ਜ਼ਿਲ੍ਹਾ ਪ੍ਰਸ਼ਾਸਨ ਨੇ ਯੂਰੀਆ ਦੀ ਵੰਡ ਵਿੱਚ ਬੇਨਿਯਮੀਆਂ ਲਈ ਖਾਦ ਡੀਲਰਾਂ ’ਤੇ ਸ਼ਿਕੰਜਾ ਕੱਸਿਆ

ਯੂਰੀਆ ਖਾਦ ਵੰਡ ’ਚ ਬੇਨਿਯਮੀਆਂ: ਖੇਤੀਬਾੜੀ ਵਿਭਾਗ ਵੱਲੋਂ ਚਾਰਾਂ ਡੀਲਰਾਂ ਦੇ ਲਾਇਸੈਂਸ ਮੁਅੱਤਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ:
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਖਾਦ ਵੇਚਣ ਵਾਲੇ ਦੁਕਾਨਦਾਰਾਂ\ਡੀਲਰਾਂ ’ਤੇ ਸ਼ਿਕੰਜਾ ਕੱਸ ਦਿੱਤਾ ਹੈ। ਖੇਤੀਬਾੜੀ ਵਿਭਾਗ ਨੇ ਮੁਹਾਲੀ ਜ਼ਿਲ੍ਹੇ ਵਿੱਚ ਯੂਰੀਆ ਦੀ ਵੰਡ ਵਿੱਚ ਬੇਨਿਯਮੀਆਂ ਪਾਏ ਜਾਣ ’ਤੇ ਚਾਰ ਡੀਲਰਾਂ ਦੇ ਤੁਰੰਤ ਪ੍ਰਭਾਵ ਨਾਲ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਖਾਦ ’ਤੇ ਕੇਂਦਰ ਦੀ ਸਿੱਧਾ ਲਾਭ ਟਰਾਂਸਫ਼ਰ (ਡੀਬੀਟੀ) ਸਕੀਮ ਤਹਿਤ ਖਾਦਾਂ ਦੀ ਵਿਕਰੀ ਸਮੇਂ ਭਾਵੇਂ ਪੀਓਐਸ ਮਸ਼ੀਨਾਂ ’ਤੇ ਕਿਸਾਨਾਂ ਦੀ ਬਾਇਓਮੈਟ੍ਰਿਕ ਪਛਾਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਸੀ ਪ੍ਰੰਤੂ ਕੋਵਿਡ-19 ਦੇ ਫੈਲਾਅ ਕਾਰਨ ਪੀਓਐਸ ’ਤੇ ਕਿਸਾਨਾਂ ਦੀ ਬਾਇਓਮੈਟ੍ਰਿਕ ਪ੍ਰਮਾਣਿਕਤਾ ’ਤੇ ਸਰਕਾਰ ਵੱਲੋਂ ਫਿਲਹਾਲ ਆਰਜ਼ੀ ਰੋਕ ਲਗਾਈ ਹੈ।
ਡੀਸੀ ਨੇ ਦੱਸਿਆ ਕਿ ਇਸ ਸਥਿਤੀ ਦਾ ਅਣਉਚਿੱਤ ਲਾਹਾ ਲੈਂਦਿਆਂ ਕੁਝ ਫਰਮਾਂ ਨੇ ਸਬਸਿਡੀ ਵਾਲੀ ਖਾਦ ਦੀ ਵਿਕਰੀ ਵਿੱਚ ਬੇਨਿਯਮੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਸ਼ਿਕਾਇਤਾਂ ਮਿਲਣ ’ਤੇ ਤੁਰੰਤ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਜਾਂਚ ਕਰਨ ਅਤੇ ਯੂਰੀਆ ਦੀ ਵਿਕਰੀ ’ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸੀ। ਵਿਭਾਗ ਨੇ ਯੂਰੀਆ ਦੇ 21 ਵੱਡੇ ਖਰੀਦਦਾਰਾਂ ਦੇ ਰਿਕਾਰਡ ਦੀ ਮੁੱਢਲੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ 8 ਡੀਲਰਾਂ ਵੱਲੋਂ ਥੋਕ ਵਿੱਚ ਖਰੀਦ ਕੀਤੀ ਗਈ ਸੀ। ਵਿਸਥਾਰਤ ਜਾਂਚ ਤੋਂ ਪਤਾ ਲੱਗਾ ਕਿ ਅੱਠ ਡੀਲਰਾਂ ’ਚੋਂ ਚਾਰ ਡੀਲਰਾਂ ਨੇ ਆਪਣੇ ਰਿਕਾਰਡ ਵਿੱਚ ਵੇਚੇ ਗਏ ਯੂਰੀਆ ਦੀ ਜਾਅਲੀ ਵਿਕਰੀ ਦਰਜ ਕੀਤੀ ਸੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਤੋਂ ਖਰੀਦ ਦੀ ਤਸਦੀਕ ਨਾਲ ਇਹ ਸਾਹਮਣੇ ਆਇਆ ਕਿ ਕਿਸਾਨਾਂ ਨੇ ਕੋਈ ਖਰੀਦ ਨਹੀਂ ਕੀਤੀ ਸੀ ਅਤੇ ਖਾਦ ਵੇਚਣ ਵਾਲਿਆਂ ਨੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਖਰੀਦਦਾਰ ਦਿਖਾਇਆ ਗਿਆ ਸੀ। ਇਸ ਤੋਂ ਬਾਅਦ ਸਬੰਧਤ ਫਰਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਪ੍ਰੰਤੂ ਤਸੱਲੀਬਖ਼ਸ਼ ਜਵਾਬ ਨਾ ਮਿਲਣ ਕਾਰਨ ਉਕਤ ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।
ਡੀਸੀ ਨੇ ਦੱਸਿਆ ਕਿ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਦੀ ਧਾਰਾ 5 ਦੀ ਉਲੰਘਣਾ ਕਰਨ ’ਤੇ ਮੁੱਖ ਖੇਤੀਬਾੜੀ ਅਫ਼ਸਰ-ਕਮ-ਲਾਇਸੈਸਿੰਗ ਅਥਾਰਟੀ ਨੇ ਮੈਸਰਜ਼ ਥਾਂਡੀ ਫਰਟੀਲਾਈਜ਼ਰਜ਼ ਖਰੜ, ਮੈਸਰਜ਼ ਨਿਊ ਜਿਮੀਦਾਰਾ ਖਾਦ ਸਟੋਰ ਹੰਡੇਸਰਾ, ਮੈਸਰਜ਼ ਚਤਰ ਸੈਨ ਰਮੇਸ਼ ਕੁਮਾਰ ਡੇਰਾਬੱਸੀ ਅਤੇ ਮੈਸਰਜ਼ ਅਗਰਵਾਲ ਖਾਦ ਭੰਡਾਰ ਬਨੂੜ ਦੇ ਲਾਇਸੈਂਸ ਰੱਦ ਕੀਤੇ ਗਏ ਹਨ। ਡੀਸੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਾਦਾਂ ਦੀ ਸਹੀ ਅਤੇ ਜਾਇਜ਼ ਵਿਕਰੀ ਨੂੰ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਛਾਪੇਮਾਰੀ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…