
ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੇ ਉਤਸ਼ਾਹ ਤੇ ਚਾਵਾਂ ਨਾਲ ਮਨਾਇਆ ‘ਵਿਸ਼ਵ ਵਾਤਾਵਰਨ ਦਿਵਸ’
ਵਿਸ਼ਵ ਵਾਤਾਵਰਨ ਦਿਵਸ: ਡੀਸੀ ਦੀ ਅਗਵਾਈ ਹੇਠ ਕੱਢੀ ਸਾਈਕਲ ਰੈਲੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 100 ‘ਮਿੰਨੀ ਜੰਗਲ’ ਸਥਾਪਿਤ ਕੀਤੇ ਜਾਣਗੇ, ਥਾਵਾਂ ਦੀ ਸ਼ਨਾਖ਼ਤ ਕੀਤੀ: ਅਮਿਤ ਤਲਵਾੜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ:
ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਹਵਾ, ਮਿੱਟੀ, ਪਾਣੀ ਤੇ ਆਵਾਜ਼ ਪ੍ਰਦੂਸ਼ਣ ਦੇ ਖ਼ਿਲਾਫ਼ ਅੱਜ ਵਾਤਾਵਰਨ ਦਿਵਸ ਪੂਰੇ ਉਤਸ਼ਾਹ ਅਤੇ ਚਾਅ ਨਾਲ ਮਨਾਇਆ ਗਿਆ। ਇਸ ਮੌਕੇ ਡੀਸੀ ਨੇ ਵਾਤਾਵਰਨ ਦੀ ਸ਼ੁੱਧਤਾ ਦਾ ਸੰਦੇਸ਼ ਦਿੰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਲੇ ਦੁਆਲੇ ‘ਹਰ ਮਨੁੱਖ ਲਾਵੇ ਇੱਕ ਰੁੱਖ’ ਦੇ ਨਾਅਰੇ ਅਧੀਨ ਪੌਦੇ ਲਗਾਏ ਗਏ। ਇਸ ਮਗਰੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਨਹਿਰੂ ਯੁਵਾ ਕੇਂਦਰ, ਜੱਗ ਜਿਉਂਦਿਆਂ ਦੇ ਮੇਲੇ ਕਲੱਬ, ਜੁਗਨੀ ਕਲਚਰ ਤੇ ਵੈੱਲਫੇਅਰ ਕਲੱਬ, ਸਕੂਲੀ ਬੱਚਿਆਂ ਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਸਾਈਕਲ ਰੈਲੀ ਕੱਢੀ ਗਈ। ਜਿਸ ਵਿੱਚ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਸਮੇਤ ਏਡੀਸੀ ਅਮਨਿੰਦਰ ਕੌਰ ਬਰਾੜ, ਐਸਡੀਐਮ ਹਰਬੰਸ ਸਿੰਘ, ਸਹਾਇਕ ਕਮਿਸ਼ਨਰ ਤਰਸੇਮ ਚੰਦ ਨੇ ਉਚੇਚੇ ਤੌਰ ’ਤੇ ਹਿੱਸਾ ਲਿਆ। ਇਹ ਸਾਈਕਲ ਰੈਲੀ ਡੀਸੀ ਦਫ਼ਤਰ ਤੋਂ ਸ਼ੁਰੂ ਹੋ ਕੇ ਵੇਵ ਅਸਟੇਟ ਤੋਂ ਹੁੰਦੇ ਹੋਏ ਲਗਪਗ 10 ਕਿੱਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਮੁੜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪਹੁੰਚ ਸਮਾਪਤ ਹੋਈ।
ਅਮਿਤ ਤਲਵਾੜ ਨੇ ਕਿਹਾ ਕਿ ਵਾਤਾਵਰਨ ਸਮੱਸਿਆ ਦਿਨ ਪ੍ਰਤੀ ਦਿਨ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਤ੍ਰਾਸਦੀ ਇਹ ਹੈ ਕਿ ਮਨੁੱਖ ਕੋਲ ਰਹਿਣ ਲਈ ਸਿਰਫ਼ ਇੱਕ ਧਰਤੀ ਹੈ ਪਰ ਮਨੁੱਖ ਦੇ ਵਾਤਾਵਰਨ ਪ੍ਰਤੀ ਗੈਰ ਜ਼ਿੰਮੇਵਾਰਨਾ ਰੁਖ ਕਾਰਨ ਕੁਦਰਤ ਦੀਆਂ ਜੀਵਨ ਜਿਊਣ ਲਈ ਬੁਨਿਆਦੀ ਨਿਆਮਤਾਂ ਜਿਵੇਂ ਹਵਾ, ਪਾਣੀ, ਮਿੱਟੀ ਪਲੀਤ ਅਤੇ ਗੰਧਲੀਆਂ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਨੁੱਖੀ ਜੀਵਨ ਲਈ ਰੁੱਖਾਂ ਦੀ ਬਹੁਤ ਲੋੜ ਹੈ ਪਰ ਦਿਨ ਪ੍ਰਤੀ ਦਿਨ ਰੁੱਖ ਕੱਟੇ ਜਾ ਰਹੇ ਹਨ।
ਡੀਸੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਸਮੇਂ ਵਿੱਚ 100 ਛੋਟੇ ਜੰਗਲ ਸਥਾਪਿਤ ਕੀਤੇ ਜਾਣਗੇ। ਇਨ੍ਹਾਂ ਜੰਗਲਾਂ ਲਈ ਲੋੜੀਂਦੀ ਥਾਂ ਦੀ ਸ਼ਨਾਖ਼ਤ ਕੀਤੀ ਜਾ ਚੁੱਕੀ ਹੈ। ਇਸ ਦੌਰਾਨ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਅਤੇ ਬਾਹਰ ਪਲਾਸਟਿਕ ਦੇ ਲਿਫ਼ਾਫ਼ੇ, ਕੂੜਾ ਕਰਕਟ ਅਤੇ ਹੋਰ ਹਾਨੀਕਾਰਕ ਪਦਾਰਥਾਂ ਨੂੰ ਚੁੱਕ ਕੇ ਕੂੜੇਦਾਨ ਵਿੱਚ ਸੁੱਟਿਆਂ ਗਿਆ ਅਤੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਪੌਲੀਥੀਨ ਦੇ ਲਿਫ਼ਾਫ਼ੇ ਅਤੇ ਕੂੜਾ ਕਰਕਟ ਵਾਤਾਵਰਨ ਲਈ ਹਾਨੀਕਾਰਕ ਹਨ। ਅਖੀਰ ਵਿੱਚ ਦੇਸੀ ਰੰਗਮੰਚ ਵੱਲੋਂ ‘ਆਪਣੀ ਧਰਤੀ ਆਪਣਾ ਇਨਵਾਇਰਮੈਂਟ’ ਨੁੱਕੜ ਨਾਟਕ ਪੇਸ਼ ਕੀਤਾ। ਜਿਸ ਰਾਹੀਂ ਉਨ੍ਹਾਂ ਨੇ ਵਾਤਾਵਰਨ ਦੀ ਸ਼ੁੱਧਤਾ, ਆਪਣੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਦਾ ਸੁਨੇਹਾ ਦਿੱਤਾ।
ਇਸ ਮੌਕੇ ਏਡੀਸੀ (ਸ਼ਹਿਰੀ ਵਿਕਾਸ) ਸ੍ਰੀਮਤੀ ਪੂਜਾ ਐਸ ਗਰੇਵਾਲ, ਤਹਿਸੀਲਦਾਰ (ਚੋਣਾਂ) ਸੰਜੇ ਕੁਮਾਰ, ਜੁਗਨੀ ਕਲਚਰ ਤੇ ਵੈੱਲਫੇਅਰ ਕਲੱਬ ਤੇ ਜੱਗ ਜਿਉਂਦਿਆਂ ਦੇ ਮੇਲੇ ਕਲੱਬ ਦੇ ਅਹੁਦੇਦਾਰ ਦਵਿੰਦਰ ਸਿੰਘ ਜੁਗਨੀ, ਜਸਪ੍ਰੀਤ ਰੰਧਾਵਾ, ਹਰਪ੍ਰੀਤ ਹਨੀ, ਲਖਵਿੰਦਰ ਲੱਖੀ, ਹਰਿੰਦਰਪਾਲ ਸਿੰਘ ਤੇ ਭੁਪਿੰਦਰ ਝੱਜ ਵੀ ਹਾਜ਼ਰ ਸਨ।