
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੋਵਿਜਾ ਐਜੂਕੇਸ਼ਨਲ ਕੰਸਲਟੈਂਸੀ ਫਰਮ ਦਾ ਲਾਇਸੈਂਸ ਮੁਅੱਤਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਜ਼ਿਲ੍ਹਾ ਪ੍ਰਸ਼ਾਸਨ ਨੇ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਸ਼ਿਕੰਜਾ ਕੱਸ ਦਿੱਤਾ ਹੈ। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਮੁਹਾਲੀ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਮੈਸਰਜ਼ ਗੋਵਿਜਾ ਐਜੂਕੇਸ਼ਨਲ ਕੰਸਲਟੈਂਸੀ, ਐਸਸੀਓ ਨੰਬਰ-15 ਟੌਪ ਫਲੋਰ, ਫੇਜ਼-5, ਮੁਹਾਲੀ ਨੂੰ ਕੰਸਲਟੈਂਸੀ ਅਤੇ ਟਰੈਵਲ ਏਜੰਸੀ ਦੇ ਕੰਮ ਲਈ ਜਾਰੀ ਲਾਇਸੈਂਸ ਤੁਰੰਤ ਪ੍ਰਭਾਵ ਨਾਲ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੋਵਿਜਾ ਐਜੂਕੇਸ਼ਨਲ ਕੰਸਲਟੈਂਨਟ, ਫਰਮ ਨੂੰ ਕੰਸਲਟੈਂਸੀ ਅਤੇ ਟਰੈਵਲ ਏਜੰਸੀ ਦੇ ਕੰਮ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 11 ਮਾਰਚ 2024 ਤੱਕ ਹੈ। ਉਨ੍ਹਾਂ ਦੱਸਿਆ ਕਿ ਫਰਮ ਵਿਰੁੱਧ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਡਿਪਟੀ ਕਮਿਸ਼ਨ ਦਫ਼ਤਰ ਵੱਲੋਂ ਫਰਮ ਦੇ ਦਫ਼ਤਰੀ ਪਤੇ ’ਤੇ ਪੱਤਰ ਭੇਜਦੇ ਹੋਏ ਨਿਰਧਾਰਿਤ ਪ੍ਰੋਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ ਅਤੇ ਆਪਣੀ ਸਰਵਿਸ ਬਾਰੇ ਡਿਟੇਲ ਰਿਪੋਰਟ ਤਲਬ ਕੀਤੀ ਗਈ ਸੀ।
ਅਧਿਕਾਰੀ ਨੇ ਦੱਸਿਆ ਕਿ ਉਕਤ ਫਰਮ ਵਿਰੁੱਧ ਲਗਾਤਾਰ ਵੱਖ-ਵੱਖ ਸ਼ਿਕਾਇਤਕਰਤਾਵਾਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਅਤੇ ਫਰਮ ਵੱਲੋਂ ਪੇਸ਼ ਮਹੀਨਾਵਾਰ ਰਿਪੋਰਟਾਂ ਤੋਂ ਇਹ ਪਾਇਆ ਗਿਆ ਹੈ ਕਿ ਸ਼ਿਕਾਇਤਾਂ ਵਿਚਲੇ ਤੱਥ ਅਤੇ ਮਹੀਨਾਵਾਰ ਕਲਾਇੰਟ ਰਿਪੋਰਟਾਂ ਆਪਸ ਵਿੱਚ ਮੇਲ ਨਹੀਂ ਖਾਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਅਧੀਨ ਕਲਾਇੰਟਾ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ, ਜਿਨ੍ਹਾਂ ਨੂੰ ਫਰਮ ਵੱਲੋਂ ਸਰਵਿਸ ਦਿੱਤੀ ਗਈ ਹੈ, ਸਬੰਧੀ ਐਕਟ, ਰੂਲਜ਼, ਐਡਵਾਈਜ਼ਰੀ ਵਿੱਚ ਦਰਸਾਏ ਅਨੁਸਾਰ ਰਿਕਾਰਡ ਨਹੀਂ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫਰਮ ਵਿਰੁੱਧ ਲਗਾਤਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਕਤ ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜਿਸ ਕਾਰਨ ਉਕਤ ਫਰਮ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਫਿਲਹਾਲ 90 ਦਿਨਾਂ ਲਈ ਮੁਅੱਤਲ ਕਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਰਮ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨ ਦੀ ਮੋਹਲਤ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਹੈ ਕਿ ਕਿਉਂ ਨਾ ਉਸ ਦਾ ਲਾਇਸੈਂਸ ਪੱਕੇ ਤੌਰ ’ਤੇ ਰੱਦ ਕਰ ਦਿੱਤਾ ਜਾਵੇ।