ਜ਼ਿਲ੍ਹਾ ਖਪਤਕਾਰ ਅਦਾਲਤ ਵੱਲੋਂ ਦੋ ਕੇਸਾਂ ਵਿੱਚ ਈਐਸਆਈ ਨੂੰ 50 ਹਜ਼ਾਰ ਰੁਪਏ ਜੁਰਮਾਨਾ

ਮ੍ਰਿਤਕ ਕਰਮਚਾਰੀ ਦੀ ਵਿਧਵਾ ਤੇ ਪੀੜਤ ਕਰਮਚਾਰੀ ਨੂੰ ਵਿੱਤੀ ਲਾਭ ਦੇਣ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਜ਼ਿਲ੍ਹਾ ਖਪਤਕਾਰ ਅਦਾਲਤ ਮੁਹਾਲੀ ਨੇ ਦੋ ਫੈਕਟਰੀ ਕਾਮਿਆਂ ਦੇ ਕੇਸਾਂ ਵਿੱਚ ਈਐਸਆਈ ਦੇ ਖੇਤਰੀ ਡਾਇਰੈਕਟਰ ਨੂੰ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮਆਈਏ ਲੇਬਰ ਕਮੇਟੀ ਦੇ ਚੇਅਰਮੈਨ ਐਡਵੋਕੇਟ ਜਸਬੀਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮਰਹੂਮ ਕਿਰਤੀ ਅਵਤਾਰ ਸਿੰਘ ਦੀ ਵਿਧਵਾ ਨੂੰ ਇਕ ਮਹੀਨੇ ਦੇ ਅੰਦਰ ਮ੍ਰਿਤਕ ਦੀ ਨੌਕਰੀ ਤੋਂ ਮਿਲਣ ਵਾਲੇ ਸਾਰੇ ਹੱਕ (ਪੈਨਸ਼ਨ ਆਦਿ) 9 ਫੀਸਦੀ ਵਿਆਜ ਸਮੇਤ 28 ਜੂਨ 2017 ਤੋਂ ਜਾਰੀ ਕਰਨ ਦੇ ਹੁਕਮ ਦਿੱਤੇ ਹਨ ਅਤੇ 25 ਹਜ਼ਾਰ ਰੁਪਏ ਹਰਜਾਨਾ ਅਦਾ ਕਰਨ ਲਈ ਕਿਹਾ ਹੈ। ਇੱਕ ਹੋਰ ਕੇਸ ਦੇ ਫ਼ੈਸਲੇ ਵਿੱਚ ਜ਼ਿਲ੍ਹਾ ਖਪਤਕਾਰ ਅਦਾਲਤ ਨੇ ਕਿਰਤੀ ਅਨੰਦ ਵਰਮਾ ਦਾ ਕੇਸ ਮਨਜ਼ੂਰ ਕਰਕੇ ਈਐਸਆਈ ਨੂੰ ਕਿਰਤੀ ਨੂੰ 47 ਹਜ਼ਾਰ 950 ਰੁਪਏ ਦੁਰਘਟਨਾ ਦੀ ਮਿਤੀ 26 ਅਪਰੈਲ 2006 ਤੋਂ 9 ਫੀਸਦੀ ਵਿਆਜ ਨਾਲ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਕਿਰਤੀ ਨੂੰ 30 ਦਿਨ ਦੇ ਅੰਦਰ-ਅੰਦਰ 25 ਹਜ਼ਾਰ ਰੁਪਏ ਹਰਜਾਨਾ ਦੇਣ ਦੀ ਹਦਾਇਤ ਵੀ ਕੀਤੀ ਹੈ।
ਵਕੀਲ ਜਸਬੀਰ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਦੀ 28 ਜੁਲਾਈ 2017 ਨੂੰ ਮੈਸਰਜ਼ ਨਾਹਰ ਇੰਡਸਟਰੀ ਐਂਟਰਪ੍ਰਾਈਜਿਜ਼ ਲਿਮਟਿਡ ਡੇਰਾਬੱਸੀ ਵਿੱਚ ਕੰਮ ਕਰਨ ਜਾਂਦੇ ਸਮੇਂ ਅੰਬਾਲਾ-ਚੰਡੀਗੜ੍ਹ ਸੜਕ ’ਤੇ ਵਾਪਰੇ ਹਾਦਸੇ ਵਿੱਚ ਮੌਤ ਹੋ ਗਈ ਸੀ। ਉਹ ਈਐਸਆਈ ਕਾਰਡ ਧਾਰਕ ਸੀ ਪਰ ਉਸ ਦੀ ਵਿਧਵਾ ਵੱਲੋਂ ਪੈਨਸ਼ਨ ਕਲੇਮ ਲਈ ਦਾਇਰ ਕੀਤਾ ਕੇਸ ਈਐਸਆਈ ਡੇਰਾਬੱਸੀ ਨੇ ਇਹ ਕਹਿ ਕੇ ਖ਼ਾਰਜ ਕਰ ਦਿੱਤਾ ਸੀ ਕਿ ਕਿਰਤੀ ਦੀ ਮੌਤ ਨੌਕਰੀ ਦੌਰਾਨ ਨਹੀਂ ਹੋਈ।
ਉਧਰ, ਕਿਰਤੀ ਅਨੰਦ ਵਰਮਾ ਮੈਸਰਜ਼ ਟੀਐਮਟੀਐਲ, ਪ੍ਰਾਈਵੇਟ ਲਿਮਟਿਡ/ਆਈਸ਼ਰ ਪ੍ਰੈਕਟਰਜ਼, ਪ੍ਰਮਾਣੂ ਵਿੱਚ ਹੈਲਪਰ ਵਜੋਂ ਕੰਮ ਕਰਦਾ ਸੀ। ਪਾਲਿਸ਼ ਮਸ਼ੀਨ ਉੱਤੇ ਕੰਮ ਕਰਦੇ 24 ਜੂਨ 2006 ਨੂੰ ਉਸ ਦੇ ਖੱਬੇ ਹੱਥ ਦੀ ਉਂਗਲ ਕੱਟ ਗਈ ਸੀ। ਉਹ ਵੀ ਈਐਸਆਈ ਕਾਰਡ ਧਾਰਕ ਸੀ। ਉਸ ਦਾ ਕੇਸ ਈਐਸਆਈ ਨੇ ਤਕਨੀਕੀ ਆਧਾਰ ’ਤੇ ਰੱਦ ਕਰ ਦਿੱਤਾ ਸੀ। ਗਿਆਨ ਦੀ ਘਾਟ ਕਾਰਨ ਅਨਪੜ੍ਹ ਕਿਰਤੀ ਲੰਮਾ ਸਮਾਂ ਹੋਰ ਅਦਾਲਤ ਦੇ ਚੱਕਰ ਕੱਟਦਾ ਰਿਹਾ ਪ੍ਰੰਤੂ ਹੁਣ ਜ਼ਿਲ੍ਹਾ ਖਪਤਕਾਰ ਅਦਾਲਤ ਨੇ ਉਸ ਦਾ ਕੇਸ ਸਵੀਕਾਰ ਕਰਕੇ ਉਸ ਨੂੰ ਇਨਸਾਫ਼ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …