Nabaz-e-punjab.com

ਜ਼ਿਲ੍ਹਾ ਸੀਆਈਏ ਸਟਾਫ਼ ਵੱਲੋਂ ਚੱਪੜਚਿੜੀ ਨੇੜਿਓਂ ਹੈਰੋਇਨ ਤੇ ਦੇਸੀ ਪਿਸਤੌਲ ਸਣੇ 3 ਨੌਜਵਾਨ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 60 ਗਰਾਮ ਹੈਰੋਇਨ ਅਤੇ ਇੱਕ 32 ਬੋਰ ਦਾ ਦੇਸੀ ਪਿਸਤੌਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਪੀ (ਡੀ) ਅਰੁਣ ਸ਼ਰਮਾ ਅਤੇ ਡੀਐਸਪੀ (ਡੀ) ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਕਾਰ ਚਾਲਕ ਕੁਲਦੀਪ ਸਿੰਘ ਵਾਸੀ ਮੁਹਾਲੀ, ਨਾਲ ਦੀ ਸੀਟ ’ਤੇ ਬੈਠੇ ਪਵਨ ਗਿੱਲ ਵਾਸੀ ਮੋਗਾ ਹਾਲ ਵਾਸੀ ਦਸਮੇਸ਼ ਨਗਰ ਖਰੜ ਅਤੇ ਪਿਛਲੀ ਸੀਟ ’ਤੇ ਬੈਠੇ ਮੋਸਿਨ ਉਰਫ਼ ਸੋਨੂੰ ਵਾਸੀ ਬਿਜਨੌਰ (ਯੂਪੀ) ਹਾਲ ਵਾਸੀ ਬੂੜੈਲ ਦੇ ਖ਼ਿਲਾਫ਼ ਥਾਣਾ ਬਲੌਂਗੀ ਵਿੱਚ ਐਨਡੀਪੀਐਸ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੋਸਿਨ ਉਰਫ਼ ਸੋਨੂੰ ਦੇ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤਹਿਤ ਸੈਕਟਰ-34, ਚੰਡੀਗੜ੍ਹ ਥਾਣੇ ਵਿੱਚ ਕੇਸ ਦਰਜ ਹੈ ਅਤੇ ਉਹ ਇਸ ਮਾਮਲੇ ਵਿੱਚ ਭਗੌੜਾ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਏਐਸਆਈ ਜੀਵਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪਿੰਡ ਚੱਪੜਚਿੜੀ ਬੱਸ ਸਟਾਪ ਦੇ ਪਿੱਛਲੇ ਪਾਸੇ ਚਿੱਟੇ ਰੰਗ ਦੀ ਆਈ-20 ਕਾਰ ਨੂੰ ਸ਼ੱਕੀ ਹਾਲਤ ਵਿੱਚ ਖੜੀ ਦੇਖਿਆ ਅਤੇ ਜਾਂਚ ਲਈ ਜਿਵੇਂ ਹੀ ਪੁਲੀਸ ਟੀਮ ਅੱਗੇ ਵਧੀ ਤਾਂ ਕਾਰ ਵਿੱਚ ਸਵਾਰ ਉਕਤ ਵਿਅਕਤੀਆਂ ਨੇ ਮੌਕੇ ’ਤੇ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲੀਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਮੋਸਿਨ ਸੋਨੂੰ ਤੋਂ 30 ਗਰਾਮ ਅਤੇ ਪਵਨ ਗਿੱਲ ਤੋਂ 30 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਜਦੋਂਕਿ ਕਾਰ ਚਾਲਕ ਕੁਲਦੀਪ ਸਿੰਘ ਕੋਲੋਂ 32 ਬੋਰ ਦਾ ਇੱਕ ਦੇਸੀ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਕਾਰ ਦੇ ਡੈਸ਼ਬੋਰਡ ’ਚੋਂ 25 ਲਿਫਾਫੀਆਂ ਅਤੇ ਇੱਕ ਕੰਪਿਊਟਰਰਾਈਜ਼ ਕੰਡਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…