‘ਕਾਇਆਕਲਪ’ ਮੁਕਾਬਲੇ ਵਿੱਚ ਜ਼ਿਲ੍ਹਾ ਹਸਪਤਾਲ ਮੁਹਾਲੀ ਪੰਜਾਬ ਭਰ ’ਚ ਦੂਜੇ ਸਥਾਨ ’ਤੇ

ਡੇਰਾਬੱਸੀ ਤੇ ਖਰੜ ਦੇ ਸਰਕਾਰੀ ਹਸਪਤਾਲਾਂ ਨੇ ਵੀ ਮਾਰੀਆਂ ਮੱਲ੍ਹਾਂ

ਸਾਫ਼-ਸਫ਼ਾਈ ਤੇ ਹੋਰ ਵੱਖ-ਵੱਖ ਕਾਰਜਾਂ ਸਬੰਧੀ ਪਰਖੀਆਂ ਗਈਆਂ ਸਰਕਾਰੀ ਸਿਹਤ ਸੰਸਥਾਵਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੂਨ:
‘ਕਾਇਆਕਲਪ ਸਵੱਛ ਭਾਰਤ’ ਮੁਹਿੰਮ ਅਧੀਨ ਹੋਏ ਮੁਕਾਬਲੇ ਵਿੱਚ ਮੁਹਾਲੀ ਦਾ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਪੰਜਾਬ ਭਰ ’ਚੋਂ ਦੂਜੇ ਸਥਾਨ ’ਤੇ ਆਇਆ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਨੋਡਲ ਅਫ਼ਸਰ ਡਾ. ਵਿਕਰਾਂਤ ਨਾਗਰਾ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਜ਼ਿਲ੍ਹਾ ਹਸਪਤਾਲ ਨੇ ਇਹ ਮਾਣਮੱਤੀ ਪ੍ਰਾਪਤੀ ਕੀਤੀ ਹੈ। ਇਸ ਤੋਂ ਇਲਾਵਾ ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਪੰਜਾਬ ਭਰ ’ਚੋਂ 9ਵੇਂ ਅਤੇ ਸਬ-ਡਵੀਜ਼ਨਲ ਹਸਪਤਾਲ ਖਰੜ 12ਵੇਂ ਨੰਬਰ ’ਤੇ ਆਏ ਹਨ। ਜ਼ਿਲ੍ਹਾ ਹਸਪਤਾਲ ਮੁਹਾਲੀ ਨੂੰ ਮੁਕਾਬਲੇ ਵਿੱਚ 84.1, ਡੇਰਾਬੱਸੀ ਹਸਪਤਾਲ ਨੂੰ 75.5 ਅਤੇ ਖਰੜ ਹਸਪਤਾਲ ਨੂੰ 73.7 ਫੀਸਦੀ ਅੰਕ ਮਿਲੇ ਹਨ। ਕਮਿਊਨਿਟੀ ਹੈਲਥ ਸੈਂਟਰ ਵਰਗ ਵਿੱਚ ਬਨੂੜ ਨੇ 73.1, ਢਕੌਲੀ ਨੇ 73.1 ਫੀਸਦੀ, ਲਾਲੜੂ ਨੇ 73 ਫੀਸਦੀ ਅੰਕ ਹਾਸਲ ਕਰ ਕੇ ਪੰਜਾਬ ਭਰ ’ਚੋਂ ਕ੍ਰਮਵਾਰ 24ਵਾਂ, 25ਵਾਂ ਤੇ 26ਵਾਂ ਸਥਾਨ ਹਾਸਲ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਕਾਇਆਕਲਪ ਪ੍ਰੋਗਰਾਮ ਅਧੀਨ ਹਰੇਕ ਸਾਲ ਸਰਕਾਰੀ ਸਿਹਤ ਸੰਸਥਾਵਾਂ ਨੂੰ ਕਈ ਪੈਮਾਨਿਆਂ ’ਤੇ ਪਰਖਿਆ ਜਾਂਦਾ ਹੈ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਸਾਫ਼-ਸਫ਼ਾਈ, ਮਰੀਜ਼ਾਂ ਦੇ ਬੈਠਣ ਲਈ ਪ੍ਰਬੰਧ, ਸਜਾਵਟ, ਸਟਾਫ਼ ਦੀ ਡਰੈਸ, ਪੀਣ ਵਾਲਾ ਪਾਣੀ, ਪਾਰਕ, ਕੂੜਾ ਸੰਭਾਲ, ਮਰੀਜ਼ਾਂ ਲਈ ਡਾਕਟਰੀ ਸਹੂਲਤਾਂ, ਹਸਪਤਾਲ ਦਾ ਸਮੁੱਚਾ ਵਾਤਾਵਰਨ ਸ਼ਾਮਲ ਹੁੰਦੇ ਹਨ।
ਡਾ. ਆਦਰਸ਼ਪਾਲ ਕੌਰ ਨੇ ਇਸ ਪ੍ਰਾਪਤੀ ਲਈ ਸਿਹਤ ਅਧਿਕਾਰੀਆਂ ਅਤੇ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮਾਣਮੱਤੀ ਪ੍ਰਾਪਤੀ ਸਿਹਤ ਅਧਿਕਾਰੀਆਂ ਦੀ ਨਿਗਰਾਨੀ ਅਤੇ ਸੇਧ ਹੇਠ ਕੀਤੇ ਗਏ ਸਮੁੱਚੇ ਸਟਾਫ਼ ਖ਼ਾਸਕਰ ਕਾਇਆਕਲਪ ਪ੍ਰੋਗਰਾਮ ਦੇ ਨੋਡਲ ਅਫ਼ਸਰਾਂ ਦੇ ਯਤਨਾਂ ਦਾ ਨਤੀਜਾ ਹੈ। ਸਮੁੱਚੇ ਸਟਾਫ਼ ਖ਼ਾਸਕਰ ਅਧਿਕਾਰੀਆਂ ਨੇ ਅਪਣੀ ਆਮ ਡਿਊਟੀ ਦੇ ਨਾਲ-ਨਾਲ ਹਸਪਤਾਲਾਂ ਨੂੰ ਹਰ ਪੱਖੋਂ ਬਿਹਤਰ ਬਣਾਉਣ ਅਤੇ ਸਿਹਤਮੰਦ ਵਾਤਾਵਰਨ ਸਿਰਜਣ ਲਈ ਸਖ਼ਤ ਮਿਹਨਤ ਕੀਤੀ ਜਿਸ ਸਦਕਾ ਇਸ ਪ੍ਰਾਪਤੀ ਦਾ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਧਿਕਾਰੀ ਹੋਰ ਜ਼ਿਆਦਾ ਮਿਹਨਤ ਅਤੇ ਲਗਨ ਨਾਲ ਕੰਮ ਕਰਦਿਆਂ ਜ਼ਿਲ੍ਹੇ ਦੀਆਂ ਸਾਰੀਆਂ ਸੰਸਥਾਵਾਂ ਨੂੰ ਅੱਵਲ ਦਰਜੇ ‘ਤੇ ਲਿਆਉਣਗੇ ਤਾਂ ਕਿ ਲੋਕਾਂ ਨੂੰ ਇਨ੍ਹਾਂ ਸੰਸਥਾਵਾਂ ਵਿੱਚ ਹੋਰ ਚੰਗੀਆਂ ਅਤੇ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ। ਇਨ੍ਹਾਂ ਸੰਸਥਾਵਾਂ ਨੂੰ ਟਰਾਫ਼ੀ ਦੇ ਨਾਲ 50 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤਕ ਦੀ ਰਾਸ਼ੀ ਦਿੱਤੀ ਜਾਵੇਗੀ ਜੋ ਹਸਪਤਾਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਖ਼ਰਚੀ ਜਾਵੇਗੀ। ਇਸ ਤੋਂ ਇਲਾਵਾ ਸਮੁੱਚੀ ਕਾਇਆਕਲਪ ਟੀਮ ਨੂੰ ਨਿੱਜੀ ਤੌਰ ’ਤੇ ਮਾਣ-ਭੱਤਾ ਵੀ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…