nabaz-e-punjab.com

ਬੇਅਦਬੀ ਮਾਮਲਾ: ਸੀਬੀਆਈ ਦੇ ਇੰਸਪੈਕਟਰ ਸੁਨੀਲ ਕੁਮਾਰ ਦੇ ਬਿਆਨ ਕਲਮਬੰਦ, ਦਸਤਾਵੇਜ਼ ਸੌਂਪੇ

ਮੁਹਾਲੀ ਅਦਾਲਤ ਵਿੱਚ ਜਮ੍ਹਾ ਕੇਸ ਫਾਈਲ ਤੇ ਹੋਰ ਅਹਿਮ ਦਸਤਾਵੇਜ਼ ਸੀਬੀਆਈ ਨੂੰ ਦਿੱਤੇ

ਮੁਹਾਲੀ ਅਦਾਲਤ ਵੱਲੋਂ ਸੀਬੀਆਈ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਇੰਨਬਿੰਨ ਪਾਲਣਾ ਕਰਨ ਦੇ ਆਦੇਸ਼

ਸੀਬੀਆਈ ਨੂੰ ਦਿੱਤੇ ਜਾਣ ਵਾਲੇ ਦਸਤਾਵੇਜ਼ਾਂ ਦੀ ਕਾਪੀ ਰਿਕਾਰਡ ਰੂਮ ’ਚ ਸਾਂਭ ਕੇ ਰੱਖੀ ਜਾਵੇ: ਸਰਕਾਰੀ ਵਕੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜਨਵਰੀ:
ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਵੀਰਵਾਰ ਨੂੰ ਪਿੰਡ ਬਰਗਾੜੀ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲਿਆਂ ਸਬੰਧੀ ਕੌਮੀ ਜਾਂਚ ਏਜੰਸੀ (ਸੀਬੀਆਈ) ਨੂੰ ਅਦਾਲਤੀ ਰਿਕਾਰਡ ਵਿੱਚ ਜਮ੍ਹਾ ਕੇਸ ਫਾਈਲ ਅਤੇ ਹੋਰ ਅਹਿਮ ਦਸਤਾਵੇਜ਼ ਸੌਂਪਦਿਆਂ ਜਾਂਚ ਏਜੰਸੀ ਨੂੰ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਇੰਨਬਿੰਨ ਪਾਲਣਾ ਕਰਦਿਆਂ ਜਿੰਨੀ ਛੇਤੀ ਹੋ ਸਕੇ ਕੇਸ ਫਾਈਲ ਅਤੇ ਹੋਰ ਲੋੜੀਂਦੇ ਦਸਤਾਵੇਜ਼ ਪੰਜਾਬ ਪੁਲੀਸ ਦੀ ਸਿੱਟ ਦੇ ਸਪੁਰਦ ਕੀਤੇ ਜਾਣ।
ਬੇਅਦਬੀ ਮਾਮਲਿਆਂ (ਕਲੋਜ਼ਰ ਰਿਪੋਰਟ ਅਤੇ ਨਵੇਂ ਸਿਰਿਓਂ ਜਾਂਚ) ਸਬੰਧੀ ਬੁੱਧਵਾਰ ਨੂੰ ਮੁਹਾਲੀ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਜੀਐਸ ਸੇਖੋਂ ਦੀ ਅਦਾਲਤ ਵਿੱਚ ਸੁਣਵਾਈ ਹੋਈ। ਸੰਯੁਕਤ ਡਾਇਰੈਕਟਰ ਪ੍ਰਾਸੀਕਿਊਸ਼ਨ (ਕਰਾਈਮ) ਰਾਜੇਸ਼ ਸਲਵਾਨ ਅਤੇ ਸਰਕਾਰੀ ਵਕੀਲ ਸੰਜੀਵ ਬੱਤਰਾ, ਡਾਇਰੈਕਟਰ ਬਿਊਰੋ ਆਫ਼ ਇਨਵੈਸ਼ਟੀਗੇਸ਼ਨ ਦੇ ਏਆਈਜੀ ਸਰਬਜੀਤ ਸਿੰਘ ਸਮੇਤ ਸੀਬੀਆਈ ਦੇ ਜਾਂਚ ਅਧਿਕਾਰੀ ਵੱਲੋਂ ਇੰਸਪੈਕਟਰ ਸੁਨੀਲ ਕੁਮਾਰ ਸਰਕਾਰੀ ਪੱਤਰ ਲੈ ਕੇ ਪੇਸ਼ ਹੋਏ। ਸੁਣਵਾਈ ਦੌਰਾਨ ਕੋਈ ਸ਼ਿਕਾਇਤ ਕਰਤਾ ਜਾਂ ਉਨ੍ਹਾਂ ਦੇ ਵਕੀਲ ਪੇਸ਼ ਨਹੀਂ ਹੋਏ। ਉਂਜ ਸ਼ਿਕਾਇਤ ਕਰਤਾਵਾਂ ਦੇ ਵਕੀਲ ਨੇ ਆਪਣਾ ਇਕ ਨੁਮਾਇੰਦਾ ਜ਼ਰੂਰ ਭੇਜਿਆ ਸੀ। ਉਕਤ ਕਾਰਵਾਈ ਨੂੰ ਸਮੇਟਣ ਲਈ ਅੱਜ ਅਦਾਲਤ ਨੇ ਸਾਰੀਆਂ ਧਿਰਾਂ ਨੂੰ ਪੇਸ਼ ਹੋਣ ਲਈ ਤਿੰਨ ਵਾਰ ਸਮਾਂ ਦਿੱਤਾ ਗਿਆ ਸੀ। ਵੱਖ-ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਅਦਾਲਤ ਨੇ ਕੌਮੀ ਜਾਂਚ ਏਜੰਸੀ ਨੂੰ ਕੇਸ ਫਾਈਲ ਅਤੇ ਦਸਤਾਵੇਜ਼ ਦੇਣ ਦੇ ਹੁਕਮ ਦਿੱਤੇ ਗਏ। ਇਹ ਕੇਸ ਫਾਈਲ ਅਤੇ ਦਸਤਾਵੇਜ਼ ਹੁਣ ਸੀਬੀਆਈ ਵੱਲੋਂ ਪੰਜਾਬ ਪੁਲੀਸ ਦੀ ਸਿੱਟ ਨੂੰ ਸੌਂਪੇ ਜਾਣਗੇ।
ਸੁਣਵਾਈ ਦੌਰਾਨ ਸੀਬੀਆਈ ਦੇ ਇੰਸਪੈਕਟਰ ਸੁਨੀਲ ਕੁਮਾਰ ਦੇ ਬਿਆਨ ਦਰਜ ਕੀਤੇ ਗਏ। ਉਨ੍ਹਾਂ ਆਪਣੇ ਬਿਆਨਾਂ ਵਿੱਚ ਕਿਹਾ ਕਿ ਸੀਬੀਆਈ ਦੇ ਜਾਂਚ ਅਧਿਕਾਰੀ ਵਧੀਕ ਐਸਪੀ ਅਨਿਲ ਯਾਦਵ ਕਿਸੇ ਹੋਰ ਕੇਸ ਦੀ ਜਾਂਚ ਵਿੱਚ ਰੁੱਝੇ ਹੋਏ ਹਨ। ਜਿਸ ਕਾਰਨ ਸੀਬੀਆਈ ਦੇ ਐਸਪੀ ਰਵੀ ਗੰਭੀਰ ਨੇ ਉਨ੍ਹਾਂ ਨੂੰ ਬਤੌਰ ਜਾਂਚ ਅਧਿਕਾਰੀ ਪੇਸ਼ ਹੋਣ ਦੇ ਅਧਿਕਾਰ ਦਿੱਤੇ ਹਨ। ਇਸ ਸਬੰਧੀ ਉਸ ਨੇ ਅਦਾਲਤ ਵਿੱਚ ਸੀਬੀਆਈ ਦਾ ਪੱਤਰ ਅਤੇ ਆਪਣੇ ਸ਼ਨਾਖ਼ਤੀ ਕਾਰਡ ਦੀ ਫੋਟੋ ਕਾਪੀ ਵੀ ਅਦਾਲਤ ਵਿੱਚ ਜਮ੍ਹਾ ਕਰਵਾਈ ਗਈ।
ਬਹਿਸ ਵਿੱਚ ਹਿੱਸਾ ਲੈਂਦਿਆਂ ਸਰਕਾਰੀ ਵਕੀਲ ਸੰਜੀਵ ਬੱਤਰਾ ਨੇ ਅਪੀਲ ਕੀਤੀ ਕਿ ਸੀਬੀਆਈ ਨੂੰ ਦਿੱਤੀ ਜਾਣ ਵਾਲੀ ਕੇਸ ਫਾਈਲ ਅਤੇ ਹੋਰ ਅਹਿਮ ਦਸਤਾਵੇਜ਼ਾਂ ਦੀ ਇਕ ਫੋਟੋ ਕਾਪੀ ਅਦਾਲਤ ਦੇ ਰਿਕਾਰਡ ਰੂਮ ਵਿੱਚ ਸੰਭਾਲ ਕੇ ਰੱਖੀ ਜਾਵੇ ਤਾਂ ਜੋ ਕੌਮੀ ਜਾਂਚ ਏਜੰਸੀ ਦਸਤਾਵੇਜ਼ਾਂ ਨਾਲ ਕਥਿਤ ਛੇੜਛਾੜ ਨਾ ਕਰ ਸਕੇ। ਸਰਕਾਰੀ ਵਕੀਲ ਦੀ ਇਹ ਅਪੀਲ ਅਦਾਲਤ ਨੇ ਮਨਜ਼ੂਰ ਕਰਦਿਆਂ ਸਟਾਫ਼ ਨੂੰ ਆਦੇਸ਼ ਦਿੱਤੇ ਕਿ ਸੀਬੀਆਈ ਨੂੰ ਦਿੱਤੇ ਜਾਣ ਵਾਲੇ ਦਸਤਾਵੇਜ਼ਾਂ ਦੀ ਕਾਪੀ ਰਿਕਾਰਡ ਰੂਮ ਵਿੱਚ ਸਾਂਭ ਕੇ ਰੱਖੀ ਜਾਵੇ।
ਜਾਣਕਾਰੀ ਅਨੁਸਾਰ ਸਾਲ 2015 ਦੇ ਬੇਅਦਬੀ ਮਾਮਲਿਆਂ ਦੀ ਜਾਂਚ ਬਾਰੇ ਸੂਬਾ ਸਰਕਾਰ ਵੱਲੋਂ ਲਏ ਸਟੈਂਡ ਦੀ ਪੁਸ਼ਟੀ ਕਰਦਿਆਂ ਪਿਛਲੇ ਦਿਨੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਇਨ੍ਹਾਂ ਕੇਸਾਂ ਨਾਲ ਸਬੰਧਤ ਸਾਰੀਆਂ ਕੇਸ ਡਾਇਰੀਆਂ ਅਤੇ ਲੋੜੀਂਦੇ ਦਸਤਾਵੇਜ਼ ਇਕ ਮਹੀਨੇ ਦੇ ਅੰਦਰ ਪੰਜਾਬ ਪੁਲੀਸ ਦੇ ਹਵਾਲੇ ਕਰਨ ਦੇ ਹੁਕਮ ਦਿੱਤੇ ਸਨ, ਪ੍ਰੰਤੂ ਹਾਲੇ ਤੱਕ ਸੀਬੀਆਈ ਨੇ ਪੰਜਾਬ ਪੁਲੀਸ ਨੂੰ ਕੋਈ ਦਸਤਾਵੇਜ਼ ਨਹੀਂ ਦਿੱਤਾ ਹੈ।
ਇਸ ਸਬੰਧੀ ਸੀਬੀਆਈ ਦੇ ਵਕੀਲ ਦਾ ਕਹਿਣਾ ਹੈ ਕਿ ਕੇਸ ਫਾਈਲ ਅਤੇ ਹੋਰ ਲੋੜੀਂਦੇ ਦਸਤਾਵੇਜ਼ ਸੀਬੀਆਈ ਦੇ ਮੁੱਖ ਦਫ਼ਤਰ ਨਵੀਂ ਦਿੱਲੀ ਵਿੱਚ ਹਨ। ਇਸ ਤੋਂ ਇਲਾਵਾ ਕੁੱਝ ਦਸਤਾਵੇਜ਼ ਅਦਾਲਤ ਵਿੱਚ ਹਨ। ਸਾਰੇ ਦਸਤਾਵੇਜ਼ ਇਕੱਠੇ ਕਰਕੇ ਇਕ ਫਾਈਲ ਤਿਆਰ ਕੀਤੀ ਜਾਵੇਗੀ ਅਤੇ ਸਾਰੇ ਪੰਨਿਆਂ ਦੀ ਨੰਬਰਿੰਗ ਕਰਕੇ ਪੰਜਾਬ ਪੁਲੀਸ ਦੇ ਜਾਂਚ ਅਧਿਕਾਰੀ ਨੂੰ ਦਿੱਲੀ ਸੱਦ ਕੇ ਪੂਰੀ ਫਾਈਲ ਸੌਂਪੀ ਜਾਵੇਗੀ। ਵੈਸੇ ਵੀ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਸੀਬੀਆਈ ਕੋਲ ਕੇਸ ਫਾਈਲ ਅਤੇ ਹੋਰ ਸਬੰਧਤ ਦਸਤਾਵੇਜ਼ ਪੰਜਾਬ ਪੁਲੀਸ ਨੂੰ ਵਾਪਸ ਕਰਨ ਲਈ 3 ਫਰਵਰੀ ਤੱਕ ਦਾ ਸਮਾਂ ਹੈ।

Load More Related Articles

Check Also

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’ ਸ਼ਹਿਰ ਵਿੱਚ ਲੱਗ…