Nabaz-e-punjab.com

ਜ਼ਿਲ੍ਹਾ ਮੁਹਾਲੀ ਨੂੰ ਨਸ਼ਾ ਮੁਕਤ ਬਣਾਉਣ ਲਈ ਸਾਰੇ ਵਿਭਾਗਾਂ ਨੂੰ ਸਾਂਝੀ ਲੜਾਈ ਲੜਨ ’ਤੇ ਜ਼ੋਰ

ਡੀਸੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨਿਕ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਮੁੱਚੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਿਆਂ ਖ਼ਿਲਾਫ਼ ਜ਼ਿਲੇ੍ਹ ਦਾ ਆਪਣਾ ਐਕਸ਼ਨ ਪਲਾਨ ਤਿਆਰ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ। ਇਸ ਲਈ ਜ਼ਿਲ੍ਹਾ ਮੁਹਾਲੀ ਵਿੱਚ ਨਸ਼ਿਆਂ ਖ਼ਿਲਾਫ਼ ਲੜਾਈ ਲਈ ਸਾਰੇ ਵਿਭਾਗਾਂ ਦਾ ਸਾਂਝਾ ਐਕਸ਼ਨ ਪਲਾਨ ਤਿਆਰ ਕੀਤਾ ਜਾਵੇ। ਜਿਸ ਅਨੁਸਾਰ ਇਨਫੋਰਸਮੈਂਟ, ਨਸ਼ਾ ਮੁਕਤੀ ਤੇ ਰੋਕਥਾਮ ਵਰਗੇ ਕੰਮਾਂ ਨੂੰ ਆਪਸੀ ਤਾਲਮੇਲ ਨਾਲ ਨੇਪਰੇ ਚਾੜ੍ਹਿਆ ਜਾਵੇ।
ਸ੍ਰੀ ਦਿਆਲਨ ਨੇ ਕਿਹਾ ਕਿ ਸਬ ਡਿਵੀਜ਼ਨ ਪੱਧਰ ’ਤੇ ਐਸਡੀਐਮਜ਼ ਇਸ ਐਕਸ਼ਨ ਪਲਾਨ ਉੱਤੇ ਕੰਮ ਕਰਨ, ਜਦੋਂਕਿ ਪਿੰਡ ਪੱਧਰ ’ਤੇ ਸਰਪੰਚਾਂ ਦੀ ਅਗਵਾਈ ਵਿੱਚ ਸਬ ਕਮੇਟੀਆਂ ਬਣਾ ਕੇ ਨਸ਼ਿਆਂ ਖ਼ਿਲਾਫ਼ ਸਾਂਝੀ ਜੰਗ ਵਿੱਢੀ ਜਾਵੇ। ਸ਼ਹਿਰਾਂ ਦੇ ਪੱਧਰ ’ਤੇ ਨਸ਼ਾ ਨਿਗਰਾਨ ਕਮੇਟੀਆਂ ਕਾਇਮ ਕਰ ਕੇ ਇਸ ਜੰਗ ਨੂੰ ਅੱਗੇ ਤੋਰਿਆ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਨਸ਼ਾ ਤਸਕਰਾਂ ਨੂੰ ਫੜਨਾ ਪੁਲੀਸ ਦਾ ਕੰਮ ਹੈ ਪ੍ਰੰਤੂ ਐਸਡੀਐਮ ਪੱਧਰ ’ਤੇ ਨਸ਼ਾ ਤਸਕਰਾਂ ਦੀਆਂ ਸੂਚੀਆਂ ਬਣਾਈਆਂ ਜਾਣ ਅਤੇ ਉਨ੍ਹਾਂ ਨੂੰ ਨਸ਼ਿਆਂ ਦੀ ਵੱਖ ਵੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਵੇ।
ਡੀਸੀ ਨੇ ਜ਼ੋਰ ਦੇ ਕੇ ਆਖਿਆ ਕਿ ਜ਼ਿਲ੍ਹੇ ਭਰ ਵਿੱਚ ਅਜਿਹੀਆਂ ਥਾਵਾਂ ਦੀ ਸ਼ਨਾਖ਼ਤ ਕੀਤੀ ਜਾਵੇ ਜਿੱਥੇ ਨਸ਼ਾ ਵਿਕਦਾ ਹੈ। ਉਨ੍ਹਾਂ ਸਿਹਤ ਵਿਭਾਗ ਨੂੰ ਨਸ਼ਾ ਮੁਕਤ ਇਲਾਕਿਆਂ ਦੀ ਪਛਾਣ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਸਿਹਤ ਅਧਿਕਾਰੀ ਨਸ਼ਾ ਪੀੜਤਾਂ ਦੀਆਂ ਸੂਚੀਆਂ ਤਿਆਰ ਕਰਨ ਤਾਂ ਜੋ ਨਸੇੜੀਆਂ ਦਾ ਇਲਾਜ ਕਰਵਾਇਆ ਜਾ ਸਕੇ। ਮੀਟਿੰਗ ਵਿੱਚ ਡੇਰਾਬੱਸੀ ਦੀ ਐਸਡੀਐਮ ਪੂਜਾ ਸਿਆਲ ਨੇ ਸੁਝਾਅ ਦਿੱਤਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਅੌਰਤਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ, ਜਦੋਂਕਿ ਮੁਹਾਲੀ ਐਸਡੀਐਮ ਜਗਦੀਪ ਸਹਿਗਲ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਸ਼ੁਰੂਆਤ ਹੇਠਲੇ ਪੱਧਰ ਤੋਂ ਕੀਤੀ ਜਾਵੇ ਕਿਉਂਕਿ ਪਹਿਲਾਂ ਕੋਈ ਵੀ ਵਿਅਕਤੀ ਤੰਬਾਕੂ ਤੋਂ ਹੀ ਨਸ਼ਿਆਂ ਦੀ ਸ਼ੁਰੂਆਤ ਕਰਦਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…