Share on Facebook Share on Twitter Share on Google+ Share on Pinterest Share on Linkedin ਛੇ ਜਿਲ੍ਹਿਆਂ ਦੇ 73748 ਕਿਸਾਨਾਂ ਨੂੰ 485.69 ਕਰੋੜ ਰੁਪਏ ਦੇ ਕਰਜ਼ਾ ਮੁਆਫ਼ੀ ਸਰਟੀਫਿਕੇਟ ਤਕਸੀਮ ਸਥਾਨਕ ਵਿਧਾਇਕ ਵੱਲੋਂ ਉਠਾਈਆਂ ਸਾਰੀਆਂ ਮੰਗਾਂ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਨੇ ਮੈਨੂੰ ਕਿਹਾ: ਵਿੱਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਰਾਮਪੁਰਾ ਖੇਡ ਸਟੇਡੀਅਮ ਲਈ 25 ਲੱਖ ਰੁਪਏ ਦੀ ਗਰਾਂਟ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, ਰਾਮਪੁਰਾ (ਸੰਗਰੂਰ), 12 ਅਪਰੈਲ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਹੇਠ ਅੱਜ ਫੇਰ 6 ਜ਼ਿਲ੍ਹਿਆਂ ਦੇ 73748 ਕਿਸਾਨਾਂ ਨੂੰ 485.69 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਤਕਸੀਮ ਕੀਤੇੇ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਕੈਬਨਿਟ ਸਾਥੀਆਂ ਦੀ ਹਾਜ਼ਰੀ ਵਿੱਚ 14 ਕਿਸਾਨਾਂ ਨੂੰ ਸੰਕੇਤ ਦੇ ਰੂਪ ਵਿਚ ਕਰਜ਼ਾ ਮੁਆਫ਼ੀ ਸਰਟੀਫਿਕੇਟ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਲੋਕ ਨਿਰਮਾਣ ਮੰਤਰੀ ਰਜੀਆ ਸੁਲਤਾਨ ਅਤੇ ਜੰਗਲਾਤ ਤੇ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਹਾਜ਼ਰ ਸਨ। ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਵਿਦੇਸ਼ ਮਾਮਲਿਆਂ ਦੇ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਅਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵੀ ਇਸ ਕਰਜ਼ਾ ਮੁਕਤੀ ਸਮਾਰੋਹ ਵੇਲੇ ਹਾਜ਼ਰ ਸਨ ਜਦਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਹੈਲੀਕਾਪਟਰ ਵਿਚ ਆਖ਼ਰੀ ਮਿੰਟ ’ਤੇ ਖਰਾਬੀ ਆ ਜਾਣ ਕਾਰਨ ਮਜਬੂਰਨ ਇਸ ਸਮਾਗਮ ਵਿਚ ਹਾਜ਼ਰ ਨਹੀਂ ਹੋ ਸਕੇ। ਆਪਣੇ ਪ੍ਰੋਗਰਾਮ ਵਿਚ ਤਬਦੀਲੀ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਕਰ ਕੇ ਇਸ ਮੌਕੇ ਨਿੱਜੀ ਤੌਰ ’ਤੇ ਸ਼ਾਮਲ ਨਾ ਹੋ ਸਕਣ ਕਰਕੇ ਅਫ਼ਸੋਸ ਪ੍ਰਗਟ ਕੀਤਾ ਅਤੇ ਉਨ੍ਹਾਂ ਨੇ ਕਿਸਾਨ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਨਿੱਜੀ ਵਚਨਬੱਧਤਾ ਨੂੰ ਦੁਹਰਾਇਆ। ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਰਾਮਪੁਰਾ ਖੇਡ ਸਟੇਡੀਅਮ ਦਾ ਪੱਧਰ ਉੱਚਾ ਚੁੱਕਣ ਲਈ 25 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਜਦ ਕਿ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਭਾਸ਼ਨ ਦੌਰਾਨ ਕਿਹਾ ਕਿ ਭਵਾਨੀਗੜ੍ਹ ਹਸਪਤਾਲ ਵਿਚ ਟਰੋਮਾ ਸੈਂਟਰ ਅਤੇ ਸੰਗਰੂਰ ਲਈ ਮੈਡੀਕਲ ਕਾਲਜ ਸਣੇ ਸਥਾਨਕ ਵਿਧਾਇਕ ਵਿਜੇਂਦਰ ਸਿੰਗਲਾ ਵੱਲੋਂ ਉਠਾਈਆਂ ਗਈਆਂ ਸਾਰੀਆਂ ਮੰਗਾਂ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਨੇ ਮੈਨੂੰ ਨਿਰਦੇਸ਼ ਦਿੱਤੇ ਹਨ। ਸੰਗਰੂਰ, ਬਰਨਾਲਾ, ਪਟਿਆਲਾ, ਫਤਹਿਗੜ੍ਹ ਸਾਹਿਬ, ਐਸ.ਏ.ਐਸ. ਨਗਰ ਦੇ ਕਿਸਾਨ ਲਾਭਪਾਤਰੀਆਂ ਨੂੰ ਅੱਜ ਦੇ ਸਮਾਗਮ ਦੌਰਾਨ ਕਰਜ਼ਾ ਮੁਆਫੀ ਸਕੀਮ ਹੇਠ ਸਰਟੀਫਿਕੇਟ ਵੰਡੇ ਗਏ। ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਰਜ਼ੇ ਮੁਆਫ ਕਰਨ ਲਈ ਚੁੱਕੇ ਗਏ ਇਸ ਇਤਿਹਾਸਕ ਕਦਮ ਵਾਸਤੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਸੂਬੇ ਦੀ ਵਿੱਤੀ ਹਾਲਤ ਮਾੜੀ ਹੋਣ ਦੇ ਬਾਵਜੂਦ ਦੇਸ਼ ਵਿਚ ਪੰਜਾਬ ਦੇ ਕਿਸਾਨਾਂ ਦਾ ਸਭ ਤੋਂ ਵੱਧ ਕਰਜ਼ਾ ਮੁਆਫ ਕੀਤਾ ਗਿਆ ਹੈ। ਪਿਛਲੇ 10 ਸਾਲਾਂ ਦੇ ਸ਼ਾਸਨ ਦੌਰਾਨ ਕਿਸਾਨਾਂ ਲਈ ਡੱਕਾ ਭੰਨ ਕੇ ਦੋਹਰਾ ਨਾ ਕਰ ਸਕਣ ਵਿਚ ਨਾਕਾਮ ਰਹੀ ਅਕਾਲੀ ਲੀਡਰਸ਼ਿਪ ਵੱਲੋਂ ਝੂਠੇ ਭੰਡੀ ਪ੍ਰਚਾਰ ਰਾਹੀਂ ਕਾਂਗਰਸ ਸਰਕਾਰ ਦੇ ਅਕਸ਼ ਨੂੰ ਢਾਹ ਲਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਮਨਪ੍ਰੀਤ ਸਿੰਘ ਬਾਦਲ ਨੇ ਤਿੱਖੀ ਆਲੋਚਨਾ ਕੀਤੀ। ਸ੍ਰੀਮਤੀ Ðਰਜ਼ੀਆ ਸੁਲਤਾਨ ਅਤੇ ਸਾਧੂ ਸਿੰਘ ਧਰਮਸੋਤ ਨੇ ਵੀ ਅਕਾਲੀਆਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਅਕਾਲੀ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਲੋਕਾਂ ਨੂੰ ਗੁੰਮਰਾਹ ਕਰਨ ਦੀ ਖੇਡ ਵਿਚ ਰੁੱਝੇ ਹੋਏ ਹਨ। ਮੰਤਰੀਆਂ ਨੇ ਸੂਬੇ ਨੂੰ ਤਬਾਹ ਕਰਨ ਦੇ ਲਈ ਅਕਾਲੀਆਂ ਦੀ ਤਿੱਖੀ ਆਲੋਚਣਾ ਕੀਤੀ। ਇਸ ਮੌਕੇ ਬੋਲਦਿਆਂ ਲੋਕ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਪ੍ਰਧਨ ਸ੍ਰੀ ਸੁਨੀਲ ਜਾਖੜ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਪੰਜਾਬ ਦੇ ਖ਼ਜ਼ਾਨੇ ਨੂੰ ਤਬਾਹ ਕਰਕੇ ਆਪਣੇ ਹਿੱਤਾਂ ਦੀ ਪੂਰਤੀ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਅੱਜ ਅਕਾਲੀ ਦਲ ਵਾਲੇ ਕਰਜ਼ਾ ਮੁਆਫ਼ੀ ਯੋਜਨਾ ਸਬੰਧੀਂ ਤਰ੍ਹਾਂ-ਤਰ੍ਹਾਂ ਦੇ ਸਵਾਲ ਉਠਾ ਰਹੇ ਹਨ ਪਰੰਤੂ ਜਿਆਦਾ ਤਰ ਸਹਿਕਾਰੀ ਸਭਾਵਾਂ ਦੇ ਕਰਜਾ ਨਾ ਮੋੜਨ ਵਾਲੇ ਅਕਾਲੀ ਦਲ ਨਾਲ ਸਬੰਧਤ ਆਗੂ ਹੀ ਹਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਬੇਨਤੀ ਕਰਨਗੇ ਕਿ ਇਨ੍ਹਾਂ ਜਾਣਬੁੱਝ ਕੇ ਕਰਜਾ ਨਾ ਮੋੜਨ ਵਾਲੇ ਵੱਡੇ ਡਿਫ਼ਾਲਟਰਾਂ ਦੀ ਕੁਰਕੀ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰਨ। ਇਸ ਮੌਕੇ ਪੁੱਜੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਦੇ ਇਸ ਵੱਡੇ ਇਕੱਠ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਸੂਬੇ ਦੇ ਚਹੁੰਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਕਿਸਾਨਾਂ ਦੀ ਕਰਜੇ ਦੀ ਸਮੱਸਿਆ ਦਾ ਪੱਕਾ ਹੱਲ ਕੱਢਣ ਦੇ ਮਕਸਦ ਤਹਿਤ ਇੱਕ ਨੀਤੀ ਬਣਾਉਣ ਲਈ ਵਿਧਾਇਕਾਂ ਦੀ ਕਮੇਟੀ ਦਾ ਗਠਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਮਾੜੀ ਮਾਲੀ ਹਾਲਤ ਦੇ ਬਾਵਜੂਦ ਵੀ ਕੈਪਟਨ ਸਰਕਾਰ ਨੇ ਅਕਾਲੀ ਸਰਕਾਰ ਵੱਲੋਂ ਗਿਰਵੀ ਰੱਖੇ ਗਏ ਮੰਡੀ ਬੋਰਡ ਨੂੰ 2000 ਕਰੋੜ ਰੁਪਏ ਸੂਬੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਨ ਤੇ ਕੁਝ ਨਵੀਆਂ ਲਿੰਕ ਸੜਕਾਂ ਬਣਾਉਣ ਲਈ ਦਿੱਤੇ ਹਨ। ਜਦੋਂਕਿ ਮੰਡੀਆਂ ਦੇ ਬੁਨਿਆਦੀ ਢਾਂਚੇ ਨੂੰ ਵੀ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਅਕਾਲੀ ਦਲ ਵਾਲੇ ਖ਼ੁਦ ਤਾਂ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦੇ ਸਕੇ ਅਤੇ ਨਾ ਹੀ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਕਰਜਾ ਰਾਹਤ ਰਾਸ਼ੀ ਹੀ ਕਿਸਾਨਾਂ ਨੂੰ ਵੰਡ ਸਕੇ। ਸਮਾਗਮ ਦੌਰਾਨ ਸੰਗਰੂਰ ਦੇ ਵਿਧਾਇਕ ਵਿਜੇਇੰਦਰ ਸਿੰਗਲਾ ਨੇ ਆਏ ਹੋਏ ਪੰਜਾਬ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ ਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਅਹਿਮ ਸਮਾਗਮ ਸੰਗਰੂਰ ਜ਼ਿਲ੍ਹੇ ’ਚ ਰੱਖਕੇ ਇਸ ਜ਼ਿਲ੍ਹੇ ਨੂੰ ਜੋ ਮਾਣ ਦਿੱਤਾ ਹੈ, ਉਸ ਲਈ ਸੰਗਰੂਰ ਦੇ ਨਿਵਾਸੀ ਉਨ੍ਹਾਂ ਦੇ ਸਦਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸਾਨੀ ਲਈ ਜੋ ਕੁਝ ਕਾਂਗਰਸ ਸਰਕਾਰਾਂ ਨੇ ਕੀਤਾ ਹੈ, ਉਹ ਅਕਾਲੀ ਭਾਜਪਾ ਸਰਕਾਰ ਕਦੇ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਅਕਾਲੀ ਦਲ ਨੇ ਹਮੇਸ਼ਾ ਪੰਥ ਦੀ ਰਾਜਨੀਤੀ ਕੀਤੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਜੋ ਕੁਝ ਕਿਹਾ ਉਹ ਕਰਕੇ ਵਿਖਾਇਆ, ਜਿਸ ਦੀ ਉਦਾਹਰਣ ਸ੍ਰੀ ਹਰਿਮੰਦਿਰ ਸਾਹਿਬ ਤੇ ਦੁਰਗਿਆਣਾ ਮੰਦਿਰ ਤੋਂ ਪੰਜਾਬ ਦੇ ਹਿੱਸੇ ਦਾ ਜੀ.ਐਸ.ਟੀ ਹਟਾਉਣ ਲਈ ਵੀ ਉਹੋ ਹੀ ਅੱਗੇ ਆਏ ਹਨ। ਸਮਾਗਮ ਦੌਰਾਨ ਸੇਵਾ ਮੁਕਤ ਡਿਪਟੀ ਰਜਿਸਟਰਾਰ ਜਨਾਬ ਸਮਸ਼ਾਦ ਅਲੀ ਨੇ ਮੰਚ ਸੰਚਾਲਣ ਕੀਤਾ। ਇਸ ਸਮੇਂ 6 ਜ਼ਿਲ੍ਹਿਆਂ ਦੇ ਜਿਹੜੇ 14 ਕਿਸਾਨਾਂ ਨੂੰ ਕਰਜਾ ਰਾਹਤ ਮੁਕਤੀ ਸਕੀਮ ਦੇ ਸਰਟੀਫਿਕੇਟ ਸੰਕੇਤਕ ਤੌਰ ’ਤੇ ਵੰਡੇ ਗਏ। ਉਨ੍ਹਾਂ ਵਿੱਚ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਪਨੈਚਾ ਦਾ ਰਜਿੰਦਰ ਸਿੰਘ, ਸੰਗਰੂਰ ਦੇ ਸਿਕੰਦਰਪੁਰਾ ਤੋਂ ਲਾਲ ਸਿੰਘ, ਭੱਟੀਵਾਲ ਕਲਾਂ ਤੋਂ ਗੁਰਤੇਜ ਸਿੰਘ, ਅਲੀਪੁਰ ਤੋਂ ਦਰਸ਼ਨ ਸਿੰਘ, ਫ਼ਤਹਿਗੜ੍ਹ ਪੰਜਗਰਾਂਈਆਂ ਤੋਂ ਸੁਖਵਿੰਦਰ ਸਿੰਘ ਤੇ ਪਿੰਡ ਸ਼ਾਹਪੁਰ ਕਲਾਂ ਤੋਂ ਨਛੱਤਰ ਸਿੰਘ, ਜ਼ਿਲ੍ਹਾ ਬਰਨਾਲਾ ਤੋਂ ਅਸਪਾਲ ਕਲਾਂ ਤੋਂ ਪ੍ਰਿਤਪਾਲ ਸਿੰਘ, ਬਿਲਾਸਪੁਰੀਆ ਕੋਠੇ ਤੋਂ ਹਰਪ੍ਰੀਤ ਸਿੰਘ, ਪਟਿਆਲਾ ਜ਼ਿਲ੍ਹੇ ਦੇ ਪਿੰਡ ਭੱਠਲਾਂ ਤੋਂ ਤਰਲੋਚਨ ਸਿੰਘ, ਮੰਡੌੜ ਤੋਂ ਸਤਗੁਰ ਸਿੰਘ, ਰੂਪਨਗਰ ਦੇ ਸਜਮੌਰ ਤੋਂ ਪ੍ਰੇਮ ਸਿੰਘ, ਸਲਾਪੁਰ ਤੋਂ ਰਣਧੀਰ ਸਿੰਘ, ਮੁਹਾਲੀ ਦੇ ਪਿੰਡ ਗੋਚਰ ਤੋਂ ਕੇਸਰ ਸਿੰਘ ਅਤੇ ਭਾਗੋਮਾਜਰਾ ਤੋਂ ਅਮਰ ਸਿੰਘ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ