
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ੀਰਕਪੁਰ ਦੀ ਗ਼ੈਰ-ਕਾਨੂੰਨੀ ਇਮੀਗਰੇਸ਼ਨ ਕੰਪਨੀ ਦਫ਼ਤਰ ’ਚ ਛਾਪੇਮਾਰੀ
ਗ਼ੈਰ-ਕਾਨੂੰਨੀ ਇਮੀਗਰੇਸ਼ਨ ਦਾ ਕੰਮ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਕਾਰਵਾਈਆਂ ਨਿਰੰਤਰ ਜਾਰੀ ਰਹਿਣਗੀਆਂ
ਇਮੀਗਰੇਸ਼ਨ ਕੰਪਨੀ ਦੇ ਮਾਲਕ ਵਿਰੁੱਧ ਕੇਸ ਦਰਜ, ਕੰਪਨੀ ਪ੍ਰਬੰਧਕ ਦਫ਼ਤਰ ਨੂੰ ਤਾਲਾ ਲਾ ਕੇ ਫਰਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਦਸੰਬਰ:
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲੀਆਂ ਇਮੀਗਰੇਸ਼ਨ ਕੰਪਨੀਆਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲੀਸ ਨਾਲ ਸਾਂਝੀ ਕਾਰਵਾਈ ਦੌਰਾਨ ਜ਼ੀਰਕਪੁਰ ਦੇ ਗ਼ੈਰ-ਕਾਨੂੰਨੀ ਇਮੀਗਰੇਸ਼ਨ ਸੈਂਟਰ ‘ਪ੍ਰਾਈਮ ਕੰਸਲਟੈਂਟ’ ਦੇ ਦਫ਼ਤਰ ਵਿੱਚ ਛਾਪੇਮਾਰੀ ਕੀਤੀ। ਬਿਨਾਂ ਲੋੜੀਂਦੇ ਦਸਤਾਵੇਜ਼ਾਂ ਤੋਂ ਇਹ ਸੈਂਟਰ ਚਲਾਉਣ ਕਰਕੇ ਇਸ ਫਰਮ ਦੇ ਮਾਲਕ ਖ਼ਿਲਾਫ਼ ਇਮੀਗਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ੀਰਕਪੁਰ ਦੀ ‘ਪ੍ਰਾਈਮ ਕੰਸਲਟੈਂਟ’ ਖ਼ਿਲਾਫ਼ ਲੋਕਾਂ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਮਾਮਲੇ ਦੀ ਪੜਤਾਲ ਡੇਰਾਬੱਸੀ ਦੇ ਕਾਰਜਕਾਰੀ ਐਸਡੀਐਮ ਮੇਜਰ ਗੁਰਜਿੰਦਰ ਸਿੰਘ ਬੈਨੀਪਾਲ ਨੂੰ ਸੌਂਪੀ ਗਈ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲੀਸ ਪਾਰਟੀ ਨੇ ਬੀਤੇ ਕੱਲ੍ਹ ਇਮੀਗਰੇਸ਼ਨ ਦੇ ਮੈਟਰੋ ਸਿਟੀ, ਲੋਹਗੜ੍ਹ (ਜ਼ੀਰਕਪੁਰ) ਸਥਿਤ ਦਫ਼ਤਰ ਵਿੱਚ ਛਾਪਾ ਮਾਰਿਆ। ਪੁੱਛ-ਪੜਤਾਲ ਦੌਰਾਨ ਫਰਮ ਚਲਾਉਣ ਸਬੰਧੀ ਪ੍ਰਬੰਧਕ ਲੋੜੀਂਦੇ ਦਸਤਾਵੇਜ਼ਾਂ ਬਾਰੇ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਪ੍ਰਬੰਧਕਾਂ ਨੇ ਸਿਰਫ਼ ਏਨਾ ਹੀ ਦੱਸਿਆ ਕਿ ਉਨ੍ਹਾਂ ਨੇ ਫਰਮ ਚਲਾਉਣ ਲਈ ਲੋੜੀਂਦੇ ਲਾਇਸੈਂਸ ਲਈ ਅਪਲਾਈ ਕੀਤਾ ਹੋਇਆ ਹੈ।
ਸ੍ਰੀ ਦਿਆਲਨ ਨੇ ਦੱਸਿਆ ਕਿ ਇਸ ਫਰਮ ਦੇ ਹੋਰ ਦਸਤਾਵੇਜ਼ ਚੈੱਕ ਕਰਨ ਅਤੇ ਅਗਲੇਰੀ ਲੋੜੀਂਦੀ ਕਾਰਵਾਈ ਲਈ ਅੱਜ ਦੁਬਾਰਾ ਕਾਰਜਕਾਰੀ ਐਸਡੀਐਮ ਮੇਜਰ ਗੁਰਜਿੰਦਰ ਸਿੰਘ ਬੈਨੀਪਾਲ ਅਤੇ ਜ਼ੀਰਕਪੁਰ ਦੇ ਐਸਐਚਓ ਗੁਰਬੰਤ ਸਿੰਘ ਦੀ ਅਗਵਾਈ ਵਾਲੀ ਟੀਮ ਇਮੀਗਰੇਸ਼ਨ ਕੰਪਨੀ ਦੇ ਦਫ਼ਤਰ ਵਿੱਚ ਪੁੱਜੀ ਤਾਂ ਦਫ਼ਤਰ ਨੂੰ ਤਾਲਾ ਲੱਗਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮਾਮਲਾ ਸ਼ੱਕੀ ਜਾਪਣ ਅਤੇ ਲੋੜੀਂਦੇ ਦਸਤਾਵੇਜ਼ ਦੀ ਘਾਟ ਕਾਰਨ ਕੰਪਨੀ ਮਾਲਕ ਨਰਿੰਦਰ ਸਿੰਘ ਖ਼ਿਲਾਫ਼ ਇਮੀਗਰੇਸ਼ਨ ਐਕਟ ਦੀ ਧਾਰਾ 24 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਸੀ ਨੇ ਦੱਸਿਆ ਕਿ ਐਸਡੀਐਮ ਨੂੰ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਫਰਮ ਦੇ ਮਾਲਕਾਂ ਵੱਲੋਂ ਦਸਤਾਵੇਜ਼ਾਂ ਸਬੰਧੀ ਕੀਤੇ ਦਾਅਵਿਆਂ ਨੂੰ ਤਸਦੀਕ ਕਰਨ ਦੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗ਼ੈਰ-ਕਾਨੂੰਨੀ ਇਮੀਗਰੇਸ਼ਨ ਦਾ ਕੰਮ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਨਿਯਮਿਤ ਤੌਰ ’ਤੇ ਜਾਰੀ ਰਹਿਣਗੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ।