Nabaz-e-punjab.com

ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ 3 ਮੈਂਬਰ ਅਸਲੇ ਸਮੇਤ ਗ੍ਰਿਫ਼ਤਾਰ

ਕੁਰਾਲੀ ਅਤੇ ਡੇਰਾਬੱਸੀ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਮੁਲਜ਼ਮ: ਐਸਐਸਪੀ ਚਾਹਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਅਮਨਦੀਪ ਸਿੰਘ ਵਾਸੀ ਰਤਨਗੜ੍ਹ ਸਿੰਬਲ, ਸੰਗਰਾਮ ਸਿੰਘ ਵਾਸੀ ਕਰਨਾਲ ਅਤੇ ਰਾਹੁਲ ਕੁਮਾਰ ਵਾਸੀ ਰਹਾੜਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੁਰਾਲੀ ਅਤੇ ਡੇਰਾਬੱਸੀ ਕਸਬਿਆਂ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸੀ। ਉਨ੍ਹਾਂ ਦੱਸਿਆ ਕਿ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਦੀ ਅਗਵਾਈ ਵਿੱਚ ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸੁਖਵੀਰ ਸਿੰਘ ਦੀ ਨਿਗਰਾਨੀ ਹੇਠ ਦੋ ਵੱਖ ਵੱਖ ਟੀਮਾਂ ਵੱਲੋਂ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।
ਐਸਐਸਪੀ ਨੇ ਦੱਸਿਆ ਕਿ ਅਮਨਦੀਪ ਸਿੰਘ ਵੱਖ-ਵੱਖ 7 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਜਾਂਚ ਅਧਿਕਾਰੀ ਏਐਸਆਈ ਦੀਪਕ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮ ਕੋਲੋਂ ਸਵਿਫ਼ਟ ਕਾਰ, .32 ਬੋਰ ਦਾ ਪਿਸਤੌਲ, ਦੋ ਜਿੰਦਾ ਕਾਰਤੂਸ, ਦੋ ਪਾਸਪੋਰਟਾਂ ਸਣੇ ਨਿਹੋਲਕਾ ਸੜਕ ਤੋਂ ਕਾਬੂ ਕੀਤਾ ਹੈ। ਉਸ ਦੇ ਖ਼ਿਲਾਫ਼ ਕੁਰਾਲੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇੰਝ ਹੀ ਏਐਸਆਈ ਰਾਕੇਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਹਰਿਆਣਾ ਦੇ ਦੋ ਹਥਿਆਰਬੰਦ ਮੁਲਜ਼ਮਾਂ ਸੰਗਰਾਮ ਸਿੰਘ ਅਤੇ ਰਾਹੁਲ ਕੁਮਾਰ ਨੂੰ ਡੇਰਾਬੱਸੀ ਬਰਵਾਲਾ ਸੜਕ ’ਤੇ ਚੈਕਿੰਗ ਦੌਰਾਨ .32 ਬੋਰ ਦੇ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਦੋਵਾਂ ਦੇ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਅਮਨਦੀਪ ਸਿੰਘ ਦੇ ਖ਼ਿਲਾਫ਼ ਪਹਿਲਾਂ ਹੀ ਵੱਖ-ਵੱਖ ਅਪਰਾਧਾਂ ਅਧੀਨ ਸੱਤ ਕੇਸ ਦਰਜ ਹਨ, ਉਹ ਦੁਬਾਰਾ ਫਿਰ ਤੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਸਰਗਰਮ ਹੋ ਕੇ ਕਿਸੇ ਵੱਡੀ ਲੁੱਟ ਦੀ ਕੋਸ਼ਿਸ਼ ਵਿੱਚ ਸੀ। ਉਸ ਨੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਵਿਦੇਸ਼ ਭੱਜਣ ਦੀ ਤਿਆਰੀ ਕੀਤੀ ਹੋਈ ਸੀ। ਇਸ ਸਬੰਧੀ ਉਸਨੇ ਪਹਿਲਾਂ ਹੀ ਗੁਰਜੀਤ ਸਿੰਘ ਵਾਸੀ ਸਦਰ ਖੇੜਾ ਜ਼ਿਲ੍ਹਾ ਰਾਮਪੁਰ, ਉਤਰ ਪ੍ਰਦੇਸ਼ ਦੇ ਨਾਂ ਅਤੇ ਪਤੇ ’ਤੇ ਜਾਅਲੀ ਪਾਸਪੋਰਟ ਬਣਾਇਆ ਹੋਇਆ ਸੀ। ਉਂਜ ਮੁਲਜ਼ਮ ਨੇ ਆਪਣੇ ਅਸਲੀ ਨਾਮ ਅਤੇ ਪਤੇ ’ਤੇ ਵੀ ਪਾਸਪੋਰਟ ਬਣਾਇਆ ਹੋਇਆ ਹੈ।
ਸ੍ਰੀ ਚਾਹਲ ਨੇ ਦੱਸਿਆ ਕਿ ਮੁਲਜ਼ਮ ਸੰਗਰਾਮ ਸਿੰਘ ਵਿਰੁੱਧ ਥਾਣਾ ਸਦਰ ਕਰਨਾਲ ਵਿੱਚ ਸਾਲ 2017 ਵਿੱਚ ਕਤਲ ਦਾ ਕੇਸ ਦਰਜ ਹੋਇਆ ਸੀ। ਉਸ ਨੇ ਆਪਣਾ ਗਰੋਹ ਤਿਆਰ ਕਰਨ ਲਈ ਰਾਹੁਲ ਕੁਮਾਰ ਨੂੰ ਨਾਲ ਰਲਾ ਲਿਆ ਸੀ। ਇਹ ਦੋਵੇਂ ਜਣੇ ਹਥਿਆਰਾਂ ਦੀ ਨੋਕ ’ਤੇ ਕੋਈ ਕਾਰ ਖੋਹ ਕੇ ਡੇਰਾਬੱਸੀ ਇਲਾਕੇ ਵਿੱਚ ਡਕੈਤੀ ਮਾਰਨ ਦੀ ਵਿਉਂਤਬੰਦੀ ਵਿੱਚ ਜੁਟੇ ਹੋਏ ਸਨ ਪਰ ਪੁਲੀਸ ਦੀ ਚੌਕਸੀ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਪੁਲੀਸ ਨੂੰ ਲੁੱਟ ਖੋਹ ਦੀਆਂ ਹੋਰ ਵਾਰਦਾਤਾਂ ਬਾਰੇ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …