nabaz-e-punjab.com

ਹਫ਼ਤੇ ਦੇ ਆਖ਼ਰੀ ਦਿਨਾਂ ਦੌਰਾਨ ਵਧੇਰੇ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਿਹੈ ਜ਼ਿਲ੍ਹਾ ਪ੍ਰਸ਼ਾਸਨ

ਡੀਸੀ ਨੇ ਸੇਫ਼ਟੀ ਪ੍ਰੋਟੋਕਾਲ ਲਾਗੂ ਕਰਨ ਵਾਲੀਆਂ ਟੀਮਾਂ ਨੂੰ ਕੀਤਾ ਸਰਗਰਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਪਿਛਲੇ ਦੋ ਦਿਨਾਂ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਹਫ਼ਤੇ ਦੇ ਆਖ਼ਰੀ ਦਿਨਾਂ ਦੌਰਾਨ ਵਧੇਰੇ ਪਾਬੰਦੀਆਂ ਲਗਾਉਣ ਸਬੰਧੀ ਵਿਚਾਰ ਕਰ ਰਿਹਾ ਹੈ ਤਾਂ ਜੋ ਇਸ ਖ਼ਤਰਨਾਕ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਉਨ੍ਹਾਂ ਮੁਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਸਮੂਹ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ ਅਤੇ ਸਬ-ਡਵੀਜ਼ਨਲ ਮੈਜਿਸਟਰੇਟਾਂ ਸਮੇਤ ਸਮੁੱਚੀ ਸੁਰੱਖਿਆ ਪ੍ਰੋਟੋਕਾਲ ਲਾਗੂ ਕਰਨ ਵਾਲੀ ਟੀਮ ਨੂੰ ਮਾਰਕੀਟਾਂ, ਮਾਲ, ਰੈਸਟੋਰੈਂਟਾਂ/ਖਾਣ-ਪੀਣ ਦੀਆਂ ਥਾਵਾਂ, ਜਨਤਕ ਦਫ਼ਤਰਾਂ, ਬੈਂਕਾਂ ਵਰਗੀਆਂ ਭੀੜ ਵਾਲੀਆਂ ਥਾਵਾਂ ’ਤੇ ਇਕ ਦੂਜੇ ਤੋਂ ਜ਼ਰੂਰੀ ਫਾਸਲਾ ਬਣਾ ਕੇ ਰੱਖਣ ਅਤੇ ਮੂੰਹ ’ਤੇ ਮਾਸਕ ਪਾਉਣ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਤੁਰੰਤ ਪ੍ਰਭਾਵ ਨਾਲ ਟੀਮਾਂ ਨੂੰ ਸਰਗਰਮ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਚੱਲ ਰਹੇ ‘ਅਨਲਾਕ’ ਪੜਾਅ ਵਿੱਚ ਆਵਾਜਾਈ/ਆਉਣ-ਜਾਣ ਦੀ ਢਿੱਲ ਦੇਣ ਨਾਲ ਕੋਵਿਡ ਦਾ ਵਾਧਾ ਸੁਭਾਵਕ ਸੀ ਅਤੇ ਇਸ ਸਬੰਧੀ ਢੁਕਵੇਂ ਉਪਾਅ ਕੀਤੇ ਜਾ ਰਹੇ ਹਨ। ਮੁਹਾਲੀ ਵਿੱਚ ਸੁਰੱਖਿਆ ਪ੍ਰੋਟੋਕਾਲ ਲਾਗੂ ਕਰਨ ਵਿੱਚ ਢਿੱਲ ਹੋਣ ਦੀ ਖ਼ਦਸ਼ੇ ਨੂੰ ਨਕਾਰਦਿਆਂ ਡੀਸੀ ਨੇ ਕਿਹਾ ਕਿ ਜਿਹੜੇ ਕੇਸ ਸਾਹਮਣੇ ਆਏ ਹਨ, ਉਹ ਲੋਕਾਂ ਦੇ ਖ਼ੁਦ ਫਲੂ ਸੈਂਟਰਾਂ ਜਾਂ ਹਸਪਤਾਲਾਂ ਵਿੱਚ ਜਾਂਚ ਲਈ ਸਾਹਮਣੇ ਆਉਣ ਤੋਂ ਨਹੀਂ ਆਏ ਹਨ ਸਗੋਂ ਜ਼ਿਲ੍ਹਾ ਪ੍ਰਸ਼ਾਸਨ ਸੰਭਾਵੀ ਕੇਸਾਂ ਦੇ ਵਿਆਪਕ ਨਮੂਨੇ ਲੈ ਰਿਹਾ ਹੈ। ਜਿਸ ਕਾਰਨ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਚੌਕਸੀ ਵਿੱਚ ਕੋਈ ਢਿੱਲ ਨਹੀਂ ਕੀਤੀ ਹੈ ਅਤੇ ਸਥਿਤੀ ਕੰਟਰੋਲ ਅਧੀਨ ਹੈ।
(ਬਾਕਸ ਆਈਟਮ)
ਡੀਸੀ ਗਿਰੀਸ਼ ਦਿਆਲਨ ਨੇ ਇਹ ਵੀ ਦੱਸਿਆ ਕਿ ਡੇਰਾਬਸੀ ਦੇ ਪਿੰਡ ਬਹੇੜਾ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ। ਇੱਥੇ 15 ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਹਨ। ਇੰਜ ਹੀ ਪਿੰਡ ਮਜਾਤ ਦੀ ਚਾਰਕੋਲ ਫੈਕਟਰੀ ਅਤੇ ਪੀਰਮੁਛੱਲਾ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਕਲੱਸਟਰ (5 ਕੇਸਾਂ ਤੋਂ ਵੱਧ) ਅਤੇ ਸੈਕਟਰ-66 ਮੁਹਾਲੀ ਨੂੰ ਕਲੱਸਟਰ (ਦੋ ਤੋਂ ਵੱਧ) ਘੋਸ਼ਿਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …