Nabaz-e-punjab.com

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਾ ਮੁਕਤੀ ਲਈ ਜਲਦੀ ਸ਼ੁਰੂ ਕੀਤੀ ਜਾਵੇਗੀ ਹੈਲਪਲਾਈਨ: ਡੀਸੀ ਗਿਰੀਸ਼ ਦਿਆਲਨ

ਡੀਸੀ ਗਿਰੀਸ਼ ਦਿਆਲਨ ਨੇ ਹਫ਼ਤਾਵਾਰੀ ਮੀਟਿੰਗ ਵਿੱਚ ਜ਼ਿਲ੍ਹਾ ਮਿਸ਼ਨ ਟੀਮ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਤੇਜ਼ ਕਰਦਿਆਂ ਪੰਜਾਬ ਪੁਲੀਸ, ਸਿਵਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਡਰੱਗ ਇੰਸਪੈਕਟਰ ਨਾਲ ਮਿਲ ਕੇ ਪਾਬੰਦੀਸ਼ੁਦਾ/ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਠੱਲ੍ਹ ਪਾਉਣ ਲਈ ਸਾਂਝੇ ਯਤਨ ਕੀਤੇ ਜਾਣ ਤਾਂ ਜੋ ਨਸ਼ਿਆਂ ਦੇ ਜ਼ਹਿਰ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਿਆ ਜਾ ਸਕੇ। ਇਹ ਗੱਲ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਨਸ਼ਿਆਂ ਖ਼ਿਲਾਫ਼ ਜ਼ਿਲ੍ਹਾ ਮਿਸ਼ਨ ਟੀਮ ਦੀ ਹਫ਼ਤਾਵਾਰੀ ਮੀਟਿੰਗ ਦੌਰਾਨ ਆਖੀ। ਉਨ੍ਹਾਂ ਜ਼ਿਲ੍ਹਾ ਮਿਸ਼ਨ ਟੀਮ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜ਼ਿਲ੍ਹੇ ’ਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਖ਼ਿਲਾਫ਼ ਬਣਾਏ ਨਿਵੇਕਲੇ ਐਕਸ਼ਨ ਪਲਾਨ ਤਹਿਤ ‘ਪਿੰਡ ਮਿਸ਼ਨ ਟੀਮਾਂ’ ਕਾਇਮ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ ਆਧਾਰ ’ਤੇ ਸ਼ਹਿਰਾਂ ਵਿੱਚ ਵੀ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਟੀਮਾਂ ਬਣਾਈਆਂ ਜਾਣਗੀਆਂ।
ਡੀਸੀ ਨੇ ਕਿਹਾ ਕਿ ਅਧਿਕਾਰੀ ‘ਪਿੰਡ ਮਿਸ਼ਨ ਟੀਮਾਂ ਤੇ ਨਸ਼ਾ ਨਿਗਰਾਨ ਕਮੇਟੀਆਂ’ ਰਾਹੀਂ ਇਸ ਐਕਸ਼ਨ ਪਲਾਨ ਨੂੰ ਪਿੰਡ ਪੱਧਰ ਉਤੇ ਲਾਗੂ ਕਰਨਾ ਯਕੀਨੀ ਬਣਾਉਣ ਅਤੇ ਇਨ੍ਹਾਂ ਟੀਮਾਂ ਵਿੱਚ ਪੰਚਾਇਤ ਸਕੱਤਰਾਂ, ਪਟਵਾਰੀਆਂ ਅਤੇ ਆਸ਼ਾ ਵਰਕਰਾਂ ਨੂੰ ਸ਼ਾਮਲ ਕੀਤਾ ਜਾਵੇ। ਇਸ ਤੋਂ ਇਲਾਵਾ ਇਨ੍ਹਾਂ ਟੀਮਾਂ ਵਿੱਚ ਇਕ ਬੀਟ ਕਾਂਸਟੇਬਲ ਨੂੰ ਵੀ ਸ਼ਾਮਲ ਕੀਤਾ ਜਾਵੇ। ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦੇ ਐਕਸ਼ਨ ਪਲਾਨ ’ਤੇ ਚਾਨਣਾ ਪਾਉਂਦਿਆਂ ਸ੍ਰੀ ਦਿਆਲਨ ਨੇ ਕਿਹਾ ਕਿ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖਤਮ ਕਰਨ ਲਈ ਐਨਫੋਰਸਮੈਂਟ, ਨਸ਼ਾ ਮੁਕਤ ਤੇ ਰੋਕਥਾਮ ਉਤੇ ਆਧਾਰਤ ਤਿੰਨ ਦਿਸ਼ਾਵੀ ਰਣਨੀਤੀ ਬਣਾਈ ਹੈ, ਜਿਸ ਤਹਿਤ ਉਨ੍ਹਾਂ ਪੁਲਿਸ ਵਿਭਾਗ ਨੂੰ ਰਾਤ ਨੂੰ ਲਾਏ ਜਾਂਦੇ ਨਾਕਿਆਂ ’ਤੇ ਚੌਕਸੀ ਹੋਰ ਵਧਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਝੁੱਗੀਆਂ ਝੌਂਪੜੀਆਂ ਤੇ ਨਸ਼ਿਆਂ ਦੀ ਵਿਕਰੀ ਦੀ ਸੰਭਾਵਨਾ ਵਾਲੀਆਂ ਹੋਰ ਥਾਵਾਂ ਅਤੇ ਦਵਾਈਆਂ ਦੀ ਆਨਲਾਈਨ ਵਿਕਰੀ ’ਤੇ ਵੀ ਨਜ਼ਰ ਰੱਖੀ ਜਾਵੇ। ਉਨ੍ਹਾਂ ਦੱਸਿਆ ਕਿ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਵੀ ਉਪਰਾਲੇ ਵਿੱਢੇ ਗਏ ਹਨ ਅਤੇ ਇਸ ਐਕਸ਼ਨ ਪਲਾਨ ਨੂੰ ਡੈਪੋ ਤੇ ਬਡੀ ਪ੍ਰੋਗਰਾਮਾਂ ਦੀ ਤਰਜ਼ ਉਤੇ ਹੀ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲਦੀ ਹੀ ਨਸ਼ਾ ਮੁਕਤੀ ਸਬੰਧੀ ਹੈਲਪ ਲਾਈਨ ਸ਼ੁਰੂ ਕੀਤੀ ਜਾ ਰਹੀ ਹੈ। ਡੀਸੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡ ਪੱਧਰ ’ਤੇ ਖੇਡ ਮੁਕਾਬਲਿਆਂ ਤੇ ਨੁੱਕੜ ਨਾਟਕਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਸਕੇ।
ਮੀਟਿੰਗ ਵਿੱਚ ਏਡੀਸੀ (ਜ) ਸ੍ਰੀਮਤੀ ਸਾਕਸ਼ੀ ਸਾਹਨੀ, ਐਸਪੀ (ਐਚ) ਗੁਰਸੇਵਕ ਸਿੰਘ, ਸਿਵਲ ਸਰਜਨ ਡਾ. ਮਨਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਯਸ਼ਪਾਲ ਸ਼ਰਮਾ, ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ, ਐਸਡੀਐਮ ਖਰੜ ਵਿਨੋਦ ਬਾਂਸਲ, ਐਸਡੀਐਮ ਡੇਰਾਬੱਸੀ ਸ੍ਰੀਮਤੀ ਪੂਜਾ ਗਰੇਵਾਲ, ਡੀਡੀਪੀਓ ਡੀਕੇ ਸਾਲਦੀ, ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਵਿੰਦਰ ਰਾਹੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…