
ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਬੇਰੁਜ਼ਗਾਰ ਨੌਜਵਾਨਾਂ ਲਈ ਰਾਹ ਦਸੇਰਾ: ਡੀਸੀ ਗਿਰੀਸ਼ ਦਿਆਲਨ
ਪਿਛਲੇ ਦੋ ਸਾਲਾਂ ਵਿੱਚ 50 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਮਿਲੀ ਨੌਕਰੀ
ਜ਼ਿਲ੍ਹਾ ਰੁਜ਼ਗਾਰ ਬਿਊਰੋ ਨੇ ਸਾਡੀ ਬੇੜੇ ਨੂੰ ਪਾਰ ਲਾਇਆ: ਲਾਭਪਾਤਰੀ ਲਕਸ਼ਮੀ ਮਹਿਰਾ, ਸੰਦੀਪ ਕੌਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
‘ਜ਼ਿਲ੍ਹਾ ਰੁਜ਼ਗਾਰ ਬਿਊਰੋ ਸਾਡੇ ਲਈ ਵਰਦਾਨ ਬਣਿਆ; ਇਸ ਦਫ਼ਤਰ ਨੇ ਸਾਡੇ ਅਟਕੇ ਬੇੜੇ ਨੂੰ ਪਾਰ ਲਾਇਆ ਅਤੇ ਸਾਨੂੰ ਚੰਗੀਆਂ ਨੌਕਰੀਆਂ ਮੁਹੱਈਆ ਕਰਵਾ ਕੇ ਆਪਣੇ ਪੈਰਾਂ ’ਤੇ ਖੜੇ ਹੋਣ ਵਿੱਚ ਸਹਾਇਤਾ ਕੀਤੀ ਹੈ। ਅਸੀਂ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਇਹ ਸੁਵਿਧਾ ਸ਼ੁਰੂ ਕਰਨ ਲਈ ਕੋਟਨ ਕੋਟ ਧੰਨਵਾਦ ਕਰਦੇ ਹਾਂ।’ ਇਹ ਭਾਵੁਕ ਪ੍ਰਗਟਾਵਾ ਲਕਸ਼ਮੀ ਮਿਹਰਾ ਅਤੇ ਸੰਦੀਪ ਕੌਰ ਨੇ ਅੱਜ ਜਿਲਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੁਜ਼ਗਾਰ ਬਿਊਰੋ ਦੇ ਅਧਿਕਾਰੀਆਂ ਦਾ ਸ਼ੁਕਰਾਨਾ ਕਰਨ ਸਮੇਂ ਕੀਤਾ।
ਇਨ੍ਹਾਂ ਬੱਚੀਆਂ ਦੇ ਸਫਲ ਭਵਿੱਖ ਦੀ ਕਾਮਨਾ ਕਰਦੀਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਬੇਰੁਜ਼ਗਾਰ ਨੌਜਵਾਨਾਂ ਲਈ ਰਾਹ ਦਸੇਰਾ ਬਣਿਆ ਹੈ। ਇਸ ਦਫ਼ਤਰ ਵੱਲੋਂ ਪਿਛਲੇ ਦੋ ਸਾਲਾਂ ਵਿੱਚ 50 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀ ਦਿਵਾਈ ਗਈ ਹੈ। ਨੌਕਰੀਆਂ ਪਾਵੇ ਨਿੱਜੀ ਖੇਤਰ ਦੀਆਂ ਕੰਪਨੀਆਂ ਵਿੱਚ ਦਿਵਾਈਆਂ ਗਈਆਂ ਹਨ ਪਰ ਇਸ ਦਾ ਲਾਭ ਬਹੁਤ ਸਾਰੇ ਗਰੀਬ, ਅਨਾਥ ,ਬੇਸਹਾਰਾ ਅਤੇ ਦਿਵਿਆਂਗਜਨਾਂ ਨੂੰ ਪਹੁੰਚਿਆ ਹੈ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੁਹਾਲੀ ਵੱਲੋਂ ਉਮੀਦਵਾਰਾਂ ਦੀ ਕੈਰੀਅਰ ਕੋਸਲਿੰਗ ਕੀਤੀ ਜਾਂਦੀ ਹੈ ਅਤੇ ਹਰ ਹਫ਼ਤੇ ਪਲੇਸਮੈਂਟ ਕੈਂਪ ਲਗਾਏ ਜਾਂਦੇ ਹਨ। ਇਨ੍ਹਾਂ ਪਲੇਸਮੈਂਟ ਕੈਂਪਾਂ ਵਿੱਚ ਨਾਮੀ ਕੰਪਨੀਆਂ ਦੁਆਰਾ ਬੇਰੁਜ਼ਗਾਰ ਨੌਜਵਾਨਾਂ ਦੀ ਇੰਟਰਵਿਊ ਲਈ ਜਾਂਦੀ ਹੈ ਅਤੇ ਪ੍ਰਾਰਥੀਆਂ ਦੀ ਯੋਗਤਾ ਦੇ ਆਧਾਰ ਤੇ ਉਨ੍ਹਾਂ ਦੀ ਪਲੇਸਮੈਂਟ ਕੀਤੀ ਜਾਂਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੁਜ਼ਗਾਰ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਪੋਰਟਲ ਤੇ ਆਪਣਾ ਨਾਮ ਦਰਜ ਕਰਨ।
ਜ਼ਿਕਰਯੋਗ ਹੈ ਕਿ ਰੁਜ਼ਗਾਰ ਬਿਊਰੋ ਦੇ ਰਾਹੀਂ ਨੌਕਰੀ ਪ੍ਰਾਪਤ ਕਰਨ ਵਾਲੀ ਸੰਦੀਪ ਕੌਰ ਦੀ ਵਿਦਿਅਕ ਯੋਗਤਾ ਐਮ ਓਕਾਮ ਹੈ ਅਤੇ ਇਸ ਨੂੰ ਬਿਊਰੋ ਦੇ ਜ਼ਰੀਏ ਐਨਡੀ ਕੇਅਰ ਨਿਰੋਗਾਮ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਬਤੌਰ ਕੋਡੀਨੇਟਰ ਨੌਕਰੀ ਮਿਲੀ ਹੈ। ਸੰਦੀਪ ਦੇ ਮਾਤਾ-ਪਿਤਾ ਦਾ ਸਵਰਗਵਾਸ ਹੋ ਚੁੱਕਾ ਹੈ ਅਤੇ ਇਕ ਭਰਾ ਹੈ ਜੋ ਕਿ ਬੇਰੁਜ਼ਗਾਰ ਹੈ। ਸੰਦੀਪ ਨੂੰ ਮਿਲੀ ਨੌਕਰੀ ਸਦਕਾ ਦੋਹਾਂ ਨੂੰ ਇੱਜ਼ਤ ਨਾਲ ਜਿਊਣ ਦਾ ਮੌਕਾ ਮਿਲੇਗਾ।
ਇਸੇ ਤਰ੍ਹਾਂ ਲਕਸ਼ਮੀ ਮਹਿਰਾ ਦੀ ਯੋਗਤਾ ਗਰੈਜੂਏਸ਼ਨ ਹੈ ਅਤੇ ਉਸ ਦੀ ਕੋਵਿਡ-19 ਦੌਰਾਨ ਨੌਕਰੀ ਚਲੀ ਗਈ ਸੀ। ਉਸ ਦੇ ਪਿਤਾ ਦੀ 2 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੇ ਮਾਤਾ ਜੀ ਘਰ ਵਿੱਚ ਹੀ ਕੰਮ ਕਰਦੇ ਹਨ। ਲਕਸ਼ਮੀ ਦੇ ਤਿੰਨ ਭੈਣਾਂ ਅਤੇ ਇੱਕ ਭਰਾ ਹੈ। ਉਸ ਨੂੰ ਰੁਜ਼ਗਾਰ ਬਿਊਰੋ ਵੱਲੋਂ ਲੀਉਮ ਇੰਟਰਨੈਸ਼ਨਲ ਗਰੁੱਪ ਵਿੱਚ ਨੌਕਰੀ ’ਤੇ ਲਗਾਇਆ ਗਿਆ ਅਤੇ ਸੈਲਰੀ 15000 ਰੁਪਏ ਪ੍ਰਤੀ ਮਹੀਨਾ ਹੈ।