ਅੌਰਤ ਦੀ ਕੁੱਟਮਾਰ ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਦਾ ਮਾਮਲਾ: ਜ਼ਿਲ੍ਹਾ ਅਦਾਲਤ ਵੱਲੋਂ ਸੱਸ ਤੇ ਸੁਹਰਾ ਦੀ ਜ਼ਮਾਨਤ ਦੀ ਅਰਜ਼ੀ ਰੱਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਮੁਹਾਲੀ ਦੇ ਵਧੀਕ ਜ਼ਿਲਾ ਸੈਸ਼ਨ ਜੱਜ ਸਾਰੂ ਮਹਿਤਾ ਕੋਸ਼ਿਕ ਦੀ ਅਦਾਲਤ ਨੇ ਥਾਣਾ ਖਰੜ ਸਿਟੀ ਵਿੱਚ ਦਰਜ ਵਿਆਹੁਤਾ ਦੀ ਕੁੱਟਮਾਰ ਕਰਨ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਅੱਜ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਿਆਹੁਤਾ ਅੌਰਤ ਕਰਮਜੀਤ ਕੌਰ ਦੀ ਸੱਸ ਸੁਰਿੰਦਰ ਕੌਰ ਅਤੇ ਸਹੁਰਾ ਬੀਰ ਸਿੰਘ ਦੀ ਜਮਾਨਤ ਦੀ ਅਰਜ਼ੀ ਨੂੰ ਖਾਰਜ਼ ਕਰ ਦਿੱਤਾ ਗਿਆ ਹੈ। ਜਦੋਂ ਕਿ ਕਰਮਜੀਤ ਕੌਰ ਦਾ ਪਤੀ ਗੁਰਤੇਜ਼ ਸਿੰਘ ਅਤੇ ਦਿਉਰ ਦਲਜੀਤ ਸਿੰਘ ਹਾਲੇ ਵੀ ਘਰੋਂ ਫਰਾਰ ਦੱਸੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕਰਮਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸਦਾ ਵਿਆਹ ਗੁਰਤੇਜ਼ ਸਿੰਘ ਨਾਲ 8 ਸਾਲ ਪਹਿਲਾਂ ਹੋਇਆ ਸੀ ਅਤੇ ਉਹ ਮੁਹਾਲੀ ਵਿਖੇ ਕੰਮ ਕਰਦਾ ਹੈ। ਉਨਂਾਂ ਦੇ 2 ਬੱਚੇ ਇੱਕ ਲੜਕਾ ਤੇ ਇੱਕ ਲੜਕੀ ਹਨ ਅਤੇ ਸਾਰਾ ਪਰਿਵਾਰ ਇੱਕ ਹੀ ਘਰ ਵਿੱਚ ਰਹਿੰਦੇ ਹਨ। ਉਸ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਪਤੀ ਦੇ ਕਿਸੇ ਹੋਰ ਅੌਰਤ ਨਾਲ ਨਜ਼ਾਇਜ ਸਬੰਧ ਹਨ ਅਤੇ ਜਦੋਂ ਉਹ ਉਸ ਨੂੰ ਰੋਕਦੀ ਹੈ ਤਾਂ ਉਸ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ।
ਕਰਮਜੀਤ ਕੌਰ ਮੁਤਾਬਕ 18 ਜਨਵਰੀ ਨੂੰ ਤੜਕੇ 4 ਵਜੇ ਉਸ ਦੇ ਪਤੀ ਨੇ ਉਸ ਨੂੰ ਜਗਾਇਆ ਕਿ ਆਓ ਗੁਰਦੁਆਰੇ ਮੱਥਾ ਟੇਕ ਆਈਏ ਕਿਉਂਕਿ ਉਸ ਦਿਨ ਉਸਦੇ ਲੜਕੇ ਦਾ ਜਨਮ ਦਿਨ ਸੀ। ਉਸਦੇ ਪਤੀ ਨੇ ਕਿਹਾ ਕਿ ਉਹ ਨੰਗੇ ਪੈਰ ਹੀ ਬਾਥਰੂਮ ਵਿੱਚ ਜਾ ਕੇ ਇਸ਼ਨਾਨ ਕਰ ਲਵੇ। ਅਚਾਨਕ ਉਸ ਨੂੰ ਲੱਗਿਆ ਕਿ ਬਾਹਰ ਕੋਈ ਹੈ ਜਦੋਂ ਉਸ ਨੇ ਦਰਵਾਜਾ ਖੋਲਿਂਆ ਤਾਂ ਦੇਖਿਆ ਕਿ ਉਸ ਦਾ ਪਤੀ ਉਥੇ ਖੜਿਂਆ ਸੀ, ਜਿਸ ਦੇ ਹੱਥ ਵਿੱਚ ਇੱਕ ਬਿਜਲੀ ਦੀ ਤਾਰ ਸੀ ਜੋ ਮੇਨ ਤਾਰ ਨਾਲ ਜੁੜੀ ਹੋਈ ਸੀ। ਉਸ ਨੇ ਦੋਸ਼ ਲਗਾਇਆ ਕਿ ਇਹ ਉਸ ਦੇ ਪਤੀ ਵੱਲੋਂ ਉਸ ਨੂੰ ਕਰੰਟ ਲਗਾਉਣ ਦੀ ਤਿਆਰੀ ਕੀਤੀ ਹੋਈ ਸੀ। ਉਸ ਨੇ ਰੌਲਾ ਪਾਇਆ ਅਤੇ ਪਰਿਵਾਰ ਦੇ ਬਾਕੀ ਮੈਂਬਰ ਇਕੱਠੇ ਹੋ ਗਏ ਅਤੇ ਅਗਲੇ ਦਿਨ 19 ਜਨਵਰੀ ਨੂੰ ਉਸ ਨੂੰ ਪੂਰੇ ਪਰਿਵਾਰ ਨੇ ਲੋਹੇ ਦੀ ਰਾਡ ਅਤੇ ਡੰਡਿਆ ਨਾਲ ਉਸ ਨੂੰ ਬੁਰੀ ਤਰਂਾਂ ਕੁੱਟਿਆ ਅਤੇ ਪੁਲੀਸ ਦੀ ਮਦਦ ਨਾਲ ਉਸ ਨੂੰ ਸਹੁਰੇ ਪਰਿਵਾਰ ਤੋਂ ਛੁਡਵਾ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਉਸ ਸਮੇਂ ਪੀੜਤ ਕਰਮਜੀਤ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਉਸ ਦੇ ਪਤੀ ਗੁਰਤੇਜ ਸਿੰਘ, ਸੱਸ, ਸਹੁਰਾ ਅਤੇ ਦਿਉਰ ਖ਼ਿਲਾਫ਼ ਧਾਰਾ 307,498ਏ, 506,323 ਅਤੇ 34 ਦੇ ਤਹਿਤ ਕੇਸ ਦਰਜ ਕਰ ਲਿਆ ਸੀ।