ਮੁਹਾਲੀ ਵਿੱਚ ਬਣਨ ਵਾਲੇ ਆਰਜ਼ੀ ਕੋਵਿਡ ਹਸਪਤਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਸਹਿਯੋਗ ਦੇਵੇਗਾ: ਆਸ਼ਿਕਾ ਜੈਨ

ਏਡੀਸੀ ਸ੍ਰੀਮਤੀ ਜੈਨ ਵੱਲੋਂ ਹਸਪਤਾਲ ਦੇ ਨਿਰਮਾਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਪੰਜਾਬ ਸਰਕਾਰ ਨੇ ਸਿਹਤ ਵਿਭਾਗ ਰਾਹੀਂ ਆਰਜ਼ੀ ਕੋਵਿਡ ਹਸਪਤਾਲ ਸਥਾਪਿਤ ਕਰਨ ਲਈ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਅਤੇ ਮੈਸਰਜ਼ ਮੁਹਾਲੀ ਮੈਡੀਕਲ ਗਰੁੱਪ ਪ੍ਰਾਈਵੇਟ ਲਿਮਟਿਡ ਨੂੰ ਸਵੈ-ਘੋਸ਼ਣਾ ਦੇ ਅਧਾਰ ’ਤੇ ਮੁਹਾਲੀ ਵਿਖੇ ਆਰਜ਼ੀ ਹਸਪਤਾਲ ਦਾ ਤੁਰੰਤ ਨਿਰਮਾਣ ਸ਼ੁਰੂ ਕਰਨ ਲਈ ਇਸ ਤਰ੍ਹਾਂ ਦੀ ਪਹਿਲੀ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ ਹੈ। ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਕੋਵਿਡ ਹਸਪਤਾਲ ਛੇਤੀ ਸ਼ੁਰੂ ਹੋ ਸਕੇ ਅਤੇ ਕਰੋਨਾ ਨੂੰ ਠੱਲ੍ਹ ਪਾਉਣ ਵਿੱਚ ਸਹਾਈ ਹੋਵੇ। ਇਹ ਪ੍ਰਗਟਾਵਾ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ ਨੇ ਕੋਵਿਡ ਹਸਪਤਾਲ ਦੇ ਨਿਰਮਾਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਏਡੀਸੀ ਨੇ ਹਸਪਤਾਲ ਸਬੰਧੀ ਅੱਗ ਲੱਗਣ ਤੋਂ ਬਚਾਅ ਦੇ ਪ੍ਰਬੰਧਾਂ, ਬਾਇਓਮੈਡੀਕਲ ਵੇਸਟ ਦੇ ਪ੍ਰਬੰਧਨ, ਸੀਵਰੇਜ ਤੇ ਵਾਟਰ ਸਪਲਾਈ ਕੁਨੈਕਸ਼ਨ ਤੇ ਬਿਜਲੀ ਪ੍ਰਬੰਧਨ ਤੇ ਆਰਜ਼ੀ ਹਸਪਤਾਲ ਤਿਆਰ ਕੀਤੇ ਜਾਣ ਸਬੰਧੀ ਸਾਰੇ ਪੱਖਾਂ ਲਈ ਪੂਰਨ ਸਹਿਯੋਗ ਅਤੇ ਨਾਲ ਦੀ ਨਾਲ ਹਸਪਤਾਲ ਨਿਰਮਾਣ ਦੌਰਾਨ ਵੱਖ-ਵੱਖ ਪੜਾਵਾਂ ਉੱਤੇ ਪੂਰੀ ਨਿਗਰਾਨੀ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸ ਸਬੰਧੀ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੁਹਾਲੀ ਵਿਖੇ ਅਜਿਹੇ ਪਹਿਲੇ ਪ੍ਰਾਜੈਕਟ ਨੂੰ ਸਵੈ-ਘੋਸ਼ਣਾ ਦੇ ਅਧਾਰ ’ਤੇ ਬਿਨੈ ਪੱਤਰ ਜਮ੍ਹਾ ਕਰਾਉਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਐਨਓਸੀ ਮਿਲੀ ਹੈ। ਮਹਾਮਾਰੀ ਦੀ ਇਸ ਅੌਖੀ ਘੜੀ ਦੌਰਾਨ ਤੁਰੰਤ ਅਤੇ ਨਿਰਵਿਘਨ ਪ੍ਰਵਾਨਗੀ ਨੂੰ ਯਕੀਨੀ ਬਣਾਉਣ ਲਈ ਸਬੰਧਤ ਸਰਕਾਰੀ ਵਿਭਾਗਾਂ ਵੱਲੋਂ ਅਜਿਹੇ ਮੇਕ-ਸ਼ਿਫ਼ਟ ਕੋਵਿਡ ਹਸਪਤਾਲ ਸਥਾਪਤ ਕਰਨ ਦੇ ਮੱਦੇਨਜ਼ਰ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜਰਜ਼ ਵਿੱਚ ਢਿੱਲ ਦਿੱਤੀ ਗਈ ਹੈ। ਇਸ ਵਿੱਚ ਸਿਹਤ ਵਿਭਾਗ, ਸਥਾਨਕ ਸਰਕਾਰਾਂ, ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਲੋਕ ਨਿਰਮਾਣ ਵਿਭਾਗ ਅਤੇ ਕਿਰਤ ਵਿਭਾਗ ਸ਼ਾਮਲ ਹਨ। ਇਸ ਸਬੰਧੀ ਇਨਵੈਸਟ ਪੰਜਾਬ ਨੂੰ ਸਾਰੇ ਸਬੰਧਤ ਵਿਭਾਗਾਂ ਤੋਂ ਲੋੜੀਂਦੇ ਐਨਓਸੀ/ਸਿਧਾਂਤਕ ਪ੍ਰਵਾਨਗੀਆਂ ਜਾਰੀ ਕਰਨ ਲਈ ਨੋਡਲ ਦਫ਼ਤਰ ਬਣਾਇਆ ਗਿਆ ਹੈ। ਮੈਡੀਕਲ ਕਾਲਜ ਮੁਹਾਲੀ ਵਿੱਚ 3 ਆਕਸੀਜ਼ਨ ਕੰਨਸਨਟ੍ਰੇਟਰ ਦਿੱਤੇ ਗਏ ਹਨ। ਜਿਨ੍ਹਾਂ ਨਾਲ ਆਕਸੀਜ਼ਨ ਸਿਲੰਡਰਾਂ ਉੱਤੇ ਨਿਰਭਰਤਾ ਘਟੇਗੀ। ਮੀਟਿੰਗ ਵਿੱਚ ਏਡੀਸੀ (ਵਿਕਾਸ) ਰਾਜੀਵ ਕੁਮਾਰ ਗੁਪਤਾ, ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ, ਸਹਾਇਕ ਕਮਿਸ਼ਨਰ (ਜਨਰਲ) ਤਰਸੇਮ ਚੰਦ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਉਧਰ, ਕੋਈ ਵੀ ਵਿਅਕਤੀ/ਸਮੂਹ ਜੋ ਆਰਜ਼ੀ ਹਸਪਤਾਲ ਖੋਲ੍ਹਣਾ ਚਾਹੁੰਦਾ ਹੈ, ਸਿਰਫ਼ ਬਿਨੈ-ਪੱਤਰ ਅਤੇ ਸਵੈ-ਘੋਸ਼ਣਾ ਪੱਤਰ ਜਮ੍ਹਾ ਕਰਕੇ ਇਨਵੈਸਟ ਪੰਜਾਬ ਨੂੰ ਅਪਲਾਈ ਕਰ ਸਕਦਾ ਹੈ। ਆਰਜ਼ੀ ਹਸਪਤਾਲ ਖੋਲ੍ਹਣ ਦੇ ਚਾਹਵਾਨ ਕਿਸੇ ਵੀ ਵਿਅਕਤੀ/ਸਮੂਹ ਨੂੰ ਇਹ ਸਹੂਲਤ ਇਸ ਕਰਕੇ ਦਿੱਤੀ ਗਈ ਹੈ ਤਾਂ ਜੋ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ ਅਤੇ ਸਮੇਂ ਸਿਰ ਮਨਜ਼ੂਰੀ ਨੂੰ ਯਕੀਨੀ ਬਣਾਇਆ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…