
ਜ਼ਿਲ੍ਹਾ ਪੁਲੀਸ ਵੱਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਸ਼ਾਮਲ 2 ਮੁਲਜ਼ਮ ਜੀਜਾ ਸਾਲਾ ਗ੍ਰਿਫ਼ਤਾਰ
ਨਾਕਾਬੰਦੀ ਦੌਰਾਨ ਦਾਰਾ ਸਟੂਡੀਓ ਨੇੜਿਓਂ ਪਾਈ ਮੁਲਜ਼ਮਾਂ ਦੀ ਗ੍ਰਿਫ਼ਤਾਰੀ, ਮੁਲਜ਼ਮਾਂ ਖ਼ਿਲਾਫ਼ ਕਤਲ ਤੇ ਲੁੱਟਖੋਹ, ਚੋਰੀਆਂ ਦੇ ਕਈ ਕੇਸ ਦਰਜ
ਮੁਲਜ਼ਮਾਂ ਕੋਲੋਂ .32 ਬੋਰ ਦਾ ਰਿਵਾਲਵਰ ਤੇ ਜ਼ਿੰਦਾ ਕਾਰਤੂਸ, ਨਗਦੀ ਬਰਾਮਦ
ਪੁਲੀਸ ਵੱਲੋਂ ਸ਼ਰਾਬ ਦਾ ਠੇਕਾ ਲੁੱਟਣ ਤੇ ਅਸਲਾ ਖੋਹਣ ਦੀਆਂ ਵਾਰਦਾਤਾਂ ਸੁਲਝਾਉਣ ਦਾ ਦਾਅਵਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ:
ਮੁਹਾਲੀ ਪੁਲੀਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਸ਼ਾਮਲ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਅਸਲਾ, ਕਾਰਤੂਸ ਅਤੇ ਨਗਦੀ ਬਰਾਮਦ ਕਰਨ ਵਿੱਚ ਸਫਲਤਾ ਕੀਤੀ ਹੈ। ਮੁਲਜ਼ਮ ਮੁਕੇਸ਼ ਕੁਮਾਰ ਵਾਸੀ ਸੈਕਟਰ-56, ਚੰਡੀਗੜ੍ਹ ਅਤੇ ਰਾਕੇਸ਼ ਕੁਮਾਰ ਵਾਸੀ ਸਾਹੀ ਮਾਜਰਾ ਦੇ ਖ਼ਿਲਾਫ਼ ਥਾਣਾ ਫੇਜ਼-1 ਵਿੱਚ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਿਸ਼ਤੇ ਵਿੱਚ ਦੋਵੇਂ ਮੁਲਜ਼ਮ ਆਪਸ ਵਿੱਚ ਜੀਜਾ ਸਾਲਾ ਹਨ। ਇਸ ਗੱਲ ਦਾ ਖੁਲਾਸਾ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਅੱਜ ਬਾਅਦ ਦੁਪਹਿਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਐਸਪੀ (ਡੀ) ਵਰੁਣ ਸ਼ਰਮਾ ਅਤੇ ਡੀਐਸਪੀ (ਡੀ) ਗੁਰਦੇਵ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲੀਸ ਪਾਰਟੀਆਂ ਵੱਲੋਂ ਭੈੜੇ ਅਨਸਰਾਂ ਦੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਗਈ ਸੀ।
ਐਸਐਸਪੀ ਭੁੱਲਰ ਨੇ ਦੱਸਿਆ ਕਿ ਏਐਸਆਈ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਇੱਥੋਂ ਦੇ ਫੇਜ਼-6 ਸਥਿਤ ਦਾਰਾ ਸਟੂਡੀਓ ਨੇੜਿਓਂ ਨਾਕਾਬੰਦੀ ਦੌਰਾਨ ਚੰਡੀਗੜ੍ਹ ਨੰਬਰੀ ਮੋਟਰ ਸਾਈਕਲ ’ਤੇ ਦੋ ਵਿਅਕਤੀਆਂ ਨੂੰ ਮੁਕੇਸ਼ ਕੁਮਾਰ ਅਤੇ ਪਿੱਛੇ ਬੈਠੇ ਰਾਕੇਸ਼ ਕੁਮਾਰ ਦੀ ਤਲਾਸ਼ੀ ਲਈ ਤਾਂ ਰਾਕੇਸ਼ ਕੋਲੋਂ .32 ਬੋਰ ਦਾ ਇੱਕ ਰਿਵਾਲਵਰ ਅਤੇ 4 ਜਿੰਦਾ ਰੋਂਦ ਬਰਾਮਦ ਕੀਤੇ ਗਏ। ਮੋਟਰ ਸਾਈਕਲ ਦੀ ਡਿੱਗੀ ’ਚੋਂ 10 ਹਜ਼ਾਰ ਬਰਾਮਦ ਹੋਏ। ਪੁੱਛਗਿੱਛ ਕਰਨ ’ਤੇ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੀ 23 ਫਰਵਰੀ ਨੂੰ ਰਿਵਾਲਵਰ ਅਤੇ 9 ਰੋਂਦ ਰਾਤ ਸਮੇਂ ਨਦੀ ਵਾਲਾ ਪੁਲ ਫੇਜ਼-1 ਨੇੜਿਓਂ ਜਸਵੀਰ ਸਿੰਘ ਵਾਸੀ ਬਰਸਾਲਪੁਰ (ਚਮਕੌਰ ਸਾਹਿਬ) ਤੋਂ ਖੋਹੇ ਸੀ। ਇਸ ਸਬੰਧੀ ਥਾਣਾ ਫੇਜ਼-1 ਵਿੱਚ ਕੇਸ ਦਰਜ ਹੈ। ਮੁਲਜ਼ਮਾਂ ਨੇ ਇਸ ਅਸਲੇ ਨਾਲ 3 ਮਾਰਚ ਨੂੰ ਫਾਇਰਿੰਗ ਕਰਕੇ ਸਾਹੀਮਾਜਰਾ ਨੇੜੇ ਸ਼ਰਾਬ ਠੇਕੇ ’ਤੇ ਲੁੱਟ ਖੋਹ ਕੀਤੀ ਕੀਤੀ ਸੀ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਚੋਰੀ ਦੇ ਮੋਟਰ ਸਾਈਕਲ ਤੇ ਉਕਤ ਅਸਲੇ ਨਾਲ ਸ਼ਰਾਬ ਦਾ ਠੇਕਾ ਲੁੱਟਣ ਲਈ ਵਰਤਿਆ ਗਿਆ ਸੀ। ਮੁਲਜ਼ਮ ਰਾਕੇਸ਼ ਕੁਮਾਰ ਦੇ ਖ਼ਿਲਾਫ਼ ਸਾਲ 2007 ਵਿੱਚ ਥਾਣਾ ਸੈਕਟਰ-39, ਚੰਡੀਗੜ੍ਹ ਵਿੱਚ ਕਤਲ ਦਾ ਕੇਸ ਦਰਜ ਹੈ। ਇਸ ਕੇਸ ਵਿੱਚ ਮੁਲਜ਼ਮ ਸਜ਼ਾ ਜ਼ਾਬਤਾ ਹੈ ਅਤੇ ਇਸ ਸਮੇਂ ਉਹ ਹਾਈ ਕੋਰਟ ’ਚੋਂ ਜ਼ਮਾਨਤ ’ਤੇ ਚੱਲ ਰਿਹਾ ਹੈ। ਮੁਲਜ਼ਮ ਦੀ ਸਜਾ ਦੀ ਅਪੀਲ ਪੈਂਡਿੰਗ ਹੈ। ਇਸ ਤੋ ਇਲਾਵਾ ਉਸ ਦੇ ਖ਼ਿਲਾਫ਼ ਥਾਣਾ ਫੇਜ਼-1 ਵਿੱਚ ਐਨਡੀਪੀਐਸ ਐਕਟ ਦਾ ਕੇਸ ਵੀ ਦਰਜ ਹੈ। ਮੁਕੇਸ਼ ਕੁਮਾਰ ਦੇ ਖ਼ਿਲਾਫ਼ ਵੀ ਚੋਰੀ ਅਤੇ ਪਾੜ ਲਗਾ ਕੇ ਚੋਰੀਆਂ ਕਰਨ ਦੇ ਚੰਡੀਗੜ੍ਹ ਵਿੱਚ ਵੱਖ-ਵੱਖ ਥਾਣਿਆਂ ਵਿੱਚ ਛੇ ਕੇਸ ਦਰਜ ਹਨ। ਮੁਲਜ਼ਮ ਨੂੰ ਚੋਰੀ ਦੇ ਦੋ ਮਾਮਲਿਆਂ ਵਿੱਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਪੁਲੀਸ ਨੂੰ ਮੁਲਜ਼ਮਾਂ ਕੋਲੋਂ ਚੋਰੀਆਂ ਅਤੇ ਲੁੱਟਾਂ ਖੋਹਾਂ ਦੇ ਹੋਰ ਮਾਮਲੇ ਵੀ ਹੱਲ ਹੋਣ ਦੀ ਸੰਭਾਵਨਾ ਹੈ।