ਜ਼ਿਲ੍ਹਾ ਗੁਰਦਾਸਪੁਰ ਦੀ ਅੌਰਤ ਵੱਲੋਂ ਸੰਗਰੂਰ ਜੇਲ੍ਹ ਦੇ ਅਧਿਕਾਰੀਆਂ ’ਤੇ ਪਤੀ ਨੂੰ ਗਾਇਬ ਕਰਨ ਦਾ ਲਾਇਆ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਦਸੰਬਰ:
ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡ ਪੱਬਾ ਰਾਲੀ ਦੀ ਵਸਨੀਕ ਸ੍ਰੀਮਤੀ ਕੰਵਲਜੀਤ ਕੌਰ ਪਤਨੀ ਜਗਦੀਸ਼ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸਦੇ ਪਤੀ ਨੂੰ ਸੰਗਰੂਰ ਜੇਲ੍ਹ ਦੇ ਅਧਿਕਾਰੀਆਂ ਨੇ ਜੇਲ੍ਹ ’ਚੋਂ ਰਿਹਾਅ ਕਰਨ ਦੀ ਥਾਂ ਜੇਲ੍ਹ ’ਚੋਂ ਹੀ ਗਾਇਬ ਕਰ ਦਿੱਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਕੰਵਲਜੀਤ ਕੌਰ ਨੇ ਕਿਹਾ ਕਿ ਉਸਦੇ ਪਤੀ ਜਗਦੀਸ਼ ਸਿੰਘ ਨੂੰ ਪੱਛਮੀ ਬੰਗਾਲ ਦੀ ਪੁਲੀਸ ਨੇ ਇੱਕ ਅਸਲੇ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਿੱਥੋਂ ਉਸ ਦੀ ਜ਼ਮਾਨਤ ਹੋ ਗਈ ਸੀ ਪਰ ਉਸੇ ਸਮੇਂ ਹੀ ਉੱਥੋਂ ਉਸਦੇ ਪਤੀ ਨੂੰ ਥਾਣਾ ਤਪਾ ਦੇ ਐਸਐਚਓ ਹਰਪਾਲ ਸਿੰਘ ਪ੍ਰੋਡਕਸ਼ਨ ਵਾਰੰਟਾਂ ’ਤੇ ਬਰਨਾਲਾ ਲੈ ਆਏ ਅਤੇ 10 ਦਸੰਬਰ ਨੂੰ ਬਰਨਾਲਾ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਅਦਾਲਤ ’ਚੋਂ ਉਸਦੇ ਪਤੀ ਦਾ 16 ਦਸੰਬਰ ਤੱਕ ਦੋ ਵਾਰ ਪੁਲੀਸ ਰਿਮਾਂਡ ਲਿਆ ਗਿਆ। ਉਸ ਤੋਂ ਬਾਅਦ ਉਸ ਨੂੰ ਜੱਜ ਸਾਹਿਬ ਨੇ ਜੇਲ੍ਹ ਭੇਜ ਦਿੱਤਾ।
ਉਹਨਾਂ ਦੱਸਿਆ ਕਿ ਉਹਨਾਂ ਨੇ 23 ਦਸੰਬਰ ਨੂੰ ਆਪਣੇ ਪਤੀ ਦੀ ਜ਼ਮਾਨਤ ਦੇ ਕੇ ਸੰਗਰੂਰ ਜੇਲ੍ਹ ਵਿੱਚ ਪਰਵਾਨਾ ਭੇਜ ਦਿੱਤਾ। ਬਰਨਾਲਾ ਅਦਾਲਤ ਦਾ ਨਾਇਬ ਕੋਰਟ ਵੀ ਜ਼ਮਾਨਤ ਦੇ ਪੇਪਰ ਲੈ ਕੇ ਉਨ੍ਹਾਂ ਦੇ ਨਾਲ ਸੰਗਰੂਰ ਜੇਲ੍ਹ ਗਿਆ ਸੀ। ਜਿਸ ਨੇ ਜੇਲ੍ਹ ਵਿੱਚ ਅਦਾਲਤ ਦੇ ਜ਼ਮਾਨਤੀ ਪੇਪਰ ਦੇ ਦਿੱਤੇ। ਇਸ ਮਗਰੋਂ ਨਾਇਬ ਕੋਰਟ ਨੇ ਜੇਲ੍ਹ ’ਚੋਂ ਬਾਹਰ ਆ ਕੇ ਦੱਸਿਆ ਕਿ ਜਗਦੀਸ਼ ਸਿੰਘ ਨੂੰ ਕੁਝ ਦੇਰ ਬਾਅਦ ਹੀ ਜੇਲ੍ਹ ਅਧਿਕਾਰੀ ਰਿਹਾਅ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਉਹ ਰਾਤ 9 ਵਜੇ ਤੱਕ ਜੇਲ੍ਹ ਦੇ ਬਾਹਰ ਖੜੇ ਰਹੇ ਪਰ ਉਸਦਾ ਪਤੀ ਬਾਹਰ ਨਹੀਂ ਆਇਆ। ਇਸ ਦੌਰਾਨ ਜੇਲ੍ਹ ਅਧਿਕਾਰੀਆਂ ਨਾਲ ਉਨ੍ਹਾਂ ਦੀ ਕਈ ਵਾਰ ਗੱਲ ਵੀ ਹੋਈ ਅਤੇ ਅਧਿਕਾਰੀ ਛੇਤੀ ਹੀ ਉਸਦੇ ਪਤੀ ਨੂੰ ਰਿਹਾਅ ਕਰਨ ਬਾਰੇ ਕਹਿੰਦੇ ਰਹੇ।
ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਸੰਗਰੂਰ ਜੇਲ੍ਹ ਦੇ ਅਧਿਕਾਰੀਆਂ ਨੇ ਕਹਿ ਦਿੱਤਾ ਕਿ ਉਹਨਾਂ ਨੇ ਤਾਂ ਜਗਦੀਸ਼ ਸਿੰਘ ਨੂੰ ਰਿਹਾਅ ਕਰ ਦਿਤਾ ਹੈ ਜਦੋਂ ਕਿ ਉਹ ਰਾਤ 9 ਵਜੇ ਤਕ ਜੇਲ੍ਹ ਦੇ ਬਾਹਰ ਖੜੇ ਰਹੇ ਪਰ ਜਗਦੀਸ਼ ਸਿੰਘ ਜੇਲ੍ਹ ਵਿਚੋੱ ਬਾਹਰ ਹੀ ਨਹੀਂ ਸੀ ਆਇਆ। ਉਹਨਾਂ ਦੱਸਿਆ ਕਿ 24 ਦਸੰਬਰ ਨੂੰ ਉਨ੍ਹਾਂ ਨੇ ਆਪਣੇ ਪਤੀ ਦੀ ਸੰਗਰੂਰ ਜੇਲ੍ਹ ’ਚੋਂ ਰਿਹਾਈ ਲਈ ਹਾਈ ਕੋਰਟ ਵਿੱਚ ਰਿਟ ਕੀਤੀ ਤਾਂ ਹਾਈ ਕੋਰਟ ਦੇ ਵਾਰੰਟ ਅਫ਼ਸਰ ਨਾਲ 24 ਦਸੰਬਰ ਦੀ ਰਾਤ ਨੂੰ ਹੀ ਸੰਗਰੂਰ ਜੇਲ੍ਹ ਅਤੇ ਹੋਰ ਕਈ ਥਾਣਿਆਂ ਵਿੱਚ ਚੈਕਿੰਗ ਕੀਤੀ ਗਈ ਪਰ ਕਿਤੇ ਵੀ ਉਸ ਦਾ ਪਤੀ ਨਹੀ ਮਿਲਿਆ। ਇਸ ਮਗਰੋਂ ਉਨ੍ਹਾਂ ਨੇ ਬਰਨਾਲਾ ਅਦਾਲਤ ਨੂੰ ਜਗਦੀਸ਼ ਸਿੰਘ ਨੂੰ ਜੇਲ੍ਹ ’ਚੋਂ ਗਾਇਬ ਕਰਨ ਦੀ ਸੂਚਨਾ ਦਿੱਤੀ ਅਤੇ ਅਦਾਲਤ ਦੇ ਨਾਇਬ ਕੋਰਟ ਨੇ ਸੰਗਰੂਰ ਜੇਲ੍ਹ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਜੇਲ੍ਹ ਅਧਿਕਾਰੀਆਂ ਨੇ ਕਿਹਾ ਕਿ ਜਗਦੀਸ਼ ਸਿੰਘ ਨੂੰ ਰਿਹਾਅ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੇਲ੍ਹ ਅਧਿਕਾਰੀਆਂ ਨੇ ਉਸਦੇ ਪਤੀ ਨੂੰ ਰਿਹਾਅ ਕਰਨ ਦੀ ਥਾਂ ਗਾਇਬ ਹੀ ਕਰ ਦਿੱਤਾ ਹੈ। ਉਹਨਾਂ ਮੰਗ ਕੀਤੀ ਕਿ ਉਸਦੇ ਪਤੀ ਦੀ ਤੁਰੰਤ ਭਾਲ ਕਰਕੇ ਰਿਹਾਅ ਕਰਵਾਇਆ ਜਾਵੇ ਅਤੇ ਜੇਲ੍ਹ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਉਧਰ, ਇਸ ਸਬੰਧੀ ਸੰਗਰੂਰ ਜੇਲ੍ਹ ਦੇ ਸੁਪਰਡੈਂਟ ਹਰਦੀਪ ਸਿੰਘ ਨੇ ਕਿਹਾ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬਾਹਰ ਹਨ। ਇਸ ਲਈ ਜੇਲ੍ਹ ਸਟਾਫ਼ ਨਾਲ ਤਾਲਮੇਲ ਕੀਤਾ ਜਾਵੇ। ਜੇਲ੍ਹ ਦੇ ਡਿਪਟੀ ਸੁਪਰਡੈਂਟ ਬਲਜੀਤ ਸਿੰਘ ਘੁੰਮਣ ਨੇ ਜਗਦੀਸ਼ ਸਿੰਘ ਨੂੰ ਗਾਇਬ ਕਰਨ ਦੇ ਕਥਿਤ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਉਕਤ ਵਿਅਕਤੀ ਉਪਰ ਪੱਛਮੀ ਬੰਗਾਲ ਦਾ ਕੋਈ ਕੇਸ ਸੀ ਅਤੇ ਇਸ ਕਰਕੇ ਵੈਰੀਫਾਈ ਕਰਨ ਵਿੱਚ ਥੋੜਾ ਸਮਾਂ ਲੱਗ ਗਿਆ ਸੀ ਪਰ ਬਾਅਦ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਇਹ ਪੁੱਛਣ ’ਤੇ ਕਿ ਮਾਣਯੋਗ ਹਾਈ ਕਰੋਟ ਵੱਲੋਂ ਨਿਯੁਕਤ ਵਾਰੰਟ ਅਫ਼ਸਰ ਵੱਲੋਂ ਵੀ ਜਾਂਚ ਕੀਤੀ ਗਈ ਸੀ ਤਾਂ ਉਹਨਾਂ ਕਿਹਾ ਕਿ ਵਾਰੰਟ ਅਫ਼ਸਰ ਵੱਲੋਂ ਵੱਖ ਵੱਖ ਪੁਲੀਸ ਸਟੇਸਨਾਂ ਦੀ ਜਾਂਚ ਕੀਤੀ ਗਈ ਸੀ ਅਤੇ ਜੇਲ੍ਹ ਦੇ ਰਿਕਾਰਡ ਅਨੁਸਾਰ ਜਗਦੀਸ਼ ਸਿੰਘ ਨੂੰ 23 ਦਸੰਬਰ ਦੀ ਸ਼ਾਮ ਨੂੰ ਛੱਡ ਦਿੱਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ ਮੁੱਖ …