੰਘ, ਦੀਦਾਰ ਸਿੰਘ, ਅਮਰੀਕ ਸਿੰਘ ਪੱਤੋਂ, ਸਤਿੰਦਰ ਸਿੰਘ ਪ੍ਰੇਮਗੜ੍ਹ, ਬਹਾਦਰ ਸਿੰਘ,, ਰਜਿੰਦਰ ਸਿੰਘ, ਰਣਧੀਰ ਸਿੰਘ, ਮੁਖ਼ਤਿਆਰ ਸਿੰਘ, ਪਿਆਰਾ ਸਿੰਘ, ਸੁਖਵਿੰਦਰ ਸਿੰਘ, ਗੁਰਿੰਦਰ ਸਿੰਘ, ਪਰਮਿੰਦਰ ਸਿੰਘ ਅਤੇ ਮਲਵਿੰਦਰ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…