
ਲੁੱਟ-ਖੋਹ ਦੇ ਮਾਮਲੇ ਵਿੱਚ ਬਰਖ਼ਾਸਤ ਥਾਣੇਦਾਰ ਤੇ ਸਿਪਾਹੀ ਗ੍ਰਿਫ਼ਤਾਰ
ਤੀਜੇ ਸਾਥੀ ਦੀ ਪਛਾਣ ਸੁਰੱਖਿਆ ਗਾਰਡ ਵਿਕਾਸ ਸ਼ਰਮਾ ਵਾਸੀ ਪਿੰਡ ਸੰਭਾਲਕੀ ਵਜੋਂ ਹੋਈ, ਮੁਲਜ਼ਮ ਦੀ ਭਾਲ ਜਾਰੀ
ਸੁਰੱਖਿਆ ਗਾਰਡ ਦੀ ਲਾਇਸੈਂਸੀ ਪਿਸਤੌਲ ਨਾਲ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਲੁੱਟ-ਖੋਹ ਦੀ ਕੋਸ਼ਿਸ਼ ਅਤੇ ਅਸਲੇ ਦੀ ਨੋਕ ’ਤੇ ਪੀੜਤ ਨੂੰ ਡਰਾਉਣ ਧਮਕਾਉਣ ਦੇ ਗੰਭੀਰ ਦੋਸ਼ਾਂ ਤਹਿਤ ਬੀਤੇ ਕੱਲ੍ਹ ਪੰਜਾਬ ਪੁਲੀਸ ਦੀ ਨੌਕਰੀ ਤੋਂ ਬਰਖ਼ਾਸਤ ਕੀਤੇ ਏਐਸਆਈ ਰਸ਼ਪ੍ਰੀਤ ਸਿੰਘ ਅਤੇ ਸਿਪਾਹੀ ਦਵਿੰਦਰ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਥੋਂ ਦੇ ਸੈਕਟਰ-71 ਦੇ ਵਸਨੀਕ ਅਤੇ ਜੇਟੀਪੀਐਲ ਕੰਪਨੀ ਦੇ ਮੀਤ ਪ੍ਰਧਾਨ ਨਰੇਸ਼ ਖੰਨਾ ਦੀ ਸ਼ਿਕਾਇਤ ’ਤੇ ਥਾਣੇਦਾਰ ਅਤੇ ਸਿਪਾਹੀ ਸਮੇਤ ਸੁਰੱਖਿਆ ਗਾਰਡ ਵਿਕਾਸ ਸ਼ਰਮਾ ਵਾਸੀ ਪਿੰਡ ਸੰਭਾਲਕੀ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਧਾਰਾ 307,458,382,323,34 ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਥਾਣੇਦਾਰ ਅਤੇ ਸਿਪਾਹੀ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਾਮਲੇ ਵਿੱਚ ਨਾਮਜ਼ਦ ਤੀਜੇ ਮੁਲਜ਼ਮ ਦੀ ਵਿਕਾਸ ਸ਼ਰਮਾ ਵਾਸੀ ਪਿੰਡ ਸੰਭਾਲਕੀ ਵਜੋਂ ਪਛਾਣ ਹੋਈ ਹੈ ਜੋ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ। ਜਿਸ ਨੂੰ ਸ਼ਿਕਾਇਤ ਕਰਤਾ ਨਰੇਸ਼ ਖੰਨਾ ਦੇ ਕਾਰੋਬਾਰ ਬਾਰੇ ਸਾਰੀ ਜਾਣਕਾਰੀ ਸੀ।
ਵਿਕਾਸ ਸ਼ਰਮਾ ਨੇ ਏਐਸਆਈ (ਲੋਕਲ ਰੈਂਕ) ਰਸ਼ਪ੍ਰੀਤ ਸਿੰਘ ਅਤੇ ਸਿਪਾਹੀ ਦਵਿੰਦਰ ਸਿੰਘ ਨੂੰ ਦੱਸਿਆ ਸੀ ਕਿ ਨਰੇਸ਼ ਕੁਮਾਰ ਦੇ ਘਰ ਕਾਫ਼ੀ ਮਾਤਰਾ ਪੈਸੇ ਪਏ ਹੁੰਦੇ ਹਨ। ਉਨ੍ਹਾਂ ਯੋਜਨਾ ਬਣਾਈ ਕਿ ਜੇਕਰ ਉਹ ਆਪਸ ਵਿੱਚ ਮਿਲ ਕੇ ਕਾਰੋਬਾਰ ਦੇ ਘਰ ਜਾ ਕੇ ਉਸ ਨੂੰ ਡਰਾਉਣਗੇ ਤਾਂ ਵੱਡੀ ਰਕਮ ਮਿਲ ਜਾਵੇਗੀ, ਜਿਸ ਵਿੱਚ ਬਾਅਦ ਵਿੱਚ ਆਪਸ ’ਚ ਵੰਡ ਲਿਆ ਜਾਵੇਗਾ। ਪੁਲੀਸ ਅਨੁਸਾਰ ਇਸ ਤਰ੍ਹਾਂ ਉਕਤ ਤਿੰਨਾਂ ਜਣਿਆਂ ਨੇ ਗਿਣੀ ਮਿਥੀ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਗਿਆ।
ਐਸਐਸਪੀ ਨੇ ਦੱਸਿਆ ਕਿ ਉਕਤ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਪਿਸਤੌਲ ਵੀ ਸੁਰੱਖਿਆ ਗਾਰਡ ਵਿਕਾਸ ਸ਼ਰਮਾ ਦਾ ਲਾਇਸੈਂਸੀ ਹਥਿਆਰ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਗਾਰਡ ਇਸ ਸਮੇਂ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜਿਸ ਦੀ ਪੈੜ ਨੱਪਣ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਧਰ, ਮਟੌਰ ਥਾਣਾ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਥਾਣੇਦਾਰ ਰਸ਼ਪ੍ਰੀਤ ਸਿੰਘ ਅਤੇ ਸਿਪਾਹੀ ਦਵਿੰਦਰ ਸਿੰਘ ਨੂੰ ਭਲਕੇ ਵੀਰਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪੀੜਤ ਨਰੇਸ਼ ਖੰਨਾ ਨੇ ਪੁਲੀਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ 20 ਦਸੰਬਰ ਨੂੰ ਰਾਤ ਕਰੀਬ ਸਾਢੇ 9 ਵਜੇ ਉਨ੍ਹਾਂ ਦੇ ਘਰ ਦਾ ਇਨਵਰਟਰ ਖਰਾਬ ਹੋਣ ਕਰਕੇ ਲਾਈਟ ਬੰਦ ਹੋ ਗਈ ਸੀ। ਜਿਸ ਨੂੰ ਚੈੱਕ ਕਰਨ ਲਈ ਉਸ ਦਾ ਬੇਟਾ ਡਰਾਇੰਗ ਰੂਮ ਤੋਂ ਬਾਹਰ ਇਨਵਰਟਰ ਚੈੱਕ ਕਰਨ ਲਈ ਆਇਆ ਤਾਂ ਏਨੇ ਵਿੱਚ ਪੁਲੀਸ ਦੀ ਵਰਦੀ ਵਿੱਚ ਦੋ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਮਾਸਕ ਪਾਏ ਹੋਏ ਸਨ, ਘਰ ਦੇ ਅੰਦਰ ਦਾਖ਼ਲ ਹੋ ਗਏ ਅਤੇ ਇਕ ਅਣਪਛਾਤਾ ਵਿਅਕਤੀ ਬਾਹਰ ਸੜਕ ’ਤੇ ਸਵਿਟ ਗੱਡੀ ਵਿੱਚ ਬੈਠਾ ਸੀ। ਘਰ ਵਿੱਚ ਦਾਖ਼ਲ ਹੋਣ ਵਾਲਿਆਂ ਦੀ ਪਛਾਣ ਏਐਸਆਈ ਰਸਪ੍ਰੀਤ ਸਿੰਘ ਅਤੇ ਸਿਪਾਹੀ ਦਵਿੰਦਰ ਸਿੰਘ ਵਜੋਂ ਹੈ ਜਦੋਂਕਿ ਸੁਰੱਖਿਆ ਗਾਰਡ ਵਿਕਾਸ ਸ਼ਰਮਾ ਕਾਰੋਬਾਰੀ ਦੇ ਘਰ ਦੇ ਬਾਹਰ ਕਾਰ ਵਿੱਚ ਬੈਠ ਕੇ ਆਲੇ ਦੁਆਲੇ ਨਜ਼ਰ ਰੱਖ ਰਿਹਾ ਸੀ। ਇਨ੍ਹਾਂ ’ਚੋਂ ਇਕ ਨੇ ਖ਼ੁਦ ਨੂੰ ਐਕਸਾਈਜ਼ ਵਿਭਾਗ ਦਾ ਡੀਐਸਪੀ ਦੱਸਦੇ ਹੋਏ ਨਰੇਸ਼ ਖੰਨਾ ’ਤੇ ਪਿਸਤੌਲ ਤਾਣ ਕੇ ਕਿਹਾ ਕਿ ਘਰ ਵਿੱਚ ਜਿੰਨਾਂ ਵੀ ਸੋਨਾ ਅਤੇ ਨਗਦੀ ਪਈ ਹੈ, ਉਨ੍ਹਾਂ ਹਵਾਲੇ ਕਰਨ ਨੂੰ ਕਿਹਾ ਗਿਆ ਅਤੇ ਨਾਲ ਹੀ ਡਰਾਇੰਗ ਰੂਮ ਦਾ ਦਰਵਾਜਾ ਅੰਦਰੋਂ ਬੰਦ ਕਰ ਦਿੱਤਾ। ਜਦੋਂ ਪੀੜਤ ਵਿਅਕਤੀ ਨੇ ਸ਼ੱਕ ਹੋਣ ’ਤੇ ਉਨ੍ਹਾਂ ਤੋਂ ਸਰਚ ਵਰੰਟ ਅਤੇ ਸ਼ਨਾਖ਼ਤੀ ਕਾਰਡ ਦਿਖਾਉਣ ਨੂੰ ਕਿਹਾ ਕਿ ਉਨ੍ਹਾਂ ਨੇ ਪੀੜਤ ਨਰੇਸ਼ ਖੰਨਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਹੱਥੋਪਾਈ ਦੌਰਾਨ ਪੁਲੀਸ ਮੁਲਾਜ਼ਮਾਂ ਦੀ ਛਾਤੀ ’ਤੇ ਲਿਖੇ ਨਾਮ ਨਸਰ ਹੋ ਗਏ ਸੀ।