Share on Facebook Share on Twitter Share on Google+ Share on Pinterest Share on Linkedin ਬੇਅਦਬੀ ਮਾਮਲਾ: ਸੀਬੀਆਈ ਨੇ ਪੰਜਾਬ ਪੁਲੀਸ ਨੂੰ ਨਹੀਂ ਸੌਂਪੀ ਕੇਸ ਫਾਈਲ ਤੇ ਦਸਤਾਵੇਜ਼ ਸੀਬੀਆਈ ਦੇ ਵਕੀਲਾਂ ਨੇ ਮੁਹਾਲੀ ਅਦਾਲਤ ਤੋਂ ਲੋੜੀਂਦੀ ਕਾਰਵਾਈ ਲਈ 10 ਦਿਨ ਦੀ ਮੋਹਲਤ ਮੰਗੀ ਪੰਜਾਬ ਪੁਲੀਸ ਦੇ ਜਾਂਚ ਅਧਿਕਾਰੀ ਨੂੰ ਦਿੱਲੀ ਸੱਦ ਕੇ ਪੂਰੀ ਫਾਈਲ ਸੌਂਪੀ ਜਾਵੇਗੀ: ਸੀਬੀਆਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ: ਪਿੰਡ ਬਰਗਾੜੀ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲਿਆਂ ਸਬੰਧੀ ਕੌਮੀ ਜਾਂਚ ਏਜੰਸੀ (ਸੀਬੀਆਈ) ਨੇ ਅੱਜ ਪੰਜਾਬ ਪੁਲੀਸ ਨੂੰ ਕੇਸ ਫਾਈਲ ਅਤੇ ਹੋਰ ਸਬੰਧਤ ਦਸਤਾਵੇਜ਼ ਨਹੀਂ ਸੌਂਪੇ ਗਏ। ਬੇਅਦਬੀ ਮਾਮਲਿਆਂ (ਕਲੋਜ਼ਰ ਰਿਪੋਰਟ ਅਤੇ ਨਵੇਂ ਸਿਰਿਓਂ ਜਾਂਚ) ਸਬੰਧੀ ਬੁੱਧਵਾਰ ਨੂੰ ਮੁਹਾਲੀ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਜੀਐਸ ਸੇਖੋਂ ਦੀ ਅਦਾਲਤ ਵਿੱਚ ਸੁਣਵਾਈ ਹੋਈ। ਬੀਤੇ ਦਿਨੀਂ ਸੀਬੀਆਈ ਅਦਾਲਤ ਨੇ ਕੌਮੀ ਜਾਂਚ ਏਜੰਸੀ ਦੇ ਜਾਂਚ ਅਧਿਕਾਰੀ ਨੂੰ ਕੇਸ ਫਾਈਲ ਲੈ ਕੇ ਪੇਸ਼ ਹੋਣ ਲਈ ਕਿਹਾ ਸੀ ਪ੍ਰੰਤੂ ਅੱਜ ਜਾਂਚ ਅਧਿਕਾਰੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਜਿਸ ਕਾਰਨ ਪੰਜਾਬ ਪੁਲੀਸ ਨੂੰ ਕੇਸ ਫਾਈਲ ਨਹੀਂ ਮਿਲ ਸਕੀ। ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਬੇਅਦਬੀ ਮਾਮਲਿਆਂ ਸਬੰਧੀ ਸੀਬੀਆਈ ਦੇ ਜਾਂਚ ਅਧਿਕਾਰੀ ਮਰਹੂਮ ਅਦਾਕਾਰ ਸੁਸ਼ਾਂਤ ਰਾਜਪੂਤ ਕਤਲ ਕੇਸ ਵਿੱਚ ਰੁੱਝੇ ਹੋਣ ਕਾਰਨ ਅੱਜ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ ਹਨ। ਲਿਹਾਜ਼ਾ ਕੇਸ ਫਾਈਲ ਸਮੇਤ ਹੋਰ ਲੋੜੀਂਦੇ ਦਸਤਾਵੇਜ਼ ਪੰਜਾਬ ਪੁਲੀਸ ਦੇ ਸਪੁਰਦ ਕਰਨ ਲਈ ਜਾਂਚ ਏਜੰਸੀ ਨੂੰ 10 ਦਿਨ ਦੀ ਮੋਹਲਤ ਦਿੱਤੀ ਜਾਵੇ। ਸੀਬੀਆਈ ਦੀ ਇਸ ਦਲੀਲ ਦਾ ਸਖ਼ਤ ਵਿਰੋਧ ਕਰਦਿਆਂ ਸੰਯੁਕਤ ਡਾਇਰੈਕਟਰ ਰਾਜੇਸ਼ ਸਲਵਾਨ ਅਤੇ ਸਰਕਾਰੀ ਵਕੀਲ ਸੰਜੀਤ ਬੱਤਰਾ ਨੇ ਕਿਹਾ ਕਿ ਕੌਮੀ ਜਾਂਚ ਏਜੰਸੀ ਜਾਣਬੁੱਝ ਕੇ ਕੇਸ ਨੂੰ ਲਮਕਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਦੀ ਬਿਨਾਂ ਕਿਸੇ ਦੇਰੀ ਤੋਂ ਪਾਲਣਾ ਕੀਤੀ ਜਾਵੇ ਅਤੇ ਕੇਸ ਫਾਈਲ ਤੇ ਹੋਰ ਦਸਤਾਵੇਜ਼ ਪੰਜਾਬ ਦਹੀ ਜਾਂਚ ਏਜੰਸੀ ਦੇ ਹਵਾਲੇ ਕੀਤੇ ਜਾਣ ਤਾਂ ਜੋ ਇਸ ਪੇਚੀਦਾ ਮਾਮਲੇ ਦੀ ਕਾਰਵਾਈ ਅੱਗੇ ਤੁਰ ਸਕੇ ਅਤੇ ਸ਼ਿਕਾਇਤ ਕਰਤਾਵਾਂ ਨੂੰ ਜਲਦੀ ਇਨਸਾਫ਼ ਮਿਲ ਸਕੇ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੀ ਸੁਣਵਾਈ 21 ਜਨਵਰੀ ’ਤੇ ਅੱਗੇ ਪਾ ਦਿੱਤੀ। ਉਂਜ ਸਰਕਾਰੀ ਵਕੀਲ ਨੇ ਇਹ ਵੀ ਸੁਝਾਅ ਦਿੱਤਾ ਕਿ ਜੇਕਰ ਜਾਂਚ ਅਧਿਕਾਰੀ ਮਹਾਰਾਸ਼ਟਰ ਵਿੱਚ ਕਿਸੇ ਹੋਰ ਕੇਸ ਦੀ ਜਾਂਚ ਵਿੱਚ ਰੁੱਝੇ ਹੋਏ ਹਨ ਤਾਂ ਉਹ ਸਬੰਧਤ ਫਾਈਲ ਆਪਣੇ ਕਿਸੇ ਨੁਮਾਇੰਦੇ ਦੇ ਹੱਥ ਅਦਾਲਤ ਵਿੱਚ ਭੇਜ ਸਕਦੇ ਹਨ। ਜਾਣਕਾਰੀ ਅਨੁਸਾਰ ਸਾਲ 2015 ਦੇ ਬੇਅਦਬੀ ਮਾਮਲਿਆਂ ਦੀ ਜਾਂਚ ਬਾਰੇ ਸੂਬਾ ਸਰਕਾਰ ਵੱਲੋਂ ਲਏ ਸਟੈਂਡ ਦੀ ਪੁਸ਼ਟੀ ਕਰਦਿਆਂ ਪਿਛਲੇ ਦਿਨੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਇਨ੍ਹਾਂ ਕੇਸਾਂ ਨਾਲ ਸਬੰਧਤ ਸਾਰੀਆਂ ਕੇਸ ਡਾਇਰੀਆਂ ਅਤੇ ਲੋੜੀਂਦੇ ਦਸਤਾਵੇਜ ਇਕ ਮਹੀਨੇ ਦੇ ਅੰਦਰ ਪੰਜਾਬ ਪੁਲੀਸ ਦੇ ਹਵਾਲੇ ਕਰਨ ਦੇ ਹੁਕਮ ਦਿੱਤੇ ਸਨ, ਪ੍ਰੰਤੂ ਹਾਲੇ ਤੱਕ ਸੀਬੀਆਈ ਨੇ ਪੰਜਾਬ ਪੁਲੀਸ ਨੂੰ ਕੋਈ ਦਸਤਾਵੇਜ਼ ਨਹੀਂ ਦਿੱਤਾ ਹੈ। ਇਸ ਸਬੰਧੀ ਸੀਬੀਆਈ ਦੇ ਵਕੀਲ ਦਾ ਕਹਿਣਾ ਹੈ ਕਿ ਕੇਸ ਫਾਈਲ ਅਤੇ ਹੋਰ ਲੋੜੀਂਦੇ ਦਸਤਾਵੇਜ਼ ਸੀਬੀਆਈ ਦੇ ਮੁੱਖ ਦਫ਼ਤਰ ਨਵੀਂ ਦਿੱਲੀ ਵਿੱਚ ਹਨ। ਇਸ ਤੋਂ ਇਲਾਵਾ ਕੁੱਝ ਦਸਤਾਵੇਜ਼ ਅਦਾਲਤ ਵਿੱਚ ਹਨ। ਉਨ੍ਹਾਂ ਕਿਹਾ ਕਿ ਸਾਰੇ ਦਸਤਾਵੇਜ਼ ਇਕੱਠੇ ਕਰਕੇ ਇਸ ਫਾਈਲ ਤਿਆਰ ਕੀਤੀ ਜਾਵੇਗੀ ਅਤੇ ਸਾਰੇ ਪੰਨਿਆਂ ਦੀ ਨੰਬਰਿੰਗ ਕਰਕੇ ਪੰਜਾਬ ਪੁਲੀਸ ਦੇ ਜਾਂਚ ਅਧਿਕਾਰੀ ਨੂੰ ਦਿੱਲੀ ਸੱਦ ਕੇ ਪੂਰੀ ਫਾਈਲ ਸੌਂਪੀ ਜਾਵੇਗੀ। ਵੈਸੇ ਵੀ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਸੀਬੀਆਈ ਕੋਲ ਕੇਸ ਫਾਈਲ ਅਤੇ ਹੋਰ ਸਬੰਧਤ ਦਸਤਾਵੇਜ਼ ਪੰਜਾਬ ਪੁਲੀਸ ਨੂੰ ਵਾਪਸ ਕਰਨ ਲਈ 3 ਫਰਵਰੀ ਤੱਕ ਦਾ ਸਮਾਂ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ