
ਈ-ਕੌਮੀ ਲੋਕ ਅਦਾਲਤ ਵਿੱਚ 896 ਕੇਸਾਂ ਦਾ ਨਿਪਟਾਰਾ, 53.33 ਕਰੋੜ ਦੇ ਐਵਾਰਡ ਪਾਸ
ਪਹਿਲੀ ਈ-ਲੋਕ ਅਦਾਲਤ ਵਿੱਚ ਦੋਵਾਂ ਧਿਰਾਂ ਨੂੰ ਬਿਠਾ ਕੇ ਅਤੇ ਆਨਲਾਈਨ ਢੰਗਾਂ ਨਾਲ ਕੀਤਾ ਕੇਸਾਂ ਦਾ ਨਿਪਟਾਰਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਦਸੰਬਰ:
ਕਾਨੂੰਨੀ ਸੇਵਾਵਾਂ ਅਥਾਰਟੀ ਭਾਰਤ ਸਰਕਾਰ, ਨਵੀਂ ਦਿੱਲੀ ਵੱਲੋਂ ਭੇਜੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਅਤੇ ਹਾਈ ਕੋਰਟ ਦੇ ਜੱਜ ਜਸਟਿਸ ਡਾ. ਐਸ. ਮੁਰਲੀਧਰ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਤੇ ਸੈਸ਼ਨ ਜੱਜ ਆਰ.ਐਸ. ਰਾਏ ਦੀ ਅਗਵਾਈ ਹੇਠ ਅੱਜ ਈ-ਕੌਮੀ ਲੋਕ ਅਦਾਲਤ ਲਗਾਈ ਗਈ। ਜਿਸ ਵਿੱਚ ਵੱਖ-ਵੱਖ ਮਾਮਲਿਆਂ ਅਤੇ ਝਗੜਿਆਂ ਸਬੰਧੀ 2066 ਕੇਸ ਲਗਾਏ ਗਏ ਅਤੇ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ 896 ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕਰਕੇ ਕਰੀਬ 53.33 ਕਰੋੜ ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਇਹ ਪਹਿਲੀ ਅਜਿਹੀ ਈ-ਕੌਮੀ ਲੋਕ ਅਦਾਲਤ ਸੀ, ਜਿਸ ਵਿੱਚ ਝਗੜਿਆਂ ਦਾ ਨਿਪਟਾਰਾ ਦੋਵੇਂ ਧਿਰਾਂ ਨੂੰ ਇਕੱਠੇ ਬਿਠਾਉਣ ਦੇ ਨਾਲ-ਨਾਲ ਆਨਲਾਈਨ ਵਿਧੀ ਰਾਹੀਂ ਵੀ ਕੀਤਾ ਗਿਆ। ਅੱਜ ਦੀ ਈ-ਲੋਕ ਅਦਾਲਤ ਵਿੱਚ ਜ਼ਿਲ੍ਹਾ ਪੱਧਰ ’ਤੇ 12 ਬੈਂਚਾਂ ਦਾ ਗਠਨ ਕੀਤਾ ਗਿਆ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਆਰ.ਐਸ. ਰਾਏ ਨੇ ਵੱਖ-ਵੱਖ ਬੈਂਚਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਸ੍ਰੀਮਤੀ ਸ਼ਿਖਾ ਗੋਇਲ ਵੀ ਹਾਜ਼ਰ ਸਨ।
ਅੱਜ ਦੀ ਈ-ਲੋਕ ਅਦਾਲਤ ਦੇ ਵੱਖ-ਵੱਖ ਬੈਂਚਾਂ ਦੀ ਪ੍ਰਧਾਨਗੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਵਿੰਦਰ ਗੁਪਤਾ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਗਿਰੀਸ਼, ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਸ੍ਰੀਮਤੀ ਦੀਪਕਾ ਸਿੰਘ, ਸਿਵਲ ਜੱਜ ਅਮਿਤ ਬਖ਼ਸ਼ੀ ਤੇ ਸ੍ਰੀਮਤੀ ਹਰਜਿੰਦਰ ਕੌਰ, ਰਵਤੇਸ਼ ਇੰਦਰਜੀਤ ਸਿੰਘ, ਸ੍ਰੀਮਤੀ ਪਪਨੀਤ, ਸ੍ਰੀਮਤੀ ਖਯਾਤੀ ਗੋਇਲ, ਕਮਲ ਕਾਂਤ ਅਤੇ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਦੇ ਚੇਅਰਪਰਸਨ ਸ੍ਰੀਮਤੀ ਗੁਰਮੀਤ ਕੌਰ ਨੇ ਕੀਤੀ।
ਇਸ ਤੋਂ ਇਲਾਵਾ ਸਬ-ਡਵੀਜ਼ਨ ’ਤੇ ਡੇਰਾਬੱਸੀ ਵਿੱਚ 2 ਬੈਂਚ ਸਿਵਲ ਜੱਜ (ਜੂਨੀਅਰ ਡਵੀਜ਼ਨ) ਗੌਰਵ ਦੱਤਾ ਤੇ ਜਗਮੀਤ ਸਿੰਘ, ਖਰੜ ਵਿੱਚ 2 ਬੈਂਚ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਸ੍ਰੀਮਤੀ ਸ਼ਿਲਪੀ ਗੁਪਤਾ ਅਤੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਸ੍ਰੀਮਤੀ ਗਰਿਮਾ ਗੁਪਤਾ ਦੀ ਅਗਵਾਈ ਵਿੱਚ ਲਗਾਏ ਗਏ।