Nabaz-e-punjab.com

ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਅੰਤਰਰਾਜ਼ੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼, ਅੌਰਤ ਸਣੇ 3 ਮੁਲਜ਼ਮ ਗ੍ਰਿਫ਼ਤਾਰ

ਜਾਂਚ ਟੀਮ ਵੱਲੋਂ ਮੁਲਜ਼ਮਾਂ ਦੇ ਕਬਜ਼ੇ ’ਚੋਂ ਚੋਰੀ ਦੇ ਕਈ ਵਾਹਨ ਵੀ ਕੀਤੇ ਬਰਾਮਦ

ਗੱਡੀਆਂ ਚੋਰੀ ਕਰਨ ਲਈ ਤੇ ਇੰਜਣ ਤੇ ਚਾਸੀ ਨੰਬਰ ਬਦਲਣ ਲਈ ਵਰਤਿਆ ਜਾਣ ਵਾਲਾ ਸਾਜੋ ਸਾਮਾਨ ਵੀ ਕੀਤਾ ਜ਼ਬਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਸਮਾਜ ਵਿਰੋਧੀ ਅਨਸਰਾਂ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਵਿਰੁੱਧ ਆਰੰਭੀ ਵਿਸ਼ੇਸ਼ ਦੇ ਤਹਿਤ ਅੰਤਰਰਾਜ਼ੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਇੱਕ ਅੌਰਤ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’‘ਚੋਂ ਚੋਰੀਆਂ 2 ਫਾਰਚੂਨਰ ਗੱਡੀਆਂ, ਇੱਕ ਸਲੈਰੀਓ ਕਾਰ, ਇੱਕ ਸਵਿਫਟ ਕਾਰ ਅਤੇ ਇੱਕ ਸੈਂਟਰੋ ਕਾਰ ਸਮੇਤ ਗੱਡੀਆਂ ਚੋਰੀ ਕਰਨ, ਗੱਡੀਆਂ ਦੇ ਇੰਜਣ ਤੇ ਚਾਸੀ ਨੰਬਰ ਬਦਲਣ ਲਈ ਵਰਤਿਆ ਜਾਣ ਵਾਲਾ ਸਾਜੋ ਸਾਮਾਨ ਵੀ ਭਾਰੀ ਮਾਤਰਾ ਵਿੱਚ ਬਰਾਮਦ ਕੀਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਆਪਣੇ ਦਫ਼ਤਰ ਵਿੱਚ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਐਸਪੀ (ਡੀ) ਵਰੁਣ ਸ਼ਰਮਾ, ਡੀਐਸਪੀ (ਡੀ) ਗੁਰਦੇਵ ਸਿੰਘ ਧਾਲੀਵਾਲ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਰਘਬੀਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਪੁਲੀਸ ਟੀਮਾਂ ਸ਼ੱਕੀ ਪੁਰਸ਼ਾਂ ਦੀ ਤਲਾਸ਼ ਦੇ ਸਬੰਧੀ ਲਗਾਈਆਂ ਗਈਆਂ ਸਨ। ਇਸ ਦੌਰਾਨ ਏਐਸਆਈ ਜੀਵਨ ਸਿੰਘ, ਏਐਸਆਈ ਦੀਪਕ ਸਿੰਘ, ਏਐਸਆਈ ਗੁਰਪ੍ਰਤਾਪ ਸਿੰਘ ਨੇ ਜ਼ੀਰਕਪੁਰ ਨੇੜੇ ਇੱਕ ਸਵਿਫ਼ਟ ਕਾਰ ’ਚੋਂ ਅੰਕਿਤ ਵਾਸੀ ਪਿੰਡ ਆਲੇਵਾ ਥਾਣਾ ਆਲੇਵਾ ਜ਼ਿਲ੍ਹਾ ਜੀਂਦ (ਹਰਿਆਣਾ), ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਪਿੰਡ ਵਡਾਲਾ ਥਾਣਾ ਖਿਲਚੀਆਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਸਰੋਜ ਉਰਫ਼ ਸੋਨੀਆ ਪਤਨੀ ਹਰਪ੍ਰੀਤ ਸਿੰਘ ਉਰਫ਼ ਸਮਾਟੀ ਵਾਸੀ ਜੱਟਾ ਵਾਲਾ ਚੋਤਰਾ ਪਟਿਆਲਾ ਹਾਲ ਵਾਸੀ ਸਵਾਸਤਿਕ ਵਿਹਾਰ ਜ਼ੀਰਕਪੁਰ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਹਰਿਆਣਾ ਦੇ ਜਾਅਲੀ ਨੰਬਰੀ ਸਵਿਫ਼ਟ ਕਾਰ ਬਰਾਮਦ ਹੋਈ। ਮੁਲਜ਼ਮ ਇਸ ਕਾਰ ਨੂੰ ਹੋਰ ਕਾਰਾਂ ਚੋਰੀ ਕਰਨ ਸਮੇਂ ਅਤੇ ਰੈਕੀ ਕਰਨ ਲਈ ਵਰਤਦੇ ਸਨ। ਮੁਲਜ਼ਮਾਂ ਤੋਂ ਡੂੰਘਾਈ ਨਾਲ ਪੱੁਛਗਿੱਛ ਕਰਨ ’ਤੇ ਚੋਰੀਆਂ ਦੋ ਫਾਰਚੂਨਰ ਗੱਡੀਆਂ, ਜੋ ਇਨ੍ਹਾਂ ਨੇ ਸੈਕਟਰ-69 ਅਤੇ ਸੈਕਟਰ-79 ’ਚੋਂ ਬੀਤੀ 18 ਤੇ 19 ਫਰਵਰੀ ਅਤੇ 19 ਤੇ 20 ਫਰਵਰੀ ਦੀ ਦਰਮਿਆਨੀ ਰਾਤ ਨੂੰ ਚੋਰੀ ਕੀਤੀਆਂ ਸਨ। ਇਨ੍ਹਾਂ ਕਾਰਾਂ ’ਤੇ ਜਾਅਲੀ ਨੰਬਰ ਲਗਾਏ ਹੋਏ ਸਨ। ਇਸ ਸਬੰਧ ਵਿੱਚ ਸੈਂਟਰਲ ਥਾਣਾ ਫੇਜ਼-8 ਅਤੇ ਥਾਣਾ ਸੋਹਾਣਾ ਵਿੱਚ ਪਹਿਲਾਂ ਹੀ ਚੋਰੀ ਦੇ ਮੁਕੱਦਮੇ ਦਰਜ ਹਨ। ਇੱਕ ਚੋਰੀ ਦੀ ਸਲੇਰੀਓ ਕਾਰ, ਜੋ ਸਾਊੁਥ ਰੋਹਿਨੀ (ਦਿੱਲੀ) ਤੋਂ ਚੋਰੀ ਕੀਤੀ ਗਈ ਸੀ, ਜਿਸ ਸਬੰਧੀ ਸਬੰਧਤ ਥਾਣਾ ਵਿੱਚ ਕੇਸ ਦਰਜ ਹੈ। ਪੁਲੀਸ ਰਿਮਾਂਡ ਦੌਰਾਨ ਪੁੱਛਗਿੱਛ ਕਰਨ ’ਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਇੱਕ ਸੈਂਟਰੋ ਕਾਰ ਅਤੇ ਡਰਿੱਲ ਮਸ਼ੀਨ ਅਤੇ ਹੋਰ ਯੰਤਰ, ਜਿਨ੍ਹਾਂ ਨਾਲ ਗੱਡੀਆਂ ਚੋਰੀ ਕਰਦੇ ਸਨ, ਵੀ ਬਰਾਮਦ ਕੀਤੇ ਗਏ ਹਨ। ਜਿਨ੍ਹਾਂ ਵਿੱਚ ਵੱਖ-ਵੱਖ ਗੱਡੀਆਂ ਦੇ ਸਟੇਰਿੰਗ ਲਾਕ ਅਤੇੇ ਮੀਟਰ ਅਤੇ ਹੋਰ ਸਾਜੋ ਸਮਾਨ ਬਰਾਮਦ ਹੋਇਆ ਹੈ।
ਸ੍ਰੀ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਇਹ ਗੈਂਗ ਟੋਟਲ ਡੈਮੇਜ ਗੱਡੀਆਂ ਨੂੰ ਖਰੀਦ ਕੇ ਚੋਰੀ ਕੀਤੀਆਂ ਗੱਡੀਆਂ ਦੇ ਇੰਜਣ ਅਤੇ ਚਾਸੀ ਨੰਬਰ ਟੈਂਪਰਿੰਗ ਕਰਕੇ ਲਗਾ ਦਿੰਦੇ ਸਨ ਅਤੇ ਅੱਗੇ ਵੇਚ ਦਿੰਦੇ ਸਨ ਅਤੇ ਟੋਟਲ ਡੈਮੇਜ ਗੱਡੀਆਂ ਦੇ ਈਸੀਐਮ ਅਤੇ ਚਾਬੀਆਂ ਚੋਰੀ ਕਰਨ ਸਮੇਂ ਵਰਤਦੇ ਸਨ ਅਤੇ ਕਾਰਾਂ ਦੇ ਤਾਲੇ ਤੋੜਨ ਲਈ ਵਰਤੇ ਜਾਂਦੇ ਯੰਤਰ ਵੀ ਬਰਾਮਦ ਹੋਏ ਹਨ। ਮੁਲਜ਼ਮ ਅੰਕਿਤ ’ਤੇ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਹਨਨ। ਇਸ ਤੋਂ ਇਲਾਵਾ ਇਸ ਕੇਸ ਵਿੱਚ ਕੁਝ ਹੋਰ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਹੋਰ ਵੀ ਗੱਡੀਆਂ ਅਤੇ ਨਾਜਾਇਜ਼ ਅਸਲਾ ਬਰਾਮਦ ਹੋਣ ਦੀ ਸੰਭਾਵਨਾ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਚੋਰੀ ਦੇ ਕਈ ਦਰਜਨ ਕੇਸ ਪਹਿਲਾਂ ਵੀ ਦਰਜ ਹਨ।
ਮਹਿਲਾ ਮੁਲਜ਼ਮ ਸਰੋਜ ਉਰਫ਼ ਸੋਨੀਆ ਆਪਣੇ ਪਤੀ ਹਰਪ੍ਰੀਤ ਸਿੰਘ ਉਰਫ਼ ਸਮਾਟੀ ਦੇ ਨਾਲ ਸਵਾਸਤਿਕ ਵਿਹਾਰ ਕਿਰਾਏ ’ਤੇ ਰਹਿੰਦੀ ਸੀ, ਜਿੱਥੋਂ ਆਪਣਾ ਗੈਂਗ ਚਲਾ ਰਹੇ ਸਨ। ਕਾਰ ਵਿੱਚ ਸੋਨੀਆ ਛੋਟੀ ਬੱਚੀ ਉਮਰ ਕਰੀਬ 3 ਸਾਲ ਨੂੰ ਆਪਣੇ ਨਾਲ ਰੱਖਦੀ ਸੀ ਤਾਂ ਜੋ ਇਨ੍ਹਾਂ ਦੀਆਂ ਗਤੀਵਿਧੀਆਂ ’ਤੇ ਪੁਲੀਸ ਜਾਂ ਆਮ ਲੋਕਾਂ ਨੂੰ ਕੋਈ ਸ਼ੱਕ ਨਾ ਹੋਵੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅੌਰਤ ਸੋਨੀਆ ਨੂੰ ਅਦਾਲਤ ਨੇ ਸੈਂਟਰਲ ਜੇਲ੍ਹ ਪਟਿਆਲਾ ਭੇਜ ਦਿੱਤਾ ਗਿਆ ਹੈ, ਜਦੋਂਕਿ ਹਰਪ੍ਰੀਤ ਸਿੰਘ ਅਤੇ ਅੰਕਿਤ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…