Nabaz-e-punjab.com

ਜ਼ਿਲ੍ਹਾ ਅਦਾਲਤ ਮੁਹਾਲੀ ਵਿੱਚ ਵਕੀਲਾਂ ਵੱਲੋਂ ਮੁਕੰਮਲ ਹੜਤਾਲ, ਸ਼ਨੀਵਾਰ ਛੁੱਟੀ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਸਤੰਬਰ:
ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਵਕੀਲਾਂ ਵੱਲੋਂ ਪੰਜ ਦਿਨਾਂ ਹਫ਼ਤੇ ਦੀ ਮੰਗ (ਸ਼ਨਿਚਰਵਾਰ ਦੀ ਛੁੱਟੀ) ਨੂੰ ਲੈ ਕੇ ਅੱਜ ਮੁਕੰਮਲ ਹੜਤਾਲ ਕੀਤੀ ਗਈ ਅਤੇ ਮੁਕੰਮਲ ਤੌਰ ’ਤੇ ਕੰਮ ਬੰਦ ਰੱਖਿਆ। ਇਸ ਦੌਰਾਨ ਕੋਈ ਵੀ ਵਕੀਲ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਜਿਸ ਕਾਰਨ ਸੁਣਵਾਈ ਅਧੀਨ ਕੇਸਾਂ ਸਬੰਧੀ ਅਦਾਲਤੀ ਕੰਮ ਕਾਜ ਪ੍ਰਭਾਵਿਤ ਹੋਇਆ ਅਤੇ ਲੋਕਾਂ ਨੂੰ ਵੀ ਦਿੱਕਤਾਂ ਆਈਆਂ। ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪੰਜ ਦਿਨਾਂ ਹਫ਼ਤੇ ਸਬੰਧੀ ਸਮੁੱਚੇ ਪੰਜਾਬ ਦੇ ਵਕੀਲਾਂ ਦੀ ਸਾਂਝੀ ਅਤੇ ਪੁਰਾਣੀ ਮੰਗ ਹੈ। ਇਸ ਨੂੰ ਲੈ ਕੇ ਪੁਰੇ ਪੰਜਾਬ ਦੇ ਵਕੀਲ ਇਕਮਤ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਦੀ ਹੋਈ ਇਕੱਤਰਤਾ ਵਿੱਚ ਵੀ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਜਦੋਂ ਤੱਕ ਉਨ੍ਹਾਂ ਇਹ ਜਾਇਜ਼ ਮੰਗ ਮੰਨ ਨਹੀਂ ਮੰਨੀ ਜਾਂਦੀ ਉਦੋਂ ਤੱਕ ਵਕੀਲਾਂ ਵੱਲੋਂ ਹਰੇਕ ਸ਼ਨਿਚਰਵਾਰ ਨੂੰ ਕੰਮ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਅਤੇ ਰੋਸ ਪ੍ਰਗਟ ਕੀਤਾ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਹਾਈ ਕੋਰਟ ਅਤੇ ਹੋਰਨਾਂ ਸਰਕਾਰੀ ਅਦਾਰਿਆਂ ਦੀ ਤਰਜ਼ ’ਤੇ ਜ਼ਿਲ੍ਹਾ ਅਤੇ ਸਬ ਡਵੀਜ਼ਨ ਅਦਾਲਤਾਂ ਵਿੱਚ ਵੀ ਪੰਜ ਦਿਨਾਂ ਹਫ਼ਤੇ ਦਾ ਨਿਯਮ ਲਾਗੂ ਕੀਤੇ ਜਾਣ ਅਤੇ ਇਸ ਵਿਤਕਰੇ ਨੂੰ ਤੁਰੰਤ ਖਤਮ ਕੀਤਾ ਜਾਵੇ।
ਇਸ ਮੌਕੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਅਦਾਲਤਾਂ ਵਿੱਚ ਵੈਸੇ ਹੀ ਸ਼ਨਿਚਰਵਾਰ ਨੂੰ ਜ਼ਿਆਦਾਤਰ ਕੰਮ ਬੰਦ ਰਹਿੰਦਾ ਹੈ। ਇਸ ਲਈ ਹੁਣ ਇਸ ਦਿਨ ਨੂੰ ਦਫ਼ਤਰੀ ਤੌਰ ’ਤੇ ਛੁੱਟੀ ਘੋਸ਼ਿਤ ਕਰਨਾ ਜ਼ਰੂਰੀ ਹੋ ਗਿਆ ਹੈ। ਇਸ ਮੌਕੇ ਹਾਜ਼ਰ ਸੀਨੀਅਰ ਵਕੀਲਾਂ ਨੇ ਕਿਹਾ ਕਿ ਹਾਈ ਕੋਰਟ ਦੀ ਤਰਜ਼ ’ਤੇ ਹੀ ਹੇਠਲੀਆਂ ਅਦਾਲਤਾਂ ਵਿੱਚ ਛੁੱਟੀਆਂ ਕੀਤੀਆਂ ਜਾਣ। ਇਸ ਮੌਕੇ ਸੰਯੁਕਤ ਸਕੱਤਰ ਗੀਤਾਂਜਲੀ ਬਾਲੀ, ਮੋਹਨ ਲਾਲ ਸੇਤੀਆ, ਗੁਰਮੇਲ ਸਿੰਘ ਧਾਲੀਵਾਲ, ਸੁਸ਼ੀਲ ਅੱਤਰੀ, ਅਮਨਦੀਪ ਸੋਹੀ, ਸਨੇਹਪ੍ਰੀਤ ਸਿੰਘ, ਨਰਪਿੰਦਰ ਸਿੰਘ ਰੰਗੀ, ਅਮਰਜੀਤ ਸਿੰਘ ਰੁਪਾਲ, ਗੁਰਵੀਰ ਸਿੰਘ ਅੰਟਾਲ, ਹਰਕਿਸ਼ਨ ਸਿੰਘ, ਜਗਦੀਪ ਕੌਰ ਭੰਗੂ, ਪ੍ਰੇਮ ਸਿੰਘ, ਨਰਿੰਦਰ ਸਿੰਘ ਚਤਾਮਲੀ, ਅਸ਼ੋਕ ਸ਼ਰਮਾ, ਚੇਤਨ ਵਿੱਜ ਸਮੇਤ ਹੋਰ ਵਕੀਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…