Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਭਗੌੜਾ ਨਸ਼ਾ ਤਸਕਰ ਗ੍ਰਿਫ਼ਤਾਰ ਮੁਲਜ਼ਮ ਕੋਲੋਂ .32 ਬੋਰ ਦਾ ਦੇਸੀ ਪਿਸਤੌਲ ਤੇ ਤਿੰਨ ਜਿੰਦਾ ਕਾਰਤੂਸ ਤੇ ਫਾਰਚੂਨਰ ਕਾਰ ਬਰਾਮਦ, ਐਸਐਸਪੀ ਨੇ ਕੀਤਾ ਖੁਲਾਸਾ ਪੰਜਾਬ ਤੇ ਰਾਜਸਥਾਨ ਦੇ ਵੱਖ-ਵੱਖ ਥਾਣਿਆਂ ਵਿੱਚ 17 ਕੇਸ ਦਰਜ, ਬੀਐਸਐਫ਼ ਨੂੰ ਵੀ ਲੋੜੀਂਦਾ ਸੀ ਮੁਲਜ਼ਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ: ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਇਕ ਭਗੌੜੇ ਨਸ਼ਾ ਤਸਕਰ ਸ਼ਿੰਦਰਪਾਲ ਸਿੰਘ ਉਰਫ਼ ਛਿੰਦੀ ਵਾਸੀ ਅਬੋਹਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਕੋਲੋਂ .32 ਬੋਰ ਦਾ ਇਕ ਦੇਸੀ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਅਤੇ ਇਕ ਫਾਰਚੂਨਰ ਗੱਡੀ ਵੀ ਬਰਾਮਦ ਕੀਤੀ ਗਈ ਹੈ। ਅੱਜ ਇੱਥੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮ ਪੰਜਾਬ ਅਤੇ ਰਾਜਸਥਾਨ ਸੂਬਿਆਂ ਦੀ ਪੁਲੀਸ ਨੂੰ ਲੋੜੀਂਦਾ ਸੀ ਅਤੇ ਦੋ ਸਾਲਾਂ ਤੋਂ ਭਗੌੜਾ ਚੱਲਿਆ ਆ ਰਿਹਾ ਸੀ। ਉਸ ਦੇ ਸਰਹੱਦੋਂ ਪਾਰ ਵਾਲੇ ਨਸ਼ਾ ਤਸਕਰਾਂ ਨਾਲ ਸਬੰਧ ਦੱਸੇ ਜਾ ਰਹੇ ਹਨ। ਐਸਐਸਪੀ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਿੰਦਰਪਾਲ ਸਿੰਘ ਉਰਫ਼ ਛਿੰਦੀ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਵਿੱਚ ਸਵਾਰ ਹੋ ਕੇ ਅੰਬਾਲਾ ਸਾਈਡ ਤੋਂ ਮੁਹਾਲੀ ਵੱਲ ਆ ਰਿਹਾ ਹੈ। ਸੂਚਨਾ ਮਿਲਣ ’ਤੇ ਮੁਹਾਲੀ ਦੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਜ਼ੀਰਕਪੁਰ ਨੇੜੇ ਨਾਕਾਬੰਦੀ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਛਿੰਦੀ ਖ਼ਿਲਾਫ਼ ਪੰਜਾਬ ਅਤੇ ਰਾਜਸਥਾਨ ਦੇ ਵੱਖ-ਵੱਖ ਥਾਣਿਆਂ ਵਿੱਚ 17 ਪੁਲੀਸ ਕੇਸ ਦਰਜ ਹਨ। ਰਾਜਸਥਾਨ ਪੁਲੀਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਇਨਾਮ ਵੀ ਰੱਖਿਆ ਹੋਇਆ ਹੈ। ਸ੍ਰੀ ਚਾਹਲ ਨੇ ਦੱਸਿਆ ਕਿ ਮੁਲਜ਼ਮ ਪਿਛਲੇ ਸੱਤ ਸਾਲਾਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਧੰਦਾ ਕਰਦਾ ਆ ਰਿਹਾ ਸੀ ਅਤੇ ਉਸ ਨੂੰ 2015 ਵਿੱਚ ਪਹਿਲੀ ਵਾਰ 5 ਕਿੱਲੋਂ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸੇ ਦੌਰਾਨ ਉਸ ਦੇ ਬਾਰਡਰ ਪਾਰ ਦੇ ਨਸ਼ਾ ਤਸਕਰਾਂ ਨਾਲ ਸਿੱਧੇ ਸੰਪਰਕ ਬਣ ਗਏ ਅਤੇ ਜ਼ਮਾਨਤ ’ਤੇ ਰਿਹਾਅ ਹੋ ਕੇ ਉਸ ਨੇ ਆਪਣੇ ਬਾਰਡਰ ਪਾਰ ਦੇ ਤਸਕਰਾਂ ਤੋਂ ਹੈਰੋਇਨ ਅਤੇ ਅਸਲੇ ਦੀਆਂ ਵੱਡੀਆਂ ਖੇਪਾਂ ਮੰਗਵਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੰਜਾਬ ਵਿੱਚ ਆਪਣੇ ਸਾਥੀਆਂ ਨੂੰ ਹੈਰੋਇਨ ਦੀਆਂ ਖੇਪਾ ਡਿਲੀਵਰ ਕਰਨ ਲੱਗ ਪਿਆ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਪੰਜਾਬ ਅਤੇ ਰਾਜਸਥਾਨ ਸੀਮਾ ਨਾਲ ਲਗਦੇ ਅੰਤਰ-ਰਾਸ਼ਟਰੀ ਸਰਹੱਦੀ ਇਲਾਕੇ ਦਾ ਰਿਹਾਇਸ਼ੀ ਹੋਣ ਕਰਕੇ ਉਸ ਨੂੰ ਤਾਰ-ਬਾੜ ਤੋਂ ਡਲਿਵਰੀ ਲੈਣ ਦੀ ਮੁਹਾਰਤ ਹਾਸਲ ਹੈ। ਉਸ ਨੇ ਕਈ ਵਾਰ ਹੈਰੋਇਨ ਦੀਆਂ ਵੱਡੀਆਂ ਖੇਪਾ ਬਾਰਡਰ ਪਾਰ ਤੋਂ ਹਾਸਲ ਕੀਤੀਆਂ ਹਨ। ਮੁਲਜ਼ਮ ਬਾਰਡਰ ਸਕਿਉਰਿਟੀ ਫੋਰਸ ਨੂੰ ਵੀ ਲੋੜੀਂਦਾ ਸੀ। ਪੁਲੀਸ ਵੱਲੋਂ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਪੁਲੀਸ ਨੂੰ ਨਸ਼ਾ ਤਸਕਰੀ ਮਾਮਲਿਆਂ ਵਿੱਚ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ