ਬੇਅਦਬੀ ਮਾਮਲਾ: ‘ਮੈਂ ਕਦੇ ਵੀ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੱਤੀ: ਸੁਖਬੀਰ ਬਾਦਲ

ਕਿਹਾ ਕਿ ਜਿਹੜੇ ਵੀ ਵਿਅਕਤੀ ਦੋਸ਼ੀ ਹੋਣ, ਉਹਨਾਂ ਨੂੰ ਫਾਂਸੀ ਦਿੱਤੀ ਜਾਵੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 31 ਜੁਲਾਈ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਕੇਸ ਵਿੱਚ ਸੀਬੀਆਈ ਦੀ ਕਲੋਜ਼ਰ ਰਿਪੋਰਟ ਬਾਰੇ ਅੱਜ ਮੀਡੀਆ ਵੱਲੋਂ ਪੇਸ਼ ਕੀਤੇ ਉਹਨਾਂ ਦੇ ਬਿਆਨ ਉੱਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਦੇ ਬਿਆਨ ਨੂੰ ਬਿਲਕੁੱਲ ਹੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ‘ਮੈਂ ਬੇਅਦਬੀ ਦੇ ਕੇਸ ਵਿੱਚ ਕਦੇ ਵੀ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੱਤੀ’ ਅਤੇ ਨਾ ਹੀ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਨੂੰ ਗਲਤ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਦੇ ਉਲਟ ਮੀਡੀਆ ਨਾਲ ਗੱਲਬਾਤ ਕਰਦਿਆਂ ਮੈਂ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਅਕਾਲੀ ਦਲ ਇਸ ਕਲੋਜ਼ਰ ਰਿਪੋਰਟ ਦਾ ਸਖ਼ਤ ਵਿਰੋਧ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਇਸ ਕੇਸ ਨੂੰ ਕਿਸੇ ਸਿੱਟੇ ਉਤੇ ਪਹੁੰਚਾਇਆ ਜਾਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਲੋਜ਼ਰ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਇਸ ਜਾਂਚ ਨੂੰ ਬੰਦ ਕੀਤੇ ਜਾਣ ਵਿਰੁੱਧ ਮੈਂ ਪੂਰੀ ਦ੍ਰਿੜਤਾ ਨਾਲ ਆਪਣਾ ਅਤੇ ਆਪਣੀ ਪਾਰਟੀ ਦਾ ਸਟੈਡ ਦੁਹਰਾਉਂਦਾ ਹਾਂ। ਅਸੀਂ ਇਸ ਕਲੋਜ਼ਰ ਰਿਪੋਰਟ ਨੂੰ ਵਾਪਸ ਲਏ ਜਾਣ ਦੇ ਹੱਕ ਵਿਚ ਹਾਂ। ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੀਬੀਆਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਘਿਨੌਣੇ ਕੇਸ ਦੀ ਜਾਂਚ ਨੂੰ ਅੰਤਿਮ ਸਿੱਟੇ ਉੱਤੇ ਪਹੁੰਚਾਉਣ ਦਾ ਨਿਰਦੇਸ਼ ਦੇਵੇ। ਉਹਨਾਂ ਕਿਹਾ ਕਿ ਅਕਾਲੀ ਦਲ ਅਸਲੀ ਦੋਸ਼ੀਆਂ, ਉਹਨਾਂ ਦੇ ਸਪਾਂਸਰਾਂ ਅਤੇ ਇਸ ਘਿਨੌਣੀ ਸਾਜ਼ਿਸ਼ ਦੇ ਸਰਗਨਿਆਂ ਨੂੰ ਲੋਕਾਂ ਦੇ ਸਾਹਮਣੇ ਨੰਗਾ ਕਰਨਾ ਚਾਹੁੰਦਾ ਹੈ ਅਤੇ ਉਹਨਾਂ ਨੂੰ ਕਾਨੂੰਨ ਰਾਹੀਂ ਇੱਕ ਅਜਿਹੀ ਮਿਸਾਲੀ ਸਜ਼ਾ ਦਿਵਾਉਣੀ ਚਾਹੁੰਦਾ ਹੈ ਕਿ ਭਵਿੱਖ ਵਿਚ ਕੋਈ ਅਜਿਹੀ ਨਾਪਾਕ ਹਰਕਤ ਕਰਨ ਦੀ ਜੁਅਰਤ ਨਾ ਕਰੇ।
ਸ੍ਰੀ ਬਾਦਲ ਨੇ ਅੱਗੇ ਕਿਹਾ ਕਿ ਇਹ ਵੇਖ ਕੇ ਸਾਰੇ ਸਿੱਖਾਂ ਨੂੰ ਬਹੁਤ ਹੀ ਦੁੱਖ ਹੁੰਦਾ ਹੈ ਕਿ ਸੂਬੇ ਅੰਦਰ ਬੇਅਦਬੀ ਦੀਆਂ ਘਿਣਾਉਣੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਅਤੇ ਕਾਂਗਰਸ ਸਰਕਾਰ ਨੇ ਇਸ ਸਾਰੀ ਸਾਜ਼ਿਸ਼ ਦੀ ਜੜ੍ਹ ਤਕ ਜਾਣ ਲਈ ਕੋਈ ਗੰਭੀਰਤਾ ਜਾਂ ਕਾਹਲ ਨਹੀਂ ਵਿਖਾਈ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਹ ਵੀ ਬੜੇ ਅਫ਼ਸੋਸ ਦੀ ਗੱਲ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਅਸਲੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਬਜਾਇ ਕਾਂਗਰਸ ਸਰਕਾਰ ਦੀ ਸਿਰਫ਼ ਇਸ ਸੰਵੇਦਨਸ਼ੀਲ ਮੁੱਦੇ ਉੱਤੇ ਸਿਆਸਤ ਕਰਨ ਵਿੱਚ ਦਿਲਚਸਪੀ ਹੈ। ਉਹਨਾਂ ਕਿਹਾ ਕਿ ਅਜਿਹੀਆਂ ਵੰਡੀਆਂ ਪਾਉਣ ਵਾਲੀ ਸਿਆਸਤ ਵਿੱਚੋਂ ਕੁੱਝ ਨਹੀਂ ਨਿਕਲੇਗਾ। ਇਸ ਮੁੱਦੇ ਦਾ ਸਿਆਸੀਕਰਨ ਕਰਨ ਦੀ ਬਜਾਇ ਜਿਹੜੇ ਵੀ ਦੋਸ਼ੀ ਹਨ, ਭਾਂਵੇ ਉਹ ਕੋਈ ਵੀ ਹੋਣ, ਉਹਨਾਂ ਨੂੰ ਫੜ ਕੇ ਸਿੱਖ ਭਾਈਚਾਰੇ ਦੇ ਤੌਖ਼ਲਿਆਂ ਨੂੰ ਦੂਰ ਕਰਨ ਦੇ ਯਤਨ ਕਰਨੇ ਚਾਹੀਦੇ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…