ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਰੱਦ, ਪਰਮਿੰਦਰ ਤੂਰ ਨੂੰ ਪ੍ਰਧਾਨਗੀ ਤੋਂ ਕੀਤਾ ਲਾਂਭੇ

ਬਾਰ ਐਸੋਸੀਏਸ਼ਨ ਦਾ ਕੰਮ ਚਲਾਉਣ ਲਈ 5 ਮੈਂਬਰੀ ਐਡਹਾਕ ਕਮੇਟੀ ਦਾ ਗਠਨ

ਬਾਰ ਕੌਂਸਲ ਵੱਲੋਂ ਬਾਰ ਐਸੋਸੀਏਸ਼ਨ ਮੁਹਾਲੀ ਦੀ ਦੁਬਾਰਾ ਚੋਣ ਕਰਵਾਉਣ ਦੇ ਆਦੇਸ਼

ਨਬਜ਼-ਏ-ਪੰਜਾਬ, ਮੁਹਾਲੀ, 20 ਸਤੰਬਰ:
ਬਾਰ ਕੌਂਸਲ ਆਫ਼ ਪੰਜਾਬ ਤੇ ਹਰਿਆਣਾ ਨੇ ਪਿਛਲੇ ਸਾਲ 16 ਦਸੰਬਰ 2022 ਨੂੰ ਹੋਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੀ ਸਾਲਾਨਾ ਚੋਣ ਰੱਦ ਕਰਕੇ ਐਡਵੋਕੇਟ ਪਰਮਿੰਦਰ ਸਿੰਘ ਤੂਰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ। ਇਸ ਸਬੰਧੀ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਸਨੇਹਪ੍ਰੀਤ ਸਿੰਘ ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ ਵਿੱਚ ਚੋਣ ਪਟੀਸ਼ਨ ਦਾਇਰ ਕਰ ਕੇ ਤੂਰ ਦੀ ਚੋਣ ਨੂੰ ਚੁਨੌਤੀ ਦਿੱਤੀ ਗਈ ਸੀ। ਬਾਰ ਕੌਂਸਲ ਨੇ ਸਾਬਕਾ ਪ੍ਰਧਾਨ ਦੀ ਪਟੀਸ਼ਨ ਮਨਜ਼ੂਰ ਕਰ ਲਈ ਹੈ। ਇਹ ਹੁਕਮ ਬੀਤੀ 15 ਸਤੰਬਰ ਨੂੰ ਜਾਰੀ ਹੋਏ ਹਨ। ਇਸ ਤਰ੍ਹਾਂ 16 ਦਸੰਬਰ 2022 ਨੂੰ ਹੋਈ ਬਾਰ ਐਸੋਸੀਏਸ਼ਨ ਮੁਹਾਲੀ ਦੀ ਚੋਣ ਰੱਦ ਕਰ ਦਿੱਤੀ ਗਈ ਹੈ। ਬਾਰ ਕੌਂਸਲ ਵੱਲੋਂ ਇਨ੍ਹਾਂ ਤਾਜ਼ਾ ਹੁਕਮਾਂ ਦੀ ਕਾਪੀ ਅੱਜ ਬਾਰ ਐਸੋਸੀਏਸ਼ਨ ਮੁਹਾਲੀ ਨੂੰ ਸੂਚਨਾ ਹਿੱਤ ਭੇਜੀ ਗਈ। ਬਾਰ ਕੌਂਸਲ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਦੁਬਾਰਾ ਚੋਣ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ ਨੇ ਬਾਰ ਐਸੋਸੀਏਸ਼ਨ ਦਾ ਕੰਮ ਚਲਾਉਣ ਲਈ 5 ਮੈਂਬਰੀ ਵਿਸ਼ੇਸ਼ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਸੀਨੀਅਰ ਵਕੀਲ ਜਸਪਾਲ ਸਿੰਘ ਦੱਪਰ ਨੂੰ ਐਡਹਾਕ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜਦੋਂਕਿ ਕਮੇਟੀ ਬਾਕੀ ਮੈਂਬਰਾਂ ਵਿੱਚ ਪ੍ਰਿਤਪਾਲ ਸਿੰਘ ਬਾਸੀ, ਸਨਦੀਪ ਸਿੰਘ ਲੱਖਾ, ਗਗਨਦੀਪ ਸਿੰਘ ਗਿੰਨੀ ਅਤੇ ਜਤਿਨ ਅਰੋੜਾ ਸ਼ਾਮਲ ਹਨ।
ਸਾਬਕਾ ਪ੍ਰਧਾਨ ਸਨੇਹਪ੍ਰੀਤ ਸਿੰਘ ਨੇ ਬਾਰ ਕੌਂਸਲ ਕੋਲ ਦਾਇਰ ਪਟੀਸ਼ਨ ਵਿੱਚ ਦੋਸ਼ ਲਾਇਆ ਸੀ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੀ ਚੋਣ ਵਿੱਚ 27 ਵੋਟਾਂ ਅਜਿਹੀਆਂ ਭੁਗਤਾਈਆਂ ਗਈਆਂ ਸਨ, ਜਿਨ੍ਹਾਂ ਦਾ ਚੰਦਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਖਾਤੇ ਵਿੱਚ ਜਮਾ ਨਹੀਂ ਸੀ ਹੋਇਆ। ਇਸ ਤਰ੍ਹਾਂ ਜਿੱਤ ਹਾਰ ਦਾ ਬਹੁਤ ਥੋੜਾ ਫਰਕ ਸੀ। ਬਾਰ ਕੌਂਸਲ ਦੀ ਇਲੈਕਸ਼ਨ ਕਮੇਟੀ ਨੇ ਪਟੀਸ਼ਨ ਕਰਤਾ ਦੀ ਪਟੀਸ਼ਨ ਨੂੰ ਮਨਜ਼ੂਰ ਕਰਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੀ ਚੋਣਾਂ ਦੁਬਾਰਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਚੋਣਾਂ ਬਾਰ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਲਦੀ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …