ਲੁੱਟ-ਖੋਹ ਦੇ ਮਾਮਲੇ ਵਿੱਚ ਬਰਖ਼ਾਸਤ ਥਾਣੇਦਾਰ ਤੇ ਸਿਪਾਹੀ ਦਾ 6 ਰੋਜ਼ਾ ਪੁਲੀਸ ਰਿਮਾਂਡ

ਤੀਜੇ ਸਾਥੀ ਸੁਰੱਖਿਆ ਗਾਰਡ ਵਿਕਾਸ ਸ਼ਰਮਾ ਦੀ ਭਾਲ ਵਿੱਚ ਛਾਪੇਮਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਦਸੰਬਰ:
ਸ਼ਹਿਰ ਦੇ ਕਾਰੋਬਾਰੀ ਦੇ ਘਰ ਲੁੱਟ-ਖੋਹ ਦੀ ਕੋਸ਼ਿਸ਼ ਅਤੇ ਅਸਲੇ ਦੀ ਨੋਕ ’ਤੇ ਪੀੜਤ ਨੂੰ ਡਰਾਉਣ ਧਮਕਾਉਣ ਦੇ ਗੰਭੀਰ ਦੋਸ਼ਾਂ ਤਹਿਤ ਗ੍ਰਿਫ਼ਤਾਰ ਬਰਖ਼ਾਸਤ ਏਐਸਆਈ ਰਸ਼ਪ੍ਰੀਤ ਸਿੰਘ ਅਤੇ ਸਿਪਾਹੀ ਦਵਿੰਦਰ ਸਿੰਘ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 6 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ। ਪੁਲੀਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਥਾਣੇਦਾਰ ਤੇ ਸਿਪਾਹੀ ਤੋਂ ਉਨ੍ਹਾਂ ਦੇ ਫਰਾਰ ਤੀਜੇ ਸਾਥੀ ਬਾਰੇ ਪਤਾ ਕਰਨਾ ਹੈ, ਜੋ ਹਾਲੇ ਫਰਾਰ ਹੈ ਅਤੇ ਹਥਿਆਰ ਬਰਾਮਦ ਕਰਨਾ ਹੈ।
ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਘੜਨ ਦੇ ਮਾਮਲੇ ਵਿੱਚ ਮੁਲਜ਼ਮ ਥਾਣੇਦਾਰ ਅਤੇ ਸਿਪਾਹੀ ਦਾ ਨਾਮ ਸਾਹਮਣੇ ਆਉਣ ’ਤੇ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਦੋਵਾਂ ਮੁਲਾਜ਼ਮਾਂ ਨੂੰ ਪੁਲੀਸ ਦੀ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ। ਉਨ੍ਹਾਂ ਦੇ ਖ਼ਿਲਾਫ਼ ਇੱਥੋਂ ਦੇ ਸੈਕਟਰ-71 ਦੇ ਵਸਨੀਕ ਅਤੇ ਜੇਟੀਪੀਐਲ ਕੰਪਨੀ ਦੇ ਮੀਤ ਪ੍ਰਧਾਨ ਨਰੇਸ਼ ਖੰਨਾ ਦੀ ਸ਼ਿਕਾਇਤ ’ਤੇ ਥਾਣੇਦਾਰ ਅਤੇ ਸਿਪਾਹੀ ਸਮੇਤ ਸੁਰੱਖਿਆ ਗਾਰਡ ਵਿਕਾਸ ਸ਼ਰਮਾ ਵਾਸੀ ਪਿੰਡ ਸੰਭਾਲਕੀ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਧਾਰਾ 307,458,382,323,34 ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮਟੌਰ ਥਾਣਾ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਤੀਜੇ ਮੁਲਜ਼ਮ ਸੁਰੱਖਿਆ ਗਾਰਡ ਵਿਕਾਸ ਸ਼ਰਮਾ ਵਾਸੀ ਪਿੰਡ ਸੰਭਾਲਕੀ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਅਨੁਸਾਰ ਸੁਰੱਖਿਆ ਗਾਰਡ ਨੂੰ ਸ਼ਿਕਾਇਤ ਕਰਤਾ ਨਰੇਸ਼ ਖੰਨਾ ਦੇ ਕਾਰੋਬਾਰ ਬਾਰੇ ਸਾਰੀ ਜਾਣਕਾਰੀ ਸੀ। ਉਸ ਨੇ ਏਐਸਆਈ (ਲੋਕਲ ਰੈਂਕ) ਰਸ਼ਪ੍ਰੀਤ ਸਿੰਘ ਅਤੇ ਸਿਪਾਹੀ ਦਵਿੰਦਰ ਸਿੰਘ ਨਾਲ ਮਿਲ ਕੇ ਕਾਰੋਬਾਰੀ ਦੇ ਘਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ। ਉਕਤ ਵਾਰਦਾਤ ਨੂੰ ਅੰਜਾਮ ਦੇਣ ਲਈ ਸੁਰੱਖਿਆ ਗਾਰਡ ਦਾ ਲਾਇਸੈਂਸੀ ਹਥਿਆਰ ਵਰਤਿਆ ਗਿਆ ਸੀ।

Load More Related Articles

Check Also

ਪਾਵਰਕੌਮ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਵਿਗਲ ਵਜਾਇਆ

ਪਾਵਰਕੌਮ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਵਿਗਲ ਵਜਾਇਆ ਮੁਹਾਲੀ …