
ਆਜ਼ਾਦ ਗਰੁੱਪ ਨੂੰ ਬਣਾਇਆ ਜਾ ਰਿਹੈ ਨਿਸ਼ਾਨਾ, ਸੁਖਦੇਵ ਪਟਵਾਰੀ ਦੇ ਚੋਣ ਦਫ਼ਤਰ ਦੀ ਭੰਨ-ਤੋੜ
ਮਟੌਰ ਥਾਣਾ ਦੇ ਐਸਐਚਓ ਅਸ਼ੋਕ ਕੁਮਾਰ ਨੇ ਤੁਰੰਤ ਮੌਕੇ ’ਤੇ ਪਹੁੰਚ ਲਿਆ ਘਟਨਾ ਦਾ ਜਾਇਜ਼ਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਮੁਹਾਲੀ ਨਗਰ ਨਿਗਮ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਸ਼ੁਰੂ ਤੋਂ ਹੀ ਵਿਰੋਧੀਆਂ ਵੱਲੋਂ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਚੋਣਾਂ ਤੋਂ ਇਕ ਦਿਨ ਪਹਿਲਾਂ ਆਜ਼ਾਦ ਗਰੁੱਪ ਦੇ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਦੇ ਚੋਣ ਦਫ਼ਤਰ ’ਤੇ ਦੇਰ ਸ਼ਾਮ ਕੁੱਝ ਵਿਅਕਤੀਆਂ ਨੇ ਹਮਲਾ ਕਰਕੇ ਕਾਫ਼ੀ ਭੰਨਤੋੜ ਕੀਤੀ ਅਤੇ ਪਟਵਾਰੀ ਅਤੇ ਉਸ ਦੀ ਪਤਨੀ ਦਾ ਮੋਬਾਈਲ ਫੋਨ ਵੀ ਖੋਹ ਲਿਆ ਗਿਆ ਪ੍ਰੰਤੂ ਬਾਅਦ ਵਿੱਚ ਹਮਲਾਵਰ ਟੋਲੇ ਨੇ ਉਨ੍ਹਾਂ ਨੂੰ ਫੋਨਾਂ ਨੂੰ ਸੜਕ ’ਤੇ ਸੁੱਟ ਦਿੱਤਾ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲਿਆ।
ਪੀੜਤ ਸੁਖਦੇਵ ਸਿੰਘ ਪਟਵਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਦੇਰ ਸ਼ਾਮ ਕਰੀਬ 9 ਵਜੇ ਉਹ ਆਪਣੀ ਪਤਨੀ ਸੁਖਵਿੰਦਰ ਕੌਰ ਅਤੇ ਹੋਰਨਾਂ ਸਮਰਥਕਾਂ ਨਾਲ ਇੱਥੋਂ ਦੇ ਸੈਕਟਰ-70 ਸਥਿਤ ਚੋਣ ਦਫ਼ਤਰ ਵਿੱਚ ਬੈਠਾ ਸੀ ਅਤੇ ਪੋਲਿੰਗ ਬੂਥ ’ਤੇ ਡਿਊਟੀ ਦੇਣ ਅਤੇ ਵੋਟਾਂ ਭੁਗਤਾਉਣ ਲਈ ਵਿਊਂਤਬੰਦੀ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਸ਼ਾਮਪੁਰ ਆਪਣੇ ਸਮਰਥਕਾਂ ਨਾਲ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਦੇ ਦਫ਼ਤਰ ’ਤੇ ਹਮਲਾ ਕਰਕੇ ਹੱਥੋਪਾਈ ਕੀਤੀ ਅਤੇ ਦਫ਼ਤਰ ਦੀ ਕਾਫੀ ਭੰਨਤੋੜ ਕੀਤੀ ਗਈ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰਾਂ ਅਤੇ ਸਮਰਥਕਾਂ ਨੇ ਕਾਫੀ ਹੰਗਾਮਾ ਕੀਤਾ ਅਤੇ ਹਮਲਾਵਰਾਂ ’ਚੋਂ ਕਿਸੇ ਨੇ ਉਸ ਦਾ ਅਤੇ ਉਸ ਦੀ ਪਤਨੀ ਦਾ ਮੋਬਾਈਲ ਫੋਨ ਵੀ ਖੋਹ ਲਿਆ ਪ੍ਰੰਤੂ ਵਾਪਸ ਜਾਂਦੇ ਸਮੇਂ ਉਹ ਦੋਵੇਂ ਫੋਨ ਸੜਕ ’ਤੇ ਸੁੱਟ ਗਏ। ਜਦੋਂ ਉਨ੍ਹਾਂ ਦੇ ਸਮਰਥਕ ਅਤੇ ਆਸਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਹਮਲਾਵਰਾਂ ਲਲਕਾਰੇ ਮਾਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਚੇਤੇ ਰਹੇ ਗੁਰਮੀਤ ਸਿੰਘ ਸ਼ਾਮਪੁਰ ਅਤੇ ਸੁਖਦੇਵ ਪਟਵਾਰੀ ਪਹਿਲਾਂ ਆਪਸ ਵਿੱਚ ਚੰਗੇ ਦੋਸਤ ਸਨ ਅਤੇ ਪਿਛਲੀ ਨਿਗਮ ਚੋਣਾਂ ਦੌਰਾਨ ਪਟਵਾਰੀ ਨੇ ਹੀ ਸ਼ਾਮਪੁਰ ਨੂੰ ਅਕਾਲੀ ਦਲ ਦੀ ਟਿਕਟ ਦਿਵਾਈ ਸੀ ਪ੍ਰੰਤੂ ਪਿਛਲੀ ਵਾਰ ਸ਼ਾਮਪੁਰ ਚੋਣ ਹਾਰ ਗਏ ਸੀ ਜਦੋਂਕਿ ਪਟਵਾਰੀ ਚੋਣ ਜਿੱਤ ਗਏ ਸੀ।
ਸ੍ਰੀ ਪਟਵਾਰੀ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦੇ ਕੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸੂਚਨਾ ਮਿਲਦੇ ਹੀ ਮਟੌਰ ਥਾਣਾ ਦੇ ਐਸਐਚਓ ਅਸ਼ੋਕ ਕੁਮਾਰ ਪੁਲੀਸ ਕਰਮਚਾਰੀਆਂ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜੋ ਕੋਈ ਵੀ ਕਸੂਰਵਾਰ ਪਾਇਆ ਗਿਆ। ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਆਜ਼ਾਦ ਗਰੁੱਪ ਦੇ ਮੁੱਖ ਚੋਣ ਦਫ਼ਤਰ ’ਤੇ ਹਮਲਾ ਕਰਕੇ ਸਾਬਕਾ ਮੇਅਰ ਦੇ ਕਈ ਸਮਰਥਕਾਂ ਨੂੰ ਸੱਟਾਂ ਮਾਰੀਆਂ ਸਨ ਅਤੇ ਨੌਜਵਾਨ ਆਗੂ ਪਰਵਿੰਦਰ ਸਿੰਘ ਸੋਹਾਣਾ ਦੀ ਦਸਤਾਰ ਲਾਹ ਕੇ ਲੈ ਗਏ ਸੀ। ਹਾਲਾਂਕਿ ਇਸ ਸਬੰਧੀ ਸੋਹਾਣਾ ਥਾਣੇ ਵਿੱਚ ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਛਿੰਦੀ ਸਮੇਤ ਚਾਰ ਹੋਰਨਾਂ ਅਕਾਲੀ ਸਮਰਥਕਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ ਲੇਕਿਨ ਹੁਣ ਤੱਕ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ।
ਉਧਰ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਮੀਤ ਸਿੰਘ ਸ਼ਾਮਪੁਰ ਨੇ ਆਜ਼ਾਦ ਗਰੁੱਪ ਦੇ ਉਮੀਦਵਾਰ ਸੁਖਦੇਵ ਪਟਵਾਰੀ ਵੱਲੋਂ ਉਸ ਦੇ ਚੋਣ ਦਫ਼ਤਰ ਉੱਤੇ ਹਮਲਾ ਤੇ ਭੰਨਤੋੜ ਕਰਨ ਦੇ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਘਟਨਾ ਦੇ ਸਮੇਂ ਉਹ ਉੱਥੇ ਮੌਜੂਦ ਸੀ।