ਸਰਕਾਰੀ ਆਈਟੀਆਈ ਤ੍ਰਿਪੜੀ ਵਿੱਚ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

ਇਲਾਕੇ ਦੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਵਾਂਗੇ: ਪੁਰਖਾਲਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ:
ਪੰਜਾਬ ਸਰਕਾਰ ਵੱਲੋਂ ਇਲਾਕੇ ਦੇ ਨੌਜਵਾਨ ਲੜਕੇ ਲੜਕੀਆਂ ਲਈ ਰੌਜਗਾਰ ਦੇ ਵਸੀਲੇ ਪੈਦਾ ਕਰਨ ਅਤੇ ਤਕਨੀਕੀ ਸਿੱਖਿਆ ਦੇਕੇ ਮਾਹਿਰ ਬਣਾਉਣ ਦੀਆਂ ਕੋਸ਼ਿਸ਼ਾ ਵਜੋਂ ਜ਼ਿਲ੍ਹੇ ਦੇ ਪਿੰਡ ਤ੍ਰਿਪੜੀ ਵਿਖੇ ਇੱਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸਥਾਪਿਤ ਕੀਤੀ ਗਈ ਹੈ ਜਿਸ ਵਿੱਚ ਇਲਾਕੇ ਦੀ ਮੰਗ ਨੂੰ ਧਿਆਨ ਵਿਚ ਰੱਖਦਿਆ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਵੱਲੋਂ ਪਹਿਲੇ ਗੇੜ ਵਿੱਚ ਪੰਜ ਟਰੇਡਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ।
ਸ਼ੈਸ਼ਨ 2021-22 ਲਈ ਦੋ ਟਰੇਡਾਂ ਡਰਾਫ਼ਟਸਮੈਨ ਸਿਵਲ ਅਤੇ ਸਿਲਾਈ ਕਟਾਈ ਸ਼ੁਰੂ ਕੀਤੀਆ ਗਈਆਂ ਹਨ, ਜਿਸ ਵਿੱਚ 100 ਪ੍ਰਤੀਸ਼ਤ ਦਾਖ਼ਲਾ ਕੀਤਾ ਗਿਆ ਹੈ। ਸੰਸਥਾ ਦੀ ਇਮਾਰਤ ਦਾ ਕੰਮ ਮੁਕੰਮਲ ਹੋਣ ਤੱਕ ਇਸ ਸੰਸਥਾ ਦਾ ਟਰਾਂਜਿਟ ਕੈਂਪਸ ਪਿੰਡ ਰੰਗੀਆਂ ਵਿਖੇ ਸਥਾਪਿਤ ਕੀਤਾ ਗਿਆ ਹੈ। ਸਿਲਾਈ ਕਟਾਈ ਟਰੇਡ ਵਿੱਚ ਟ੍ਰੇਨਿੰਗ ਹਾਸਲ ਕਰ ਰਹੀਆਂ ਲੜਕੀਆਂ ਨੂੰ ਸੰਸਥਾ ਦੇ ਪ੍ਰਿੰਸੀਪਲ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸ਼ਮਸ਼ੇਰ ਪੁਰਖਾਲਵੀ ਵੱਲੋਂ 2 ਦਰਜਨ ਸਿਲਾਈ ਮਸ਼ੀਨਾਂ ਤਕਸੀਮ ਕੀਤੀਆ ਗਈਆਂ ਤਾਂ ਜੋ ਸਿਖਿਆਰਥਣਾਂ ਪ੍ਰੈਟੀਕਲ ਟ੍ਰੇਨਿੰਗ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਦੇ ਨਾਲ-ਨਾਲ ਆਪਣਾ ਨਿੱਜੀ ਕਿੱਤਾ ਕਰਕੇ ਆਪਣੇ ਪਰਿਵਾਰਾਂ ਨੂੰ ਚਲਾਉਣ ਵਿਚ ਸਹਿਯੋਗ ਕਰ ਸਕਣ।
ਇਸ ਮੌਕੇ ਸਿੱਖਿਆਰਥਣਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਸ੍ਰੀ ਪੁਰਖਾਲਵੀ ਨੇ ਕਿਹਾ ਕਿ ਵਿਭਾਗ ਵੱਲੋਂ ਇਲਾਕੇ ਦੇ ਨੌਜਵਾਨਾਂ ਦੇ ਭਵਿੱਖ ਦੀ ਬਿਹਤਰੀ ਲਈ ਇਹ ਸੰਸਥਾ ਇੱਕ ਮੱਕਾ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਸੰਸਥਾ ਟਰੇਨਿੰਗ ਦੇ ਨਾਲ-ਨਾਲ ਨੌਜਵਾਨਾਂ ਨੂੰ ਸਮਾਜਿਕ ਕਦਰਾਂ-ਕੀਮਤਾਂ ਬਾਰੇ ਵੀ ਜਾਗਰੂਕ ਕਰਕੇ ਉਨ੍ਹਾਂ ਦੀ ਨਿੱਗਰ ਸਮਾਜ ਦੇ ਨਿਰਮਾਣ ਲਈ ਯੋਗਦਾਨ ਸੁਨਿਸ਼ਚਿਤ ਕਰੇਗੀ। ਸ਼੍ਰੀ ਪੁਰਖਾਲਵੀ ਨੇ ਇਕੱਠੇ ਹੋਏ ਪਿੰਡ ਵਾਸੀਆਂ ਅਤੇ ਸਿਖਿਆਰਥੀਆਂ ਨਾਲ ਵਾਅਦਾ ਕੀਤਾ ਕਿ ਸੰਸਥਾ ਰਾਹੀ ਨੌਜਵਾਨਾਂ ਨੂੰ ਸੇਧਿਤ ਟ੍ਰੇਨਿੰਗ ਦੇ ਕੇ ਆਤਮ ਨਿਰਭਰ ਬਣਾਉਣ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ।
ਇਸ ਮੌਕੇ ਪਿੰਡ ਤ੍ਰਿਪੜੀ ਦੇ ਸਰਪੰਚ ਕੁਲਵੰਤ ਸਿੰਘ ਟਿਵਾਣਾ, ਪਿੰਡ ਰੰਗੀਆਂ ਦੇ ਸਰਪੰਚ ਜਸਪਾਲ ਸਿੰਘ, ਪੰਚ ਸ਼ੇਰ ਸਿੰਘ, ਪੰਚ ਮੁਕੇਸ਼, ਸੁਖਪਾਲ ਸਿੰਘ, ਇੰਸਟਰਕਟਰ ਹਰਪਿੰਦਰ ਕੌਰ, ਪ੍ਰੀਤੀ ਸ਼ੈਣੀ, ਰੋਹਿਤ ਕੋਸ਼ਿਲ ਅਤੇ ਉਪਾਸਨਾ ਅੱਤਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…