
ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਵਕੀਲ ਖ਼ਿਲਾਫ਼ ਫੈਸਲਾ ਰੱਦ ਕਰਨ ਦੀ ਕੀਤੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਦੀ ਅਗਵਾਈ ਹੇਠ ਅੱਜ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਸੀਨੀਅਰ ਐਡਵੋਕੇਟ ਪ੍ਰਸ਼ਾਤ ਭੂਸ਼ਨ ਨੂੰ ਸੁਪਰੀਮ ਕੋਰਟ ਵੱਲੋ ਮਾਣਹਾਨੀ ਦੇ ਕੇਸ ਵਿੱਚ ਦੋਸ਼ੀ ਐਲਾਨਣ ਨੂੰ ਲੋਕਤੰਤਰ ਦੇ ਖ਼ਿਲਾਫ਼ ਦੱਸਿਆ ਗਿਆ। ਮੀਟਿੰਗ ਵਿੱਚ ਨਿਖੇਧੀ ਮਤਾ ਪਾਸ ਕਰ ਕੇ ਉੱਚ ਅਦਾਲਤ ਦੇ ਫੈਸਲੇ ਨੂੰ ਵਾਪਸ ਲੈਣ ਦੀ ਗੁਹਾਰ ਲਗਾਈ। ਉਨ੍ਹਾਂ ਕਿਹਾ ਕਿ ਇਹ ਅਲੋਚਨਾ ਦੇ ਉਸ ਸਿਧਾਂਤ ਦਾ ਵੀ ਨਿਰਾਦਰ ਹੈ ਜੋ ਕਿਸੇ ਨਿੱਗਰ ਸਮਾਜ ਦੀ ਸਿਰਜਣਾ ਅਤੇ ਤੰਦਰੁਸਤ ਬੁਨਿਆਦੀ ਢਾਂਚੇ ਦੀ ਨੀਂਹ ਹੁੰਦਾ ਹੈ।
ਸ੍ਰੀ ਚਾਹਲ ਨੇ ਕਿਹਾ ਕਿ ਇਹ ਫੈਸਲਾ ਉਦੋਂ ਆਇਆ ਹੈ ਜਦੋਂ ਭਾਰਤ ਵਿੱਚ ਬੋਲਣ ਦੀ ਆਜ਼ਾਦੀ ਅਤੇ ਵੱਧ ਰਹੀਆਂ ਰੋਕਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ। ਜਿਨਾਂ ਦਾ ਰਖਵਾਲਾ ਖ਼ੁਦ ਸੁਪਰੀਮ ਕੋਰਟ ਹੈ। ਉਨ੍ਹਾਂ ਕਿਹਾ ਕਿ ਇਕ ਚਿੰਤਕ ਦੇ ਤੌਰ ’ਤੇ ਨਿਆਂ ਪ੍ਰਣਾਲੀ ਦੀਆਂ ਕਮੀਆਂ ਦਾ ਜ਼ਿਕਰ ਅਤੇ ਫਿਕਰ ਕਰਨਾ ਜਿੱਥੇ ਇਕ ਵਕੀਲ ਦਾ ਹੱਕ ਅਤੇ ਫਰਜ ਹੈ, ਉੱਥੇ ਆਪਣੀਆਂ ਗਲਤੀਆਂ ਨੂੰ ਵੱਡੇ ਦਿਲ ਨਾਲ ਸੁਣਨਾ, ਸਵੀਕਾਰ ਕਰਨਾ ਅਤੇ ਸੁਧਾਰ ਕਰਨਾ ਇਕ ਮਹਾਨ ਸੰਸਥਾ ਦੇ ਮਹਾਨ ਰੁਤਬੇ ’ਤੇ ਬੈਠੇ ਲੋਕਾਂ ਦੀ ਉਸ ਸੰਸਥਾ ਤੇ ਰੁਤਬੇ ਪ੍ਰਤੀ ਮੁੱਖ ਮੰਗ ਹੈ।
ਬੁਲਾਰਿਆਂ ਨੇ ਕਿਹਾ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਇਹ ਮਹਿਸੂਸ ਕਰਦੀ ਹੈ ਕਿ ਉੱਚ ਅਦਾਲਤ ਦਾ ਇਹ ਫੈਸਲਾ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਮੁੱਢੋਂ ਤੋਂ ਤੋੜਨ ਵਾਲਾ ਹੈ ਅਤੇ ਇਕ ਡਰਾਵਣੀਂ ਚੁੱਪ ਦੀ ਪੈਰਵੀਂ ਕਰਦਾ ਹੈ। ਇਹ ਫੈਸਲਾ ਖੌਫ ਪੈਦਾ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਫੈਸਲਾ ਪ੍ਰਸ਼ਾਤ ਭੂਸ਼ਨ ਦੇ ਬਹਾਨੇ ਹੋਰਨਾਂ ਨੂੰ ਚੁੱਪ ਕਰਵਾਉਣ ਵਾਲਾ ਹੈ ਤਾਂ ਇਹ ਹੋਰ ਵੀ ਜ਼ਿਆਦਾ ਖ਼ਤਰਨਾਕ ਹੈ।
ਇਸ ਮੌਕੇ ਸੰਯੁਕਤ ਸਕੱਤਰ ਗੀਤਾਂਜਲੀ ਬਾਲੀ, ਦਵਿੰਦਰ ਕੁਮਾਰ ਵੱਤਸ, ਸੁਸ਼ੀਲ ਕੁਮਾਰ ਅੱਤਰੀ, ਹਰਜਿੰਦਰ ਸਿੰਘ ਬੈਦਵਾਨ, ਸਨੇਹਪ੍ਰੀਤ ਸਿੰਘ, ਦਮਨਜੀਤ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਢਿੱਲੋਂ, ਹਰਭਿੰਦਰ ਸਿੰਘ, ਦਰਸ਼ਨ ਸਿੰਘ ਰਠੌੜ, ਗੁਰਵਿੰਦਰ ਸਿੰਘ ਸੋਹੀ, ਗੁਰਮੇਲ ਸਿੰਘ ਧਾਲੀਵਾਲ, ਅਮਨਦੀਪ ਕੌਰ ਸੋਹੀ, ਸੰਦੀਪ ਸਿੰਘ ਲੱਖਾ, ਸੁਨੀਲ ਪਰਾਸ਼ਰ, ਸੰਜੀਵ ਮੈਣੀ, ਸੰਜੀਵ ਕੁਮਾਰ, ਅਮਰਜੀਤ ਰੁਪਾਲ, ਅਕਸ਼ ਚੇਤਲ, ਵਿਕਾਸ ਸ਼ਰਮਾ, ਸਿਮਰਨਦੀਪ ਸਿੰਘ, ਤਪਿੰਦਰ ਸਿੰਘ ਬੈਂਸ ਅਤੇ ਗੁਰਦੀਪ ਸਿੰਘ ਵੀ ਹਾਜ਼ਰ ਸਨ।