ਕੁੰਭੜਾ ਵਿੱਚ ਰਾਸ਼ਨ ਵੰਡਣ ਮੌਕੇ ਜੁਟੀ ਲੋਕਾਂ ਦੀ ਵੱਡੀ ਭੀੜ, ਪੁਲੀਸ ਨੇ ਸਖ਼ਤੀ ਵਰਤ ਕੇ ਖਦੇੜਿਆਂ

ਪੀੜਤ ਲੋਕਾਂ ਦਾ ਦੋਸ਼, ਰਾਸ਼ਨ ਵੰਡਣ ਲਈ ਸੜਕ ’ਤੇ ਸੱਦ ਕੇ ਕੀਤਾ ਜ਼ਲੀਲ, ਪੁਲੀਸ ਤੇ ਕੌਂਸਲਰਾਂ ਨੇ ਡੰਡੇ ਮਾਰਨ ਦੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਇੱਥੋਂ ਦੇ ਸੈਕਟਰ-69 ਸਥਿਤ ਗਰੇਸੀਅਨ ਹਸਪਤਾਲ ਦੇ ਸਾਹਮਣੇ ਪਿੰਡ ਕੁੰਭੜਾ ਦੇ ਬਾਹਰ ਰਾਸ਼ਨ ਮਿਲਣ ਦੀ ਖ਼ਬਰ ਸੁਣ ਕੇ ਉੱਥੇ ਲੋੜਵੰਦ ਲੋਕਾਂ ਦੀ ਵੱਡੀ ਭੀੜ ਜਮ੍ਹਾ ਹੋ ਗਈ। ਇਸ ਤਰ੍ਹਾਂ ਰਾਸ਼ਨ ਵੰਡਣ ਆਏ ਪੈਰਾ ਮਿਲਟਰੀ ਫੋਰਸ ਅਤੇ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਰੋਨਾਵਾਇਰਸ ਦੇ ਚੱਲਦਿਆਂ ਸਮਾਜਿਕ ਦੂਰੀ ਬਣਾਏ ਰੱਖਣ ਲਈ ਪੁਲੀਸ ਨੂੰ ਸਖ਼ਤੀ ਵਰਤਣੀ ਪਈ। ਇਸ ਦੌਰਾਨ ਕੁਝ ਕੁ ਅੌਰਤਾਂ ਦੇ ਮਾਮੂਲੀ ਸੱਟਾਂ ਲੱਗਣ ਬਾਰੇ ਵੀ ਪਤਾ ਲੱਗਾ ਹੈ। ਇਸ ਸਬੰਧੀ ਪੀੜਤਾਂ ਨੇ ਮੀਡੀਆ ਅੱਗੇ ਆਪਣੀ ਗੱਲ ਰੱਖੀ ਅਤੇ ਇਨਸਾਫ਼ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਗਰੇਸੀਅਨ ਹਸਪਤਾਲ ਦੇ ਸਾਹਮਣੇ ਪੈਰਾ ਮਿਲਟਰੀ ਫੋਰਸ ਅਤੇ ਪੁਲੀਸ ਜਵਾਨ ਰਾਸ਼ਨ ਵੰਡਣ ਲਈ ਪਹੁੰਚੇ ਸੀ। ਕੁੰਭੜਾ ਦੇ ਦੋਵੇਂ ਕੌਂਸਲਰ ਰਵਿੰਦਰ ਸਿੰਘ ਬਿੰਦਰਾ ਪਹਿਲਵਾਨ ਅਤੇ ਰਮਨਪ੍ਰੀਤ ਕੌਰ ਕੁੰਭੜਾ ਦੇ ਪਤੀ ਹਰਮੇਸ਼ ਸਿੰਘ ਵੀ ਉੱਥੇ ਪਹੁੰਚ ਗਏ। ਸੁਰੱਖਿਆ ਦਸਤੇ ਨੇ ਹਾਲੇ ਰਾਸ਼ਨ ਦੇ ਪੈਕਟ ਵੰਡਣੇ ਸ਼ੁਰੂ ਹੀ ਕੀਤੇ ਸੀ ਕਿ ਦੇਖਦੇ ਹੀ ਦੇਖਦੇ ਲੋੜਵੰਦ ਲੋਕਾਂ ਦੀ ਵੱਡੀ ਭੀੜ ਜਮ੍ਹਾ ਹੋ ਗਈ ਅਤੇ ਹਰ ਕੋਈ ਰਾਸ਼ਨ ਲੈਣ ਲਈ ਉਤਾਵਲਾ ਦਿਖਾਈ ਦੇ ਰਿਹਾ ਸੀ। ਲੋਕ ਰੋਹ ਨੂੰ ਦੇਖਦੇ ਹੋਏ ਪੁਲੀਸ ਨੂੰ ਥੋੜੀ ਸਖ਼ਤੀ ਵਰਤਣੀ ਪਈ। ਜਿਸ ਦਾ ਪੀੜਤ ਲੋਕਾਂ ਨੇ ਕਾਫੀ ਬੁਰਾ ਮਨਾਇਆ ਅਤੇ ਰਾਸ਼ਨ ਨਾ ਮਿਲਣ ਦੀ ਗੱਲ ਆਖੀ।
ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਅਤੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪੀੜਤ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਲੋੜਵੰਦਾਂ ਨੂੰ ਘਰ-ਘਰ ਰਾਸ਼ਨ ਮੁਹੱਈਆ ਕਰਵਾਉਣ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਪੀੜਤ ਲੋਕਾਂ ਨੂੰ ਰਾਸ਼ਨ ਵੰਡਣ ਲਈ ਮੌਕੇ ’ਤੇ ਸੱਦ ਕੇ ਬਿਨਾਂ ਰਾਸ਼ਨ ਦਿੱਤੇ ਹੀ ਜ਼ਲੀਲ ਕਰਕੇ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਭੁੱਖੇ ਭਾਣੇ ਲੋਕਾਂ ਨੂੰ ਰਾਸ਼ਨ ਨਹੀਂ ਦੇ ਸਕਦੀ ਤਾਂ ਘੱਟੋ-ਘੱਟ ਡੰਡੇ ਮਾਰ ਕੇ ਨਾ ਖਦੇੜਿਆ ਜਾਵੇ।
ਇਸ ਸਬੰਧੀ ਕੌਂਸਲਰ ਰਵਿੰਦਰ ਸਿੰਘ ਬਿੰਦਰਾ ਅਤੇ ਮਹਿਲਾ ਕੌਂਸਲਰ ਦੇ ਪਤੀ ਹਰਮੇਸ਼ ਸਿੰਘ ਨੇ ਦੱਸਿਆ ਕਿ ਅੱਜ ਪੈਰਾ ਮਿਲਟਰੀ ਫੋਰਸ ਅਤੇ ਪੁਲੀਸ ਕਰਮਚਾਰੀ 70 ਕੁ ਪੈਕਟ ਲੈ ਕੇ ਕੁੰਭੜਾ ਵਿੱਚ ਵੰਡਣ ਲਈ ਪਹੁੰਚੇ ਸੀ ਪ੍ਰੰਤੂ ਉੱਥੇ ਕਰੀਬ ਹਜ਼ਾਰ ਬੰਦਾ ਇਕੱਠਾ ਹੋ ਗਿਆ। ਜਿਸ ਕਾਰਨ ਰਾਸ਼ਨ ਵੰਡਣ ਦਾ ਕੰਮ ਪ੍ਰਭਾਵਿਤ ਹੋ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਭੀੜ ਨੂੰ ਖਦੇੜਨ ਲਈ ਪੁਲੀਸ ਨੇ ਕਿਸੇ ਵਿਅਕਤੀ ਦੇ ਡੰਡਾ ਨਹੀਂ ਮਾਰਿਆ ਹੈ। ਇਹ ਸਾਰਾ ਡਰਾਮਾ ਬਾਅਦ ਵਿੱਚ ਰਚਿਆ ਗਿਆ ਹੈ। ਕੌਂਸਲਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੁਲੀਸ ਨੂੰ ਸਲਾਹ ਦਿੱਤੀ ਸੀ ਕਿ ਲੋੜਵੰਦਾਂ ਨੂੰ ਇਕ ਥਾਂ ’ਤੇ ਇਕੱਠੇ ਕਰਨ ਦੀ ਬਜਾਏ ਘਰ-ਘਰ ਜਾ ਕੇ ਰਾਸ਼ਨ ਵੰਡਿਆ ਜਾਵੇ ਪਰ ਉਨ੍ਹਾਂ ਦੀ ਗੱਲ ਅਣਸੁਣੀ ਕਰ ਦਿੱਤੀ। ਜਿਸ ਕਾਰਨ ਅਜਿਹੇ ਹਾਲਾਤ ਬਣ ਗਏ।
ਉਧਰ, ਪੁਲੀਸ ਅਧਿਕਾਰੀ ਨੇ ਰਾਸ਼ਨ ਵੰਡਣ ਮੌਕੇ ਲੋੜਵੰਦਾਂ ਨੂੰ ਡੰਡੇ ਮਾਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਇਕ ਤਾਂ ਰਾਸ਼ਨ ਵੰਡੋ, ਉੱਤੋਂ ਬਦਨਾਮੀ ਵੀ ਕਰਵਾਓ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਹਾਲਾਤ ਬਣਦੇ ਰਹੇ ਤਾਂ ਫਿਰ ਇਨ੍ਹਾਂ ਨੂੰ ਰਾਸ਼ਨ ਵੰਡਣ ਕੌਣ ਅੱਗੇ ਆਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਠਰੰਮੇ ਤੋਂ ਕੰਮ ਲੈਣ ਅਤੇ ਪੜਾਅਵਾਰ ਸਾਰਿਆਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…