
ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਸੰਕਟ-ਕਾਲੀਨ ਯੋਜਨਾ ਤਿਆਰ: ਡੀਸੀ ਗਿਰੀਸ਼ ਦਿਆਲਨ
ਉੱਚ ਸਿੱਖਿਆ ਅਦਾਰਿਆਂ ਦਾ ਲਿਆ ਸਹਿਯੋਗ, ਕੁਆਰੰਟੀਨ ਦੇ ਉਦੇਸ਼ ਲਈ 5 ਹਜ਼ਾਰ ਬੈੱਡ ਰਾਖਵੇਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:ਜ਼ਿਲ੍ਹਾ ਪ੍ਰਸ਼ਾਸਨ ਨੇ ਕਰੋਨਾਵਾਇਰਸ ਦੀ ਮਹਾਮਾਰੀ ਦੇ ਅਗਲੇ ਪੜਾਵਾਂ ਵਿੱਚ ਵਾਧੇ ਦੀ ਸਥਿਤੀ ਵਿੱਚ ਸੰਭਾਵੀ ਮਰੀਜ਼ਾਂ ਨੂੰ ਕੁਆਰੰਟੀਨ ਕਰਨ ਲਈ ਸੰਕਟਕਾਲੀਨ ਯੋਜਨਾ ਤਿਆਰ ਕੀਤੀ ਹੈ। ਅੱਜ ਸ਼ਾਮ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲ੍ਹੇ ਦੀਆਂ ਵੱਖ-ਵੱਖ ਉੱਚ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਸੰਕਟ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਸਮਰਥਨ ਦੀ ਮੰਗ ਕਰਦਿਆਂ ਡੀਸੀ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਕੋਲ ਕਾਫ਼ੀ ਕੁਆਰੰਟੀਨ ਸਹੂਲਤਾਂ ਹਨ ਪਰ ਕੋਵੀਡ-19 ਪਾਜ਼ੇਟਿਵ ਮਰੀਜ਼ਾਂ ਨੂੰ ਦੂਜਿਆਂ ਤੋਂ ਅਲੱਗ ਕਰਨ ਲਈ ਇਨ੍ਹਾਂ ਦੀ ਲੋੜ ਵਧੇਰੇ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਘਣੀ ਆਬਾਦੀ ਵਾਲੇ ਇਲਾਕਿਆਂ ਜਾਂ ਝੁੱਗੀਆਂ-ਝੌਂਪੜੀਆਂ ਦੇ ਮਰੀਜ਼ਾਂ ਨੂੰ ਘਰ ਵਿੱਚ ਅਲੱਗ ਨਹੀਂ ਰੱਖਿਆ ਜਾ ਸਕਦਾ। ਇਸ ਲਈ ਇਸ ਦੇ ਫੈਲਾਅ ਦੀ ਰੋਕਥਾਮ ਲਈ ਉਨ੍ਹਾਂ ਥਾਵਾਂ ਦੀ ਨਿਸ਼ਾਨਦੇਹੀ ਕਰਨਾ ਜ਼ਰੂਰੀ ਹੈ। ਜਿੱਥੇ ਉਨ੍ਹਾਂ ਦੇ ਰਹਿਣ ਲਈ ਢੁਕਵੀਂ ਥਾਂ ਬਣਾਈ ਜਾ ਸਕੇ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨਾਲ ਸਮਝੌਤਾ ਕੀਤਾ ਹੈ। ਜਿਸ ਨੇ ਆਈਸੋਲੇਸ਼ਨ ਲਈ 1000 ਬੈੱਡ ਪ੍ਰਦਾਨ ਕੀਤੇ। ਇਸੇ ਤਰ੍ਹਾਂ ਲੋੜ ਪੈਣ ’ਤੇ ਪ੍ਰਤੀਕਿਰਿਆ ਦੇ ਸਮੇਂ ਨੂੰ ਘੱਟ ਕਰਨ ਲਈ ਪ੍ਰਸ਼ਾਸਨ ਨੇ ਉੱਚ ਸਿੱਖਿਆ ਸੰਸਥਾਵਾਂ ਤੋਂ ਆਪਣੇ ਖਾਲੀ ਹੋਸਟਲਾਂ ਨੂੰ ਕੁਆਰੰਟੀਨ ਸਹੂਲਤ ਵਜੋਂ ਵਰਤਣ ਸਬੰਧੀ ਸਹਾਇਤਾ ਦੀ ਮੰਗ ਵੀ ਕੀਤੀ। ਸ੍ਰੀ ਦਿਆਲਨ ਨੇ ਕਿਹਾ ਕਿ ਕਰੋਨਾ ਲੱਛਣਾਂ ਵਾਲੇ ਮਾਮਲਿਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਕੁਆਰੰਟੀਨ ਵਿੱਚ ਰੱਖਿਆ ਜਾਵੇਗਾ, ਜਦੋਂਕਿ ਬਿਨਾਂ ਲੱਛਣਾਂ ਵਾਲੇ ਕੇਸਾਂ ਨੂੰ ਘਰ ਵਿੱਚ ਹੀ ਅਲੱਗ ਰੱਖਿਆ ਜਾਵੇਗਾ ਤਾਂ ਜੋ ਇਹ ਕਮਿਊਨਿਟੀ ਵਿੱਚ ਇਸ ਦੇ ਫੈਲਾਅ ਨੂੰ ਰੋਕਣਾ ਯਕੀਨੀ ਬਣਾਇਆ ਜਾ ਸਕੇ। ਡੀਸੀ ਨੇ ਵਿੱਦਿਅਕ ਅਦਾਰਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਖਾਲੀ ਹੋਸਟਲ ਕਮਰਿਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪ੍ਰੇਰਿਤ ਕੀਤਾ। ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੇ ਮੌਕੇ ’ਤੇ ਕੁਆਰੰਟੀਨ ਸੁਵਿਧਾ ਵਜੋਂ ਵਰਤੇ ਜਾ ਸਕਣ ਵਾਲੇ ਕਮਰਿਆਂ/ਹਾਲਾਂ/ਕਲਾਸਰੂਮਾਂ ਦੀ ਗਿਣਤੀ ਦੱਸੀ। ਲਗਭਗ 4000 ਮਰੀਜ਼ਾਂ ਲਈ ਬੈੱਡ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ਼ਾਰੇ ‘ਤੇ ਉਨ੍ਹਾਂ ਇੱਥੇ ਰਹਿਣ ਵਾਲਿਆਂ ਨੂੰ ਰਸੋਈ/ਮੈਸ ਅਤੇ ਕੱਪੜੇ ਧੋਣ ਦੀਆਂ ਸੇਵਾਵਾਂ ਜਾਰੀ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦਿਆਂ ਸੰਯੁਕਤ ਐਕਸ਼ਨ ਕਮੇਟੀ ਦੇ ਮੁੱਖ ਬੁਲਾਰੇ ਅਤੇ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅੰਸੂ ਕਟਾਰੀਆ ਨੇ ਕਿਹਾ ਕਿ ਪੰਜਾਬ ਦੇ ਸਾਰੇ 1600 ਅਨਏਡਿਡ ਕਾਲਜ ਇਸ ਮਹਾਂਮਾਰੀ ਦੌਰਾਨ ਸਰਕਾਰ ਦੇ ਨਾਲ ਹਨ ਅਤੇ ਜੁਆਇੰਟ ਐਕਸ਼ਨ ਕਮੇਟੀ ਮੁਹਾਲੀ ਜ਼ਿਲ੍ਹੇ ਅਧੀਨ ਆਉਂਦੇ ਨੇੜਲੇ ਕਾਲਜਾਂ ਵਿੱਚ ਹੁਣ ਅਤੇ ਜ਼ਰੂਰਤ ਪੈਣ ’ਤੇ ਆਈਸੋਲੇਸ਼ਨ ਸਹੂਲਤ ਲਈ ਲਗਭਗ 3000-3500 ਬੈੱਡ ਮੁਹੱਈਆ ਕਰੇਗੀ। ਮੀਟਿੰਗ ਦੌਰਾਨ ਐਸਵੀਆਈਈਟੀ, ਦੋਆਬਾ, ਰਿਆਤ ਬਾਹਰਾ, ਡੌਲਫਿਨ, ਇੰਡੋ ਗਲੋਬਲ, ਯੂਨੀਵਰਸਲ, ਪੀਜੀਸੀ ਲਾਲੜੂ, ਸ਼ਹੀਦ ਊਧਮ ਸਿੰਘ ਕਾਲਜ ਤੰਗੌਰੀ, ਕੁਐਸਟ ਕਾਲਜ, ਸਵਾਮੀ ਪਰਮਾਨੰਦ ਸਮੂਹ ਨਾਲ ਨਾਲ ਹੋਰ ਵਿੱਦਿਅਕ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਮੌਜੂਦ ਸਨ।
(ਬਾਕਸ ਆਈਟਮ)
ਨਰਸਿੰਗ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਸਾਰੇ ਨਰਸਿੰਗ ਕਾਲਜਾਂ ਦੇ ਮੈਨੇਜਮੈਂਟ ਸਟਾਫ਼ ਅਤੇ ਵਿਦਿਆਰਥੀ ਇਸ ਸੰਕਟ ਦੀ ਘੜੀ ਵਿੱਚ ਪੰਜਾਬ ਸਰਕਾਰ ਦੇ ਨਾਲ ਚਟਾਨ ਵਾਂਗ ਖੜੇ ਹਨ ਅਤੇ ਜਦੋਂ ਵੀ ਲੋੜ ਪਈ ਨਰਸਿੰਗ ਵਿਦਿਆਰਥੀ ਇਸ ਸਥਿਤੀ ਵਿੱਚ ਸਹੀ ਸਿਖਲਾਈ ਦੇਣ ਤੋਂ ਬਾਅਦ ਸਿਹਤ ਕਰਮਚਾਰੀਆਂ ਵਜੋਂ ਕੰਮ ਕਰ ਸਕਦੇ ਹਨ।