
ਮੋਦੀ ਸਰਕਾਰ ਦੇ 8 ਸਾਲ ਪੂਰੇ ਹੋਣ ’ਤੇ ਭਾਜਪਾ ਵਰਕਰਾਂ ਨੇ ਕੀਤਾ ਰਿਪੋਰਟ ਕਾਰਡ ਪੇਸ਼
ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ: ਸੁਭਾਸ਼ ਸ਼ਰਮਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੂਨ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 8 ਸਾਲ ਪੂਰੇ ਹੋਣ ’ਤੇ ਸ਼ੁੱਕਰਵਾਰ ਨੂੰ ਮੁਹਾਲੀ ਵਿੱਚ ਭਾਜਪਾ ਲੀਡਰਸ਼ਿਪ ਨੇ ਰਿਪੋਰਟ ਕਾਰਡ ਪੇਸ਼ ਕਰਦਿਆਂ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਬਾਰੇ ਦੱਸਿਆ। ਭਾਜਪਾ ਪੰਜਾਬ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਪੱਤਰਕਾਰ ਸੰਮੇਲਨ ਦੌਰਾਨ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਲੋਕ ਹਿੱਤ ਵਿੱਚ ਕੀਤੇ ਕੰਮਾਂ ਨੂੰ ਘਰ-ਘਰ ਪਹੁੰਚਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ 8 ਸਾਲਾਂ ਦੇ ਕਾਰਜਕਾਲ ਦੌਰਾਨ ਹੁਣ ਭਾਰਤ ਦੀ ਜੀਡੀਪੀ 8.2 ਫੀਸਦੀ ਤੱਕ ਪਹੁੰਚ ਗਈ ਹੈ, ਇਹ ਸਭ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਸਦਕਾ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਕਈ ਅਜਿਹੀਆਂ ਸਕੀਮਾਂ ਚੱਲ ਰਹੀਆਂ ਹਨ, ਜਿਨ੍ਹਾਂ ਨਾਲ ਨਾ ਸਿਰਫ਼ ਮੁਲਕ ਦੀ ਆਰਥਿਕਤਾ ਵਿੱਚ ਵਾਧਾ ਹੋਇਆ ਹੈ, ਸਗੋਂ ਭਾਰਤ ਦੇ 135 ਕਰੋੜ ਲੋਕਾਂ ਨੂੰ ਵੱਡਾ ਲਾਭ ਮਿਲਿਆ ਹੈ।
ਇਸ ਮੌਕੇ ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਸੰਜੀਵ ਵਸ਼ਿਸ਼ਟ, ਸੁਖਵਿੰਦਰ ਸਿੰਘ ਗੋਲਡੀ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਮੀਤ ਪ੍ਰਧਾਨ ਅਰੁਣ ਸ਼ਰਮਾ, ਸਾਬਕਾ ਕੌਂਸਲਰ ਅਸ਼ੋਕ ਝਾਅ, ਕਮਲਦੀਪ ਸੈਣੀ, ਮੰਡਲ ਪ੍ਰਧਾਨ ਜੱਗੀ ਅੌਜਲਾ, ਰਾਖੀ ਪਾਠਕ, ਅਨਿਲ ਕੁਮਾਰ ਗੁੱਡੂ ਸਮੇਤ ਹੋਰ ਹੋਰ ਆਗੂ ਹਾਜ਼ਰ ਸਨ।
ਭਾਜਪਾ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਰ ਗਰੀਬ ਦੀ ਲੋੜ ਨੂੰ ਸਮਝਦੇ ਹੋਏ ਅਨੇਕਾਂ ਹੀ ਭਲਾਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ ਤਾਂ ਜੋ ਉਨ੍ਹਾਂ ਲੋਕਾਂ ਨੂੰ ਸਿੱਧਾ ਲਾਭ ਮਿਲ ਸਕੇ, ਜੋ ਸਹੀ ਹੱਕਦਾਰ ਹਨ। ਮੁਦਰਾ ਸਕੀਮ ਤਹਿਤ ਕਰੋੜਾਂ ਲੋਕਾਂ ਨੇ ਬਿਨਾਂ ਬੈਂਕ ਗਾਰੰਟੀ ਤੋਂ ਕਰਜ਼ਾ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਅਜੋਕੇ ਸਮੇਂ ਵਿੱਚ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਵਧੀਆ ਢੰਗ ਨਾਲ ਆਪਣਾ ਕਾਰੋਬਾਰ ਚਲਾ ਰਹੇ ਹਨ। ਇਸ ਤੋਂ ਇਲਾਵਾ ਉੱਜਵਲਾ ਯੋਜਨਾ ਤਹਿਤ ਦੇਸ਼ ਦੀਆਂ ਕਰੋੜਾਂ ਅੌਰਤਾਂ ਨੂੰ ਧੂੰਏਂ ਤੋਂ ਮੁਕਤ ਕਰਕੇ ਮੁਫ਼ਤ ਗੈਸ ਸਿਲੰਡਰ ਦਿੱਤੇ ਗਏ। ਇਸ ਨਾਲ ਅੌਰਤਾਂ ਦੀ ਰੋਜ਼ਮਰ੍ਹਾ ਦੀ ਵੱਡੀ ਸਮੱਸਿਆ ਹੱਲ ਹੋਈ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸਬੰਧੀ ਪ੍ਰਧਾਨ ਮੰਤਰੀ ਵੱਲੋਂ ਵਿਸ਼ੇਸ਼ ਦਿਨ ਨਿਸ਼ਚਿਤ ਕੀਤਾ ਗਿਆ। ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਇਆ ਕਰੇਗਾ। ਇੰਜ ਹੀ ਕਰਤਾਰਪੁਰ ਲਾਂਘਾ ਖੋਲ੍ਹਣ ਸਮੇਤ ਗੁਰੂ ਨਾਨਕ ਦੇਵ ਦੀਆਂ ਰਚਨਾਵਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਪ੍ਰਚਾਰ ਕੀਤਾ ਗਿਆ ਹੈ।