
ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ‘ਕੋਵਿਡ ਸਪਾਈਕ ਮੈਨੇਜਮੈਂਟ ਪਲਾਨ’ ਸ਼ੁਰੂ: ਡੀਸੀ ਗਿਰੀਸ਼ ਦਿਆਲਨ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਕੋਵਿਡ ਕੇਅਰ ਸੈਂਟਰ ਕੀਤਾ ਕਾਰਜਸ਼ੀਲ
ਪ੍ਰਾਈਵੇਟ ਹਸਪਤਾਲਾਂ ਨੂੰ ਆਈਸੋਲੇਸ਼ਨ ਵਾਰਡਾਂ ਵਿੱਚ ਲੋੜੀਂਦੇ ਬੈੱਡਾਂ ਦੀ ਵਿਵਸਥਾ ਕਰਨ ਦੇ ਆਦੇਸ਼
ਘਰਾਂ ਵਿੱਚ ਇਕਾਂਤਵਾਸ ਵਾਲੇ ਮਰੀਜ਼ਾਂ ਲਈ ਸਮਰਪਿਤ ਕਾਲ ਸੈਂਟਰ ਕੀਤਾ ਜਾਵੇਗਾ ਸ਼ੁਰੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਲਗਾਤਾਰ ਕਰੋਨਾ ਮਹਾਮਾਰੀ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਮੁਹਾਲੀ ਪ੍ਰਸ਼ਾਸਨ ਨੇ ‘ਕੋਵਿਡ ਸਪਾਈਕ ਮੈਨੇਜਮੈਂਟ ਪਲਾਨ’ ਸ਼ੁਰੂ ਕੀਤਾ ਗਿਆ ਹੈ। ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਪ੍ਰਸ਼ਾਸਨਿਕ, ਸਿਹਤ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਰੋਨਾ ਮਹਾਮਾਰੀ ਫੈਲਣ ਦੀ ਸੂਰਤ ਵਿੱਚ ਹਾਲਾਤਾਂ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਸ੍ਰੀ ਦਿਆਲਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਹੀ ਕਰੋਨਾ ਕੇਸਾਂ ਵਿੱਚ ਵਾਧੇ ਦਾ ਅੰਦਾਜ਼ਾ ਸੀ। ਇਸ ਲਈ ਕੋਵਿਡ ਸਪਾਈਕ ਮੈਨੇਜਮੈਂਟ ਪਲਾਨ ਸਮੇਂ ਸਿਰ ਤਿਆਰ ਕੀਤਾ ਅਤੇ ਹੁਣ ਇਸ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗਿਆਨ ਸਾਗਰ ਹਸਪਤਾਲ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਕਰੋਨਾ ਦੇ ਬਿਨਾਂ ਲੱਛਣਾਂ ਵਾਲੇ 200 ਮਰੀਜ਼ਾਂ ਲਈ ਕੋਵਿਡ ਕੇਅਰ ਸੈਂਟਰ (ਸੀਸੀਸੀ) ਸ਼ੁਰੂ ਕੀਤਾ ਗਿਆ ਹੈ ਅਤੇ ਪ੍ਰਸ਼ਾਸਨ ਕੋਲ 800 ਹੋਰ ਬੈਡਾਂ ਦਾ ਵੀ ਪ੍ਰਬੰਧ ਹੈ, ਜਿਸ ਨੂੰ ਲੋੜ ਪੈਣ ’ਤੇ ਵਰਤਿਆ ਜਾ ਸਕਦਾ ਹੈ। ਡੇਰਾਬਸੀ ਵਿੱਚ ਇੱਕ ਹੋਰ ਸੀਸੀਸੀ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਨੂੰ ਚੌਕਸੀ ਕਰਦਿਆਂ ਇਕਾਂਤਵਾਸ ਕੇਸਾਂ ਲਈ ਵਧੇਰੇ ਬੈੱਡ ਰਾਖਵੇਂ ਰੱਖਣ ਲਈ ਕਿਹਾ ਗਿਆ ਹੈ। ਕਰੋਨਾ ਪੀੜਤ ਗਰਭਵਤੀ ਮਾਵਾਂ ਦੇ ਜਣੇਪੇ ਅਤੇ ਪ੍ਰਬੰਧਨ ਲਈ ਜ਼ਿਲ੍ਹਾ ਪੱਧਰੀ ਹਸਪਤਾਲ ਵਿੱਚ ਵਿਸ਼ੇਸ਼ ਸਹੂਲਤ ਬਣਾਈ ਗਈ ਹੈ।
ਮੀਟਿੰਗ ਵਿੱਚ ਏਡੀਸੀ (ਜ) ਸ੍ਰੀਮਤੀ ਆਸ਼ਿਕਾ ਜੈਨ, ਏਡੀਸੀ (ਡੀ) ਰਾਜੀਵ ਗੁਪਤਾ, ਐਸਡੀਐਮ ਹਿਮਾਂਸ਼ੂ ਜੈਨ, ਜਗਦੀਪ ਸਹਿਗਲ, ਕੁਲਦੀਪ ਬਾਵਾ, ਸਹਾਇਕ ਕਮਿਸ਼ਨਰ ਯਸ਼ਪਾਲ ਸ਼ਰਮਾ, ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
(ਬਾਕਸ ਆਈਟਮ)
ਮੁਹਾਲੀ ਵਿੱਚ ਸਿਹਤ ਸਬੰਧੀ ਬੁਨਿਆਦੀ ਢਾਂਚੇ ਤੋਂ ਇਲਾਵਾ ਟੈਸਟਿੰਗ ਸਮਰੱਥਾ ਨੂੰ ਅਪਗਰੇਡ ਕੀਤਾ ਗਿਆ ਹੈ। ਐਂਟੀਜੇਨ ਟੈਸਟਿੰਗ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਟੈਸਟ ਦੇ ਨਤੀਜੇ ਅੱਧੇ ਘੰਟੇ ਵਿੱਚ ਉਪਲਬਧ ਹੁੰਦੇ ਹਨ। ਡੀਸੀ ਨੇ ਕਿਹਾ ਕਿ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕਾਂ ਦੇ ਇਕ ਦਿਨ ਵਿੱਚ ਘੱਟੋ ਘੱਟ 100 ਟੈਸਟ ਕਰਨ ਦਾ ਟੀਚਾ ਮਿੱਥਿਆ ਹੈ ਤਾਂ ਜੋ ਕਰੋਨਾ ਮਾਮਲਿਆਂ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਟੈਸਟਿੰਗ ਲਈ ਦੂਜੀ ਟਰੂਨਾਟ ਮਸ਼ੀਨ ਡੇਰਾਬਸੀ ਵਿੱਚ ਲਗਾਈ ਗਈ ਹੈ।
(ਬਾਕਸ ਆਈਟਮ)
ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਨੂੰ ਤੁਰੰਤ ਡਾਕਟਰੀ ਸਲਾਹ ਪ੍ਰਦਾਨ ਕਰਨ ਲਈ ਇੱਕ ਸਮਰਪਿਤ ਕਾਲ ਸੈਂਟਰ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਕਾਲ ਸੈਂਟਰ ਦੇ ਡਾਕਟਰ ਰੋਜ਼ਾਨਾ ਮਰੀਜ਼ਾਂ ਦੇ ਸੰਪਰਕ ਵਿੱਚ ਰਹਿਣਗੇ ਅਤੇ ਮਰੀਜ਼ ਵੀ ਸਿਹਤ ਸਬੰਧੀ ਕੋਈ ਅਸੁਵਿਧਾ ਜਾਂ ਸਿਹਤ ਖਰਾਬ ਹੋਣ ਦੀ ਸੂਰਤ ਵਿੱਚ ਸਲਾਹ ਮਸ਼ਵਰਾ ਕਰਨ ਲਈ ਡਾਕਟਰਾਂ ਨਾਲ ਸੰਪਰਕ ਕਰ ਸਕਦੇ ਹਨ। ਜੇ ਲੋੜ ਪਈ ਤਾਂ ਵੀਡੀਓ ਕਾਲਿੰਗ ਦੀ ਸਹੂਲਤ ਵੀ ਮਰੀਜ਼ਾਂ ਨੂੰ ਦਿੱਤੀ ਜਾਵੇਗੀ।