ਜ਼ਿਲ੍ਹਾ ਰੁਜ਼ਗਾਰ ਬਿਊਰੋ ਨੇ ਐਸਆਰਪੀਯੂਐਸ ਲੋਜਿਸਟਿਕਸ ਨਾਲ ਕੀਤਾ ਸਮਝੌਤਾ ਸਹੀਬੰਦ

ਰੁਜ਼ਗਾਰ ਬਿਊਰੋ ਨਾਲ ਰਜਿਸਟਰਡ 1000 ਉਮੀਦਵਾਰਾਂ ਨੂੰ ਹਰ ਸਾਲ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ (ਡੀਬੀਈਈ) ਅਤੇ ਐਸਆਰਪੀਯੂਐਸ ਲੌਜਿਸਟਿਕਸ ਪ੍ਰਾਈਵੇਟ ਵਿਚਕਾਰ ਇੱਕ ਸਮਝੌਤਾ ਪੱਤਰ ਉੱਤੇ (ਐਮਓਯੂ) ਦਸਖ਼ਤ ਕੀਤੇ ਗਏ ਹਨ। ਡੀਬੀਈਈ ਦੀ ਤਰਫ਼ੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਐਮਓਯੂ ’ਤੇ ਦਸਖ਼ਤ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਡੀਐਮ ਹਰਬੰਸ ਸਿੰਘ ਨੇ ਦੱਸਿਆ ਕਿ ਇਹ ਸਮਝੌਤਾ ਇੱਕ ਸਾਲ ਦੀ ਮਿਆਦ ਲਈ ਯੋਗ ਹੋਵੇਗਾ। ਐਮਓਯੂ ਦੀਆਂ ਸ਼ਰਤਾਂ ਬਾਰੇ ਦੱਸਦਿਆਂ ਹਰਬੰਸ ਸਿੰਘ ਨੇ ਕਿਹਾ ਕਿ ਹਰ ਸਾਲ ਐਸਆਰਪੀ ਘੱਟੋ-ਘੱਟ 1000 ਉਮੀਦਵਾਰਾਂ, ਜੋ ਕਿ ਰੁਜ਼ਗਾਰ ਬਿਊਰੋ ਨਾਲ ਰਜਿਸਟਰਡ ਹੋਣਗੇ, ਨੂੰ ਰੁਜ਼ਗਾਰ ਮੁਹੱਈਆ ਕਰਵਾਏਗੀ।
ਇਸੇ ਤਰ੍ਹਾਂ ਇਹ ਡੀਬੀਈਈ ਵਿੱਚ ਰਜਿਸਟਰਡ ਨੌਜਵਾਨਾਂ ਵਿੱਚ ਉੱਦਮੀ ਹੁਨਰ ਵਿਕਸਤ ਕਰਨ ਲਈ ਵੱਖ-ਵੱਖ ਵਰਕਸ਼ਾਪਾਂ ਦਾ ਆਯੋਜਨ ਕਰੇਗੀ। ਇਸ ਦੇ ਨਾਲ ਹੀ ਐਸਆਰਪੀ ਕੰਪਨੀ ਡੀਬੀਈਈ ਵਿੱਚ ਰਜਿਸਟਰਡ ਨੌਜਵਾਨਾਂ ਵਿੱਚ ਲੋੜੀਂਦੇ ਹੁਨਰਾਂ ਨੂੰ ਵਿਕਸਤ ਕਰਨ ਲਈ ਨਿਯਮਤ ਸੈਮੀਨਾਰ/ਵੈਬਿਨਾਰ/ਮਾਹਰਾਂ ਨਾਲ ਗੱਲਬਾਤ ਕਰੇਗੀ। ਇਸ ਕੰਪਨੀ ਵੱਲੋਂ ਮੁਹਾਲੀ ਜ਼ਿਲ੍ਹੇ ਦੇ ਨੌਜਵਾਨਾਂ ਵਿੱਚ ਇੰਟਰਵਿਊ ਦੇ ਹੁਨਰ, ਸੰਚਾਰ ਹੁਨਰ ਅਤੇ ਸਾਫ਼ਟ ਸਕਿੱਲ ਵਿਕਸਿਤ ਕਰਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਐਸਡੀਐਮ ਨੇ ਦੱਸਿਆ ਕਿ ਸਹਿਮਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਐਸਆਰਪੀ ਯੂਐਸ ਲੋਜਿਸਟਿਕਸ ਪ੍ਰਾਈਵੇਟ ਲਿਮਟਿਡ ਡੀਬੀਈਈ ਨਾਲ ਰਜਿਸਟਰਡ ਨੌਜਵਾਨਾਂ ਦੀ ਪਲੇਸਮੈਂਟ ਲਈ ਇੰਟਰਵਿਊ ਲਈ ਪਲੇਸਮੈਂਟ ਕੈਂਪ/ਮੇਲਿਆਂ ਦਾ ਆਯੋਜਨ ਵੀ ਕਰੇਗੀ। ਇਹ ਸਟਾਫ਼ ਦੇ ਕੰਮ ਦੇ ਸਭਿਆਚਾਰ, ਵਾਤਾਵਰਨ ਅਤੇ ਅਸਲ ਸਮੇਂ ਦੇ ਕੰਮਕਾਜ ਨੂੰ ਸਮਝਣ ਲਈ ਡੀਬੀਈਈ ਨਾਲ ਰਜਿਸਟਰਡ ਨੌਜਵਾਨਾਂ ਦੇ ਬੈਚ ਵਾਰ ਦੌਰੇ ਦਾ ਵੀ ਪ੍ਰਬੰਧ ਕਰੇਗੀ। ਇਹ ਉਨ੍ਹਾਂ ਨੂੰ ਦਫ਼ਤਰਾਂ ਵਿੱਚ ਕੰਮ ਕਰਨ ਦਾ ਅਸਲ ਸਮਾਂ ਅਨੁਭਵ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਧਿਰ ਇੱਕ ਦੂਜੇ ਤੋਂ ਇਸ ਐਮਓਯੂ ਤਹਿਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਕਿਸੇ ਕਿਸਮ ਦੀ ਫੀਸ/ਕਮਿਸ਼ਨ/ਚਾਰਜ ਆਦਿ ਨਹੀਂ ਲਵੇਗੀ।
ਸ੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ਡੀਸੀ ਅਮਿਤ ਤਲਵਾੜ ਨੇ ਐਸਆਰਪੀ ਦੇ ਦਫ਼ਤਰ ਦਾ ਦੌਰਾ ਕੀਤਾ ਜੋ ਕਿ ਲਗਪਗ 1100 ਕਰਮਚਾਰੀਆਂ ਦੇ ਨਾਲ ਅਮਰੀਕਾ ਸਥਿਤ ਇੱਕ ਲੌਜਿਸਟਿਕ ਕੰਪਨੀ ਹੈ। ਐਸਆਰਪੀ ਦਾ ਦਫ਼ਤਰ ਮੁਹਾਲੀ (ਇੰਡਸਟਰੀ ਏਰੀਆ) ਵਿੱਚ ਸਥਿਤ ਹੈ। ਡੀਸੀ ਨੇ ਸਟਾਫ਼ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋਂ 13 ਨਵੇਂ ਚੁਣੇ ਗਏ ਪ੍ਰਾਰਥੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਉਨ੍ਹਾਂ ਨੇ ਸਮਾਜ ਦੀ ਬਿਹਤਰੀ ਲਈ ਇਸ ਨੇਕ ਕਾਰਜ ਲਈ ਐਸਆਰਪੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਸਕੀਮ ਵਿੱਚ ਦਿੱਤੀ ਜਾਣ ਵਾਲੀ ਘੱਟੋ-ਘੱਟ ਤਨਖ਼ਾਹ 20 ਹਜ਼ਾਰ ਰੁਪਏ ਤੋਂ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …