Nabaz-e-punjab.com

ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਅੌਰਤ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ, ਯੂਪੀ ਤੋਂ ਤਿੰਨ ਮੁਲਜ਼ਮ ਗ੍ਰਿਫ਼ਤਾਰ

ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਅੌਰਤ ਦੇ ਪਤੀ ਪਿੰਟੂ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਕੀਤੀ ਸੀ ਪਤਨੀ ਦੀ ਹੱਤਿਆ

ਮੁਲਜ਼ਮਾਂ ਦਾ ਚੌਥਾ ਸਾਥੀ ਦੀਪਕ ਕੁਮਾਰ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਾਰਚ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਗਿਲਕੋ ਵੈਲੀ ਵਿੱਚ ਅੌਰਤ ਦੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਰਾਮ ਕੁਮਾਰ, ਅਮਿਤ ਕੁਮਾਰ ਅਤੇ ਪਿੰਟੂ ਸਿੰਘ ਵਾਸੀਆਨ ਪਿੰਡ ਸਿਮਾਇਲਪੁਰ, ਜ਼ਿਲ੍ਹਾ ਬਿਜਨੌਰ (ਯੂਪੀ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗੁਪਤ ਸੂਚਨਾ ਦੇ ਆਧਾਰਿਤ ਮੁਲਜ਼ਮਾਂ ਨੂੰ ਨਜੀਬਾਬਾਦ (ਯੂਪੀ) ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਸੋਮਵਾਰ ਨੂੰ ਮੁਹਾਲੀ ਸਥਿਤ ਆਪਣੇ ਦਫ਼ਤਰ ਵਿੱਚ ਪੈੱ੍ਰਸ ਕਾਨਫਰੰਸ ਵਿੱਚ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਚੌਥਾ ਮੁਲਜ਼ਮ ਦੀਪਕ ਕੁਮਾਰ ਹਾਲੇ ਫਰਾਰ ਹੈ। ਉਸ ਦੀ ਤਲਾਸ਼ ਵਿੱਚ ਵੱਖ ਵੱਖ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਉਕਤ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਐਸਐਸਪੀ ਸ੍ਰੀ ਭੁੱਲਰ ਨੇ ਦੱਸਿਆ ਕਿ ਬੀਤੀ 14 ਮਾਰਚ ਨੂੰ ਗਿਲਕੋ ਵੈਲੀ ਖਰੜ ਵਿੱਚ ਅੌਰਤ ਦਾ ਕਤਲ ਕਰਕੇ ਉਸ ਦੀ ਲਾਸ਼ ਦੁਕਾਨਾਂ ਦੇ ਪਿੱਛੇ ਉਜਾੜ ਵਿੱਚ ਸੁੱਟ ਦਿੱਤੀ ਸੀ। ਇਸ ਸਬੰਧੀ ਕ੍ਰਿਪਾਲ ਸਿੰਘ ਬਾਜਵਾ ਨੇ ਸੈਰ ਕਰਦੇ ਸਮੇਂ ਅੌਰਤ ਦੀ ਲਾਸ਼ ਦੇਖੀ ਅਤੇ ਤੁਰੰਤ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦੇ ਪਲਾਟ ਨੇੜੇ ਦੁਕਾਨਾਂ ਦੇ ਪਿਛਲੇ ਪਾਸੇ ਉਜਾੜ ਸੜਕ ਦੇ ਕਿਨਾਰੇ ਇੱਕ ਅਣਪਛਾਤੀ ਅੌਰਤ ਦੀ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਖਰੜ ਸਿਟੀ ਪੁਲੀਸ ਦੇ ਕਰਮਚਾਰੀ ਤੁਰੰਤ ਮੌਕਾ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤੀ। ਇਸ ਸਬੰਧੀ ਪੁਲੀਸ ਨੇ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ।
ਐਸਐਸਪੀ ਵੱਲੋਂ ਅੌਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਮੁਹਾਲੀ ਦੇ ਐਸਪੀ (ਡੀ) ਵਰੁਣ ਸ਼ਰਮਾ ਦੀ ਨਿਗਰਾਨੀ ਹੇਠ ਡੀਐਸਪੀ (ਡੀ) ਗੁਰਦੇਵ ਸਿੰਘ ਧਾਰੀਵਾਲ, ਖਰੜ ਦੇ ਡੀਐਸਪੀ ਦੀਪ ਕਮਲ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਅਤੇ ਥਾਣਾ ਖਰੜ ਸਿਟੀ ਦੇ ਐਸਐਚਓ ਭਗਵੰਤ ਸਿੰਘ ਰਿਆੜ ’ਤੇ ਆਧਾਰਿਤ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਟੀਮ ਨੇ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਕੀਤੀ। ਜਾਂਚ ਦੌਰਾਨ ਮ੍ਰਿਤਕ ਅੌਰਤ ਦੀ ਪਛਾਣ ਸਵਿਤਾ ਪਤਨੀ ਪਿੰਟੂ ਵਾਸੀ ਕਿਰਾਏਦਾਰ ਨੇੜੇ ਗੁਰੂ ਨਾਨਕ ਪਬਲਿਕ ਸਕੂਲ ਬਲੌਂਗੀ ਵਜੋਂ ਹੋਈ।
ਐਸਐਸਪੀ ਨੇ ਦੱਸਿਆ ਕਿ ਮ੍ਰਿਤਕ ਅੌਰਤ ਦਾ ਕਤਲ ਉਸ ਦੇ ਪਤੀ ਪਿੰਟੂੂ ਸਿੰਘ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਕੀਤਾ ਸੀ। ਜਾਂਚ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਮ੍ਰਿਤਕਾ ਦੀ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਤੀ ਨਾਲ ਅਣਬਣ ਚਲ ਰਹੀ ਸੀ ਅਤੇ ਉਹ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਸੀ। ਮ੍ਰਿਤਕਾ ਦੇ ਪਤੀ ਪਿੰਟੂ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਕਥਿਤ ਨਾਜਾਇਜ਼ ਸਬੰਧ ਹਨ। ਇਸ ਦੇ ਚੱਲਦਿਆਂ ਉਸ ਨੇ ਆਪਣੇ ਭਰਾ ਅਮਿਤ ਕਮਾਰ, ਦੀਪਕ ਕੁਮਾਰ ਅਤੇ ਰਾਮ ਕੁਮਾਰ ਨਾਲ ਮਿਲ ਕੇ ਆਪਣੀ ਪਤਨੀ ਸਵਿਤਾ ਦੀ ਹੱਤਿਆ ਕਰਨ ਦੀ ਯੋਜਨਾ ਘੜੀ ਅਤੇ ਬੀਤੀ 13 ਮਾਰਚ ਨੂੰ ਮੁਲਜ਼ਮ ਅਮਿਤ ਕੁਮਾਰ ਨੇ ਆਪਣੀ ਭਾਬੀ ਸਵਿਤਾ ਨੂੰ ਫੋਨ ’ਤੇ ਮਿਲਣ ਲਈ ਸੱਦਿਆ ਗਿਆ। ਉਹ ਉਸ ਨੂੰ ਥ੍ਰੀਵੀਲਰ ਵਿੱਚ ਬਿਠਾ ਕੇ ਗਿਲਕੋ ਵੈਲੀ ਲੈ ਗਿਆ। ਜਿੱਥੇ ਦੇਰ ਰਾਤ ਕਰੀਬ ਪੌਣੇ ਵਜੇ ਮੁਲਜ਼ਮਾਂ ਨੇ ਮਿਲ ਕੇ ਸਵਿਤਾ ਦੇ ਸਿਰ ਵਿੱਚ ਹਥੌੜੀ ਨਾਲ ਹਮਲਾ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਆਪਣੇ ਥ੍ਰੀਵੀਲਰ ਵਿੱਚ ਮੌਕੇ ਤੋਂ ਫਰਾਰ ਹੋ ਗਏ। ਲੇਕਿਨ ਅੌਰਤ ਦੇ ਪਤੀ ਪਿੰਟੂ ਦੀਆਂ ਦੁਕਾਨ ਦੀਆਂ ਚਾਬੀਆਂ ਮੌਕੇ ’ਤੇ ਡਿੱਗ ਪਈਆਂ। ਉਹ ਦੁਬਾਰਾ ਦੇਰ ਰਾਤ ਨੂੰ ਦੀਪਕ ਅਤੇ ਅਮਨ ਨਾਲ ਆਪਣੇ ਸਕੂਟਰ ’ਤੇ ਮੌਕਾ ਦੇਖਣ ਆਏ ਤਾਂ ਦੀਪਕ ਨੇ ਫਿਰ ਆਪਣੀ ਭਾਬੀ ਦੇ ਸਿਰ ਵਿੱਚ ਪੱਥਰ ਮਾਰ ਕੇ ਇਹ ਯਕੀਨ ਕੀਤਾ ਕਿ ਉਹ ਮਰ ਚੁੱਕੀ ਹੈ, ਪ੍ਰੰਤੂ ਉਨ੍ਹਾਂ ਨੂੰ ਕਾਫੀ ਭਾਲ ਕਰਨ ’ਤੇ ਵੀ ਚਾਬੀਆਂ ਨਹੀਂ ਮਿਲੀਆਂ। ਇਸ ਤਰ੍ਹਾਂ ਅਗਲੇ ਦਿਨ ਸਾਰੇ ਮੁਲਜ਼ਮ ਰੇਲ ਗੱਡੀ ਰਾਹੀਂ ਬਿਜ਼ਨੋਰ (ਯੂਪੀ) ਫਰਾਰ ਹੋ ਗਏ। ਪ੍ਰੰਤੂ ਪੁਲੀਸ ਨੇ ਉਕਤ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਉਕਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਚੌਥੇ ਮੁਲਜ਼ਮ ਦੀਪਕ ਦੀ ਭਾਲ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…