nabaz-e-punjab.com

ਜ਼ਿਲ੍ਹਾ ਲੀਡ ਬੈਂਕ ਵੱਲੋਂ ਸਾਈਬਰ ਕਰਾਈਮ ਤੇ ਧੋਖਾਧੜੀ ਬਾਰੇ ਐਡਵਾਈਜ਼ਰੀ ਜਾਰੀ

ਨਬਜ਼-ਏ-ਪੰਜਾਬ, ਮੁਹਾਲੀ, 12 ਜਨਵਰੀ:
ਸਾਈਬਰ ਕਰਾਈਮ ਅਤੇ ਧੋਖਾਧੜੀ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਲੀਡ ਬੈਂਕ, ਪੰਜਾਬ ਨੈਸ਼ਨਲ ਬੈਂਕ ਨੇ ਆਮ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਜ਼ਿਲ੍ਹਾ ਲੀਡ ਬੈਂਕ ਦੇ ਮੈਨੇਜਰ ਐਮਕੇ ਭਾਰਦਵਾਜ ਨੇ ਦੱਸਿਆ ਕਿ ਅਜੋਕੇ ਤਕਨੀਕੀ ਯੁੱਗ ਵਿੱਚ ਸਾਈਬਰ ਅਪਰਾਧ ਦਾ ਖ਼ਤਰਾ ਵੱਧ ਗਿਆ ਹੈ। ਰੋਜ਼ਾਨਾ ਸਾਈਬਰ ਅਪਰਾਧੀਆਂ ਵੱਲੋਂ ਵਰਤੇ ਜਾਂਦੇ ਵੱਖ-ਵੱਖ ਢੰਗਾਂ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ, ’’ਹੁਣ ਜਾਗਰੂਕ ਹੋਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ’ਤੇ ਹੈ ਕਿ ਸੁਚੇਤ ਰਹਿ ਕੇ ਸਾਈਬਰ ਅਪਰਾਧੀ ਦਾ ਸ਼ਿਕਾਰ ਹੋਣ ਤੋਂ ਬਚਿਆ ਜਾਵੇ ਕਿਉਂਕਿ ਅਜਿਹੇ ਅਪਰਾਧੀ ਸਾਡੇ ਆਲੇ ਦੁਆਲੇ ਘੁੰਮ ਰਹੇ ਹੁੰਦੇ ਹਨ।’’
ਐਮਕੇ ਭਾਰਦਵਾਜ ਨੇ ਚਿਤਾਵਨੀ ਦਿੱਤੀ ਜੇਕਰ ਸਾਨੂੰ ਕੋਈ ਫ਼ੋਨ ਕਾਲ ਆਉਂਦਾ ਹੈ ਕਿ ਟਰਾਈ/ਟੈਲੀਕਾਮ ਵਿਭਾਗ ਤੁਹਾਡੇ ਫ਼ੋਨ ਨੂੰ ਡਿਸਕਨੈਕਟ ਕਰਨ ਜਾ ਰਿਹਾ ਹੈ ਤਾਂ ਜਵਾਬ ਨਾ ਦਿਓ। ਇਹ ਯਕੀਨੀ ਤੌਰ ’ਤੇ ਇੱਕ ਘੁਟਾਲਾ ਹੈ। ਜੇਕਰ ਕਿਸੇ ਪੈਕੇਜ ਬਾਰੇ ਫੇਡੈਕਸ ਕੋਰੀਅਰ ਸੇਵਾ ਦੇ ਨਾਮ ਜਾਂ ਕਿਸੇ ਹੋਰ ਕੋਰੀਅਰ ਏਜੰਸੀ ਦੇ ਨਾਮ ’ਤੇ ਫ਼ੋਨ ਆਵੇ ਅਤੇ 1 ਜਾਂ ਕੋਈ ਹੋਰ ਨੰਬਰ ਦਬਾਉਣ ਲਈ ਕਿਹਾ ਗਿਆ ਹੈ, ਤਾਂ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੀ ਜਾਵੇ।
ਜੇਕਰ ਕੋਈ ਪੁਲੀਸ ਅਧਿਕਾਰੀ ਦੀ ਆੜ ਵਿੱਚ ਫੋਨ ਕਰਦਾ ਹੈ ਅਤੇ ਆਧਾਰ ਨੰਬਰ ਦੀ ਵਰਤੋਂ ਗੈਰ-ਕਾਨੂੰਨੀ ਲੈਣ-ਦੇਣ ਵਿੱਚ ਕੀਤੀ ਗਈ ਹੈ ਤਾਂ ਜਵਾਬ ਨਾ ਦਿਓ। ਇਹ ਵੀ ਇੱਕ ਘੁਟਾਲਾ ਹੈ। ਜੇਕਰ ਫੋਨ ਕਰਨ ਵਾਲਾ ਕਹਿੰਦਾ ਹੈ ਕਿ ਤੁਸੀਂ ‘ਡਿਜੀਟਲ ਗ੍ਰਿਫ਼ਤਾਰੀ’ ਅਧੀਨ ਹੋ, ਤਾਂ ਜਵਾਬ ਨਾ ਦਿਓ, ਆਪਣਾ ਦਿਮਾਗ ਲਗਾਓ ਅਤੇ ਆਪਣੇ ਨਜ਼ਦੀਕੀ ਜਾਂ ਸਨੇਹੀਆਂ ਨੂੰ ਤੁਰੰਤ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਕਿਉਂਕਿ ਡਿਜੀਟਲ ਗ੍ਰਿਫ਼ਤਾਰੀ ਜਿਹੀ ਕੋਈ ਗੱਲ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਤੁਰੰਤ ਸਾਈਬਰ ਕਰਾਈਮ ਵਿੰਗ ਨੂੰ 1930 ’ਤੇ ਸੂਚਿਤ ਕੀਤਾ ਜਾਵੇ।
ਭਾਰਦਵਾਜ ਨੇ ਕਿਹਾ, ਭਾਵੇਂ ਉੱਚ ਪੁਲੀਸ ਅਧਿਕਾਰੀਆਂ, ਸੀਬੀਆਈ, ਈਡੀ, ਆਈਟੀ ਵਿਭਾਗ ਤੋਂ ਨੋਟਿਸ ਮਿਲਦਾ ਹੈ ਪਰ ਅੱਗੇ ਵਧਣ ਤੋਂ ਪਹਿਲਾਂ ਨੋਟਿਸ ਦੀ ਪ੍ਰਮਾਣਿਕਤਾ ਬਾਰੇ ਆਫ਼ਲਾਈਨ ਤਸਦੀਕ ਕਰਨ ਦਾ ਯਤਨ ਕੀਤਾ ਜਾਵੇ। ਉਨ੍ਹਾਂ ਨੇ ਅਜਿਹੇ ਸਾਈਬਰ ਅਪਰਾਧੀਆਂ ਬਾਰੇ ਵੀ ਸਾਵਧਾਨ ਕੀਤਾ, ਜਿਨ੍ਹਾਂ ਨੇ ਲੋਕਾਂ ਨੂੰ ਡਰਾਉਣ ਲਈ ਏਆਈ ਤਕਨੀਕਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹ ਤੁਹਾਡੇ ਨਜ਼ਦੀਕੀ ਅਤੇ ਪਰਿਵਾਰਕ ਲੋਕਾਂ ਦੀ ਵੀਡੀਓ ਦਿਖਾਉਂਦੇ ਹਨ ਅਤੇ ਏਆਈ ਦੀ ਮਦਦ ਨਾਲ ਉਸੇ ਵਿਅਕਤੀ ਦੀ ਆਵਾਜ਼ ਵੀ ਵਰਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਘਬਰਾਉਣ ਦੀ ਥਾਂ ਹੋਰ ਸਰੋਤਾਂ ਤੋਂ ਇਸ ਦੀ ਪੁਸ਼ਟੀ ਕਰਵਾਈ ਜਾਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…