ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਨੇ ਲਾਇਆ ‘ਪਲੇਸਮੈਂਟ ਕੈਂਪ’

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਸਤੰਬਰ:
ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਵੱਲੋਂ ਪੰਜਾਬ ਦੀ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਪਲੇਸਮੈਂਟ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਆਰਸੀਈਡੀ (ਜਸਟ ਡਾਇਲ, ਰਿਲਾਇੰਸ) ਕੰਪਨੀ ਨੇ ਭਾਗ ਲਿਆ ਅਤੇ ਪਲੇਸਮੈਂਟ ਕੈਂਪ ਵਿੱਚ ਪਹੁੰਚੇ ਪ੍ਰਾਰਥੀਆਂ ਦੀ ਇੰਟਰਵਿਊ ਲਈ ਗਈ ਅਤੇ 23 ਯੋਗ ਪ੍ਰਾਰਥੀਆਂ ਦੀ ਰੁਜ਼ਗਾਰ ਲਈ ਚੋਣ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਅਧੀਨ ਪਲੇਸਮੈਂਟ ਕੈਂਪ, ਸਵੈ-ਰੁਜ਼ਗਾਰ ਕੈਂਪ, ਸਕਿੱਲ ਕੈਂਪਾਂ ਦਾ ਸਮੇਂ-ਸਮੇਂ ’ਤੇ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮ-ਨਿਰਭਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਇਹ ਪਲੇਸਮੈਂਟ ਕੈਂਪ ਲਾਇਆ ਗਿਆ। ਜਿਸ ਵਿੱਚ 43 ਪ੍ਰਾਰਥੀਆਂ ਨੇ ਭਾਗ ਲਿਆ। ਜਿਨ੍ਹਾਂ ’ਚੋਂ ਇੰਟਰਵਿਊ ਦੌਰਾਨ 23 ਪ੍ਰਾਰਥੀਆਂ ਨੂੰ ਰੁਜ਼ਗਾਰ ਲਈ ਸ਼ਾਰਟਲਿਸਟ ਕੀਤਾ ਗਿਆ।
ਇਸ ਮੌਕੇ ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ ਦੀ ਨਿਗਰਾਨੀ ਹੇਠ ਪਲੇਸਮੈਂਟ ਅਫ਼ਸਰ ਵੱਲੋਂ ਪ੍ਰਾਰਥੀਆਂ ਦੀ ਮੌਕੇ ’ਤੇ ਹੀ ਕਰੀਅਰ ਕੌਂਸਲਿੰਗ ਕੀਤੀ ਗਈ ਅਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਵੈ-ਰੁਜ਼ਗਾਰ ਅਤੇ ਸਕਿੱਲ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਿਪਟੀ ਸੀਈਓ ਸ੍ਰੀਮਤੀ ਸੁਖਅਮਨ ਬਾਠ ਅਤੇ ਰੁਜ਼ਗਾਰ ਅਫ਼ਸਰ ਹਰਪ੍ਰੀਤ ਸਿੱਧੂ ਵੀ ਮੌਜੂਦ ਸਨ।

Check Also

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਭਗਤ ਆਸਾ ਰਾਮ ਜੀ ਦ…