
ਜ਼ਿਲ੍ਹਾ ਪ੍ਰਸ਼ਾਸਨ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰੇਗਾ: ਡੀਸੀ ਦਿਆਲਨ
ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ’ਤੇ ਤਿੱਖੀ ਨਜ਼ਰ ਰੱਖਣ ਲਈ ਆਨਲਾਈਨ ਨਿਗਰਾਨੀ ਵਿੱਚ ਕੀਤਾ ਵਾਧਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਚਿਤਾਵਨੀ ਦਿੱਤੀ ਕਿ ਕੋਵਿਡ-19 ਸਬੰਧੀ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ’ਤੇ ਅਣ-ਪ੍ਰਮਾਣਿਤ, ਗੁੰਮਰਾਹਕੁਨ, ਗਲਤ ਜਾਣਕਾਰੀ ਸਾਂਝਾ ਕਰਨ ਵਾਲਿਆਂ ਖ਼ਿਲਾਫ਼ ਭਾਰਤੀ ਦੰਡਾਵਲੀ, ਆਫ਼ਤਨ ਪ੍ਰਬੰਧਨ ਐਕਟ ਅਤੇ ਮਹਾਮਾਰੀ ਰੋਗ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਦਿਆਲਨ ਨੇ ਕਿਹਾ ਕਿ ਕੋਵਿਡ ਨਾਲ ਸਬੰਧਤ ਸੁਨੇਹੇ ਬਿਨਾਂ ਪੜਤਾਲ ਕੀਤੇ ਅੱਗੇ ਨਾ ਭੇਜੇ ਜਾਣ। ਪ੍ਰਸ਼ਾਸਨ ਵੱਲੋਂ ਸੋਸ਼ਲ ਮੀਡੀਆ ’ਤੇ ਅਜਿਹੀਆਂ ਪੋਸਟਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰੇ ਵਟਸਐਪ ਐਡਮਿਨ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਜਿਹੜੇ ਕੋਵਿਡ-19 ਨਾਲ ਸਬੰਧਤ ਅਣ-ਪ੍ਰਮਾਣਿਤ, ਗੁੰਮਰਾਹਕੁਨ ਜਾਣਕਾਰੀ ਸਾਂਝੀ ਕਰਨਗੇ।
ਸੋਸ਼ਲ ਮੀਡੀਆ ਉੱਤੇ ਅਫ਼ਵਾਹਾਂ ਤੇਜ਼ੀ ਨਾਲ ਫੈਲਦੀਆਂ ਹਨ, ਜਿਸ ਨਾਲ ਲੋਕਾਂ ਵਿਚ ਬੇਲੋੜੀ ਦਹਿਸ਼ਤ ਫੈਲਦੀ ਹੈ। ਇਸ ਲਈ, ਸਾਡਾ ਸਾਈਬਰ ਸੈੱਲ ਪੂਰੀ ਤਰ੍ਹਾਂ ਚੌਕਸ ਹੈ। ਅਸੀਂ ਕੋਵਿਡ-19 ਨਾਲ ਸਬੰਧਤ ਅਜਿਹੀਆਂ ਝੂਠੀਆਂ ਖ਼ਬਰਾਂ, ਨਿਰਾਰਥਕ, ਬੇਬੁਨਿਆਦ ਸੰਦੇਸ਼ਾਂ ਅਤੇ ਹੋਰ ਸਮੱਗਰੀ ਭੇਜਣ ਵਾਲਿਆਂ ਦੀ ਪਛਾਣ ਕਰਨ ਲਈ ਆਨਲਾਈਨ ਨਿਗਰਾਨੀ ਵਧਾ ਦਿੱਤੀ ਹੈ।
ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਮੁਹਾਲੀ ਵਿਖੇ ਡਾਕਟਰੀ ਸਹੂਲਤਾਂ ਪ੍ਰਤੀ ਗਲਤ ਆਡੀਓ ਕਲਿੱਪ ਬਣਾ ਕੇ ਲੋਕਾਂ ਦੇ ਵਿਸ਼ਵਾਸ ਨੂੰ ਢਾਹ ਲਾਉਣ ਵਾਲੇ ਅਣਪਛਾਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਐਫ਼ਆਈਆਰ ਦਰਜ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਜਿੱਥੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਪਰ ਕੁਝ ਗੈਰ ਸਮਾਜਿਕ ਅਨਸਰ ਵਟਸਐਪ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਹੋਰਨਾਂ ਸੋਸ਼ਲ ਮੀਡੀਆ ’ਤੇ ਸਿਹਤ ਪ੍ਰਬੰਧਨ ਬਾਰੇ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਸਮਾਜ ਵਿੱਚ ਦਹਿਸ਼ਤ ਫੈਲਾ ਰਹੇ ਹਨ, ਬਲਕਿ ਫਰੰਟਲਾਈਨ ਕਰੋਨਾ ਯੋਧਿਆਂ ਦੇ ਹੌਂਸਲਿਆਂ ਨੂੰ ਵੀ ਢਾਹ ਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਮੁੱਚੀ ਸੂਬਾ ਸਰਕਾਰ 24 ਘੰਟੇ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਵਾਇਰਸ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਪਰ ਕੁਝ ਗੈਰ ਸਮਾਜਿਕ ਅਨਸਰ ਬੇਲੋੜੇ ਸੰਦੇਸ਼ ਪੋਸਟ ਅਤੇ ਸਾਂਝਾ ਕਰਕੇ ਇਸ ਪ੍ਰਕਿਰਿਆ ਵਿੱਚ ਰੁਕਾਵਟ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸਾਡੇ ਮਹਾਂਮਾਰੀ ਨਿਯੰਤਰਣ ਯਤਨਾਂ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ ਜਾਏਗਾ। ਅਸੀਂ ਇਨ੍ਹਾਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ। ਇਸੇ ਦੌਰਾਨ ਉਨ੍ਹਾਂ ਲੋਕਾਂ ਨੂੰ ਅਜਿਹੀਆਂ ਅਫ਼ਵਾਹਾਂ ਅਤੇ ਝੂਠੀਆਂ ਖ਼ਬਰਾਂ ’ਤੇ ਯਕੀਨ ਨਾ ਕਰਨ ਦੀ ਅਪੀਲ ਵੀ ਕੀਤੀ।