ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵੱਲੋਂ ਸਬਜ਼ੀਆਂ ਮੰਡੀਆਂ ਦੀ ਅਚਨਚੇਤ ਚੈਕਿੰਗ

ਨਾ ਖਾਣਯੋਗ ਫਲ ਤੇ ਸਬਜ਼ੀਆਂ ਸੁੱਟੀਆਂ, ਕੇਲੇ ਪਕਾਉਣ ਵਾਲੇ ਸਟੋਰਾਂ ਦਾ ਵੀ ਕੀਤਾ ਨਿਰੀਖਣ, ਜਾਂਚ ਲਈ ਨਮੂਨੇ ਲਏ
ਰੇਹੜੀ ਵਾਲਿਆਂ ਤੇ ਦੁਕਾਨਦਾਰਾਂ ਨੂੰ ਐਫ.ਐਸ.ਐਸ.ਏ.ਆਈ. ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ
ਨਿਯਮਾਂ ਦੀ ਉਲੰਘਣਾ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਧੀਨ ਆਉਂਦੇ ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਲੋਕਾਂ ਦੀ ਤੰਦਰੁਸਤੀ ਅਤੇ ਉਨ੍ਹਾਂ ਨੂੰ ਖਾਣ-ਪੀਣ ਲਈ ਮਿਆਰੀ ਤੇ ਸਾਫ਼ ਸੁਥਰੀ ਸਮੱਗਰੀ ਮੁਹੱਈਆ ਕਰਵਾਉਣ ਸਮੇਤ ਲੋਕਾਂ ਨੂੰ ਖ਼ੁਰਾਕ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਰ.ਐਸ. ਕੰਗ ਦੀ ਅਗਵਾਈ ਵਾਲੀ ਸਹਿਤ ਵਿਭਾਗ ਦੀ ਟੀਮ ਵੱਲੋਂ ਅੱਜ ਮੁਹਾਲੀ ਵਿੱਚ ਕੇਲਿਆਂ ਨੂੰ ਪਕਾਉਣ ਵਾਲੇ ਸਟੋਰ ਸਮੇਤ ਖਰੜ ਦੀ ਫਲ-ਸਬਜ਼ੀ ਮੰਡੀ ਦਾ ਦੌਰਾ ਕਰਕੇ ਫਲਾਂ ਅਤੇ ਸਬਜ਼ੀਆਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਅਤੇ ਐਫ.ਐਸ.ਐਸ.ਏ.ਆਈ. ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਜਿੱਥੇ ਸਬਜ਼ੀ ਮੰਡੀ ਵਿੱਚ ਸਾਫ਼ ਸਫ਼ਾਈ ਦੀ ਕਮੀ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਗੰਭੀਰ ਨੋਟਿਸ ਲਿਆ ਗਿਆ, ਉਥੇ ਕੇਲੇ ਪਕਾਉਣ ਵਾਲੇ ਸਟੋਰਾਂ ਦਾ ਨਿਰੀਖਣ ਕਰ ਕੇ ਅਗਲੇਰੀ ਜਾਂਚ ਲਈ ਨਮੂਨੇ ਵੀ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਨਾ ਖਾਣਯੋਗ ਫ਼ਲ ਤੇ ਸਬਜ਼ੀਆਂ ਸੁਟਵਾਏ ਗਏ ਅਤੇ ਭਵਿੱਖ ਵਿੱਚ ਇਸ ਬਾਰੇ ਸੁਚੇਤ ਰਹਿਣ ਲਈ ਹਦਾਇਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਫ਼ਲਾਂ ਨੂੰ ਪਕਾਉਣ ਵਾਲੀ ਵਰਤੀ ਜਾ ਰਹੀ ਸਮੱਗਰੀ ਦੇ ਨਮੂਨੇ ਵੀ ਲਏ ਗਏ ਹਨ। ਜੇ ਕੋਈ ਵੀ ਵਿਅਕਤੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰੇਹੜੀਆਂ ਅਤੇ ਦੁਕਾਨਾਂ ਤੇ ਵਿਕਰੀ ਲਈ ਪਏ ਅੱਧ ਪੱਕੇ, ਜ਼ਿਆਦਾ ਪੱਕੇ ਅਤੇ ਕੱਟੇ ਹੋਏ ਫਲ ਫਰੂਟ ਅਤੇ ਸਬਜ਼ੀਆਂ ਨੂੰ ਸੁਟਵਾ ਕੇ ਸਬਜ਼ੀ ਤੇ ਫਲ ਵਿਕਰੇਤਾ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਭਵਿੱਖ ਵਿੱਚ ਸਾਫ ਸੁਥਰੇ ਫਰੂਟ ਅਤੇ ਸਬਜੀਆਂ ਵੇਚਣ। ਉਨ੍ਹਾਂ ਕਿਹਾ ਕਿ ਇਸ ਨਿਰੀਖਣ ਦਾ ਮਕਸਦ ਕਿਸੇ ਨੂੰ ਤੰਗ-ਪ੍ਰੇਸ਼ਾਨ ਕਰਨਾ ਨਹੀਂ ਬਲਕਿ, ਆਮ ਲੋਕਾਂ ਨੂੰ ਖਾਣ-ਪੀਣ ਲਈ ਸਾਫ਼ ਸੁਥਰੀ ਤੇ ਮਿਆਰੀ ਸਮੱਗਰੀ ਦੀ ਉਪਲੱਬਤਾ ਯਕੀਨੀ ਬਣਾਉਣਾ ਹੈ।
ਜ਼ਿਲ੍ਹਾ ਸਿਹਤ ਅਧਿਕਾਰੀ ਨੇ ਅਪੀਲ ਕੀਤੀ ਕਿ ਵਪਾਰੀ ਤੇ ਦੁਕਾਨਦਾਰ ਇਸ ਮੁਹਿੰਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਲੋਕਾਂ ਨੂੰ ਮਿਆਰੀ ਖ਼ੁਰਾਕ ਪਦਾਰਥ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਪੂਰੀ ਹੋ ਸਕੇ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਟੀਮ ਵਿੱਚ ਸਿਹਤ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਸਮੇਤ ਫੂਡ ਸੇਫਟੀ ਅਫ਼ਸਰ ਰਾਖੀ ਵਿਨਾਇਕ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…