Nabaz-e-punjab.com

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਵੈੱਬਸਾਈਟ ਲਾਂਚ

ਬੇਰੁਜ਼ਗਾਰਾਂ ਤੇ ਰੁਜ਼ਗਾਰਦਾਤਾਵਾਂ ਨੂੰ ਇਕ ਪਲੇਟਫਾਰਮ ’ਤੇ ਲਿਆਏਗੀ ਵੈੱਬਸਾਈਟ: ਡੀਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਬੇਰੁਜ਼ਗਾਰਾਂ ਤੇ ਸੰਭਾਵੀ ਰੁਜ਼ਗਾਰਦਾਤਾਵਾਂ ਨੂੰ ਸਾਂਝੇ ਪਲੇਟਫਾਰਮ ’ਤੇ ਲਿਆਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸੈਕਟਰ-76 ਸਥਿਤ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿੱਚ ਵੈੱਬਸਾਈਟ www.ggnpunjab.com ਜਾਰੀ ਕੀਤੀ। ਇਹ ਵੈੱਬਸਾਈਟ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮਦਦ ਨਾਲ ਇਕ ਅਜਿਹੇ ਏਕੀਕ੍ਰਿਤ ਪਲੇਟਫਾਰਮ ਵਜੋਂ ਡਿਜ਼ਾਈਨ ਕੀਤੀ ਹੈ, ਜੋ ਸੂਬੇ ਭਰ ਦੇ ਬੇਰੁਜ਼ਗਾਰਾਂ ਅਤੇ ਰੋਜ਼ਗਾਰਦਾਤਾਵਾਂ ਦਾ ਸਾਂਝਾ ਡਾਟਾਬੇਸ ਬਣੇਗੀ।
ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਉਮੀਦਵਾਰ ਇਸ ਵੈੱਬਸਾਈਟ ਉੱਤੇ ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ’ਤੇ 20 ਤੋਂ 30 ਸਤੰਬਰ ਤੱਕ ਲੱਗਣ ਵਾਲੇ ਰੁਜ਼ਗਾਰ ਮੇਲਿਆਂ ਲਈ ਰਜਿਸਟਰ ਕਰ ਸਕਦੇ ਹਨ। ਇਹ ਵੈੱਬਸਾਈਟ ਸਾਰੇ ਖੇਤਰਾਂ ਦੇ ਬੇਰੁਜ਼ਗਾਰਾਂ ਅਤੇ ਰੁਜ਼ਗਾਰਦਾਤਾਵਾਂ ਨੂੰ ਇਕ ਪਲੇਟਫ਼ਾਰਮ ਉੱਤੇ ਲਿਆਏਗੀ ਅਤੇ ਸੰਭਾਵੀ ਰੁਜ਼ਗਾਰਦਾਤਾਵਾਂ ਲਈ ਵੀ ਇਕ ਅਜਿਹੇ ਸਰੋਤ ਵਜੋਂ ਕੰਮ ਕਰੇਗੀ, ਜਿਸ ’ਤੇ ਉਹ ਆਪਣੀ ਲੋੜ ਮੁਤਾਬਕ ਉਮੀਦਵਾਰਾਂ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਡੀਸੀ ਨੇ ਦੱਸਿਆ ਕਿ ਇਹ ਵੈੱਬਸਾਈਟ ਜਿੱਥੇ ਨੌਜਵਾਨਾਂ ਦੇ ਹੁਨਰ ਤੋਂ ਲਾਭ ਲੈਣ ਦਾ ਜਰੀਆ ਬਣੇਗੀ, ਉੱਥੇ ਰੁਜ਼ਗਾਰਦਾਤਾਵਾਂ ਨੂੰ ਵੀ ਢੁਕਵੀਂ ਮਨੁੱਖੀ ਸ਼ਕਤੀ ਮੁਹੱਈਆ ਕਰੇਗੀ। ਇਸ ਨਾਲ ਦੋਵਾਂ ਧਿਰਾਂ ਕੋਲ ਚੋਣ ਦੇ ਵਿਆਪਕ ਮੌਕੇ ਹੋਣਗੇ। ਉਮੀਦਵਾਰ ਆਪਣੇ ਹੁਨਰ ਤੇ ਯੋਗਤਾ ਮੁਤਾਬਕ ਨੌਕਰੀ ਦੇ ਮੌਕੇ ਹਾਸਲ ਕਰਨ ਦੇ ਯੋਗ ਹੋਣਗੇ, ਜਦੋਂਕਿ ਰੁਜ਼ਗਾਰਦਾਤਾ ਆਪਣੀ ਕੰਪਨੀ ਜਾਂ ਅਦਾਰੇ ਦੀਆਂ ਜ਼ਰੂਰਤਾਂ ਮੁਤਾਬਕ ਉਮੀਦਵਾਰਾਂ ਨੂੰ ਸ਼ਾਰਟ ਲਿਸਟ ਕਰ ਸਕਣਗੇ।
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਸੀਜੀਸੀ ਦੇ ਵਿਦਿਆਰਥੀਆਂ ਦੀ ਵਿਲੱਖਣ ਪਹਿਲਕਦਮੀ ਹੈ, ਜੋ ਯੁੱਗ ਪਲਟਾਊ ਪ੍ਰੋਗਰਾਮ ਸਾਬਤ ਹੋਵੇਗੀ। ਇਸ ਵੈੱਬਸਾਈਟ ਰਾਹੀਂ ਪ੍ਰਸ਼ਾਸਨ ਬੇਰੁਜ਼ਗਾਰਾਂ ਅਤੇ ਰੁਜ਼ਗਾਰਦਾਤਾਵਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਦੇ ਯੋਗ ਹੋਵੇਗਾ। ਇਸ ਨਾਲ ਵਿਦਿਆਰਥੀਆਂ ਦਾ ਫਰਜ਼ੀ ਕੰਪਨੀਆਂ ਤੋਂ ਬਚਾਅ ਵੀ ਹੋਵੇਗਾ। ਇਸ ਮੌਕੇ ਏਡੀਸੀ (ਜ) ਸ੍ਰੀਮਤੀ ਸਾਕਸ਼ੀ ਸਾਹਨੀ, ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ, ਜ਼ਿਲ੍ਹਾ ਰੁਜ਼ਗਾਰ ਅਫ਼ਸਰ ਹਰਪ੍ਰੀਤ ਕੌਰ ਬਰਾੜ, ਡਿਪਟੀ ਸੀਈਓ ਮਨਜੇਸ਼ ਕੁਮਾਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ ਨਵਨੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…